ਯੈੱਸ ਪੰਜਾਬ
ਚੰਡੀਗੜ੍ਹ, 29 ਜਨਵਰੀ, 2025
Punjab Vigilance Bureau ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸੇਵਾਮੁਕਤ ਹੌਲਦਾਰ Balwinder Singh, ਜੋ Ludhiana ਜ਼ਿਲ੍ਹੇ ਦੇ ਥਾਣਾ ਮਾਛੀਵਾੜਾ ਵਿਖੇ ਤਾਇਨਾਤ ਸਟੇਸ਼ਨ ਹਾਊਸ ਅਫ਼ਸਰ (SHO) ਦਾ ਸਾਥੀ ਹੈ, ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮ, ਪੁਲਿਸ ਵਿਭਾਗ ਦੇ ਕਿਸੇ ਅਧਿਕਾਰਤ ਹੁਕਮ ਜਾਂ ਪ੍ਰਵਾਨਗੀ ਤੋਂ ਬਿਨਾਂ ਹੀ ਥਾਣੇ ਵਿੱਚ ਡਿਊਟੀ ਨਿਭਾਅ ਰਿਹਾ ਸੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ Vigilance Bureau ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਖੰਨਾ ਪੁਲਿਸ ਜ਼ਿਲ੍ਹੇ ਦੇ ਮਾਛੀਵਾੜਾ ਸਬ-ਡਵੀਜ਼ਨ ਦੇ ਪਿੰਡ ਮੋਹਨ ਮਾਜਰਾ ਦੇ ਵਸਨੀਕ ਸੁਖਵੀਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਲੁਧਿਆਣਾ ਸਥਿਤ ਵਿਜੀਲੈਂਸ ਬਿਊਰੋ ਰੇਂਜ ਦੇ ਦਫ਼ਤਰ ਪਹੁੰਚ ਕਰਕੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਕਾਰ ਮਾਛੀਵਾੜਾ ਪੁਲਿਸ ਨੇ ਜ਼ਬਤ ਕਰ ਲਈ ਹੈ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਬਲਵਿੰਦਰ ਸਿੰਘ ਨੇ ਉਸਨੂੰ ਦੱਸਿਆ ਕਿ ਉਸਦੀ ਕਾਰ ਮੁੱਖ ਮੁਨਸ਼ੀ ਕਰਨ ਦੇ ਕਬਜ਼ੇ ਵਿੱਚ ਹੈ ਅਤੇ ਉਸਨੇ ਕਾਰ ਵਾਪਸ ਦਿਵਾਉਣ ਲਈ ਉਸ ਤੋਂ 25,000 ਰੁਪਏ ਰਿਸ਼ਵਤ ਮੰਗੀ ਹੈ। ਹਾਲਾਂਕਿ, ਗੱਲਬਾਤ ਤੋਂ ਬਾਅਦ ਉਨ੍ਹਾਂ ਦਾ ਸੌਦਾ 15,000 ਰੁਪਏ ਵਿੱਚ ਤੈਅ ਹੋ ਗਿਆ।
28 ਜਨਵਰੀ, 2025 ਨੂੰ ਸ਼ਿਕਾਇਤਕਰਤਾ ਨੇ ਬਲਵਿੰਦਰ ਸਿੰਘ ਨਾਲ ਫ਼ੋਨ ‘ਤੇ ਗੱਲ ਕਰਕੇ ਰਿਸ਼ਵਤ ਦੀ ਰਕਮ ਘਟਾਉਣ ਲਈ ਉਸਨੂੰ ਬੇਨਤੀ ਕੀਤੀ, ਜਿਸ ਤੋਂ ਬਾਅਦ ਮੁਲਜ਼ਮ ਬਲਵਿੰਦਰ ਸਿੰਘ 10,000 ਰੁਪਏ ਰਿਸ਼ਵਤ ‘ਤੇ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੇ ਫੋਨ ‘ਤੇ ਹੋਈ ਸਾਰੀ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ ਅਤੇ ਇਸਨੂੰ ਲੁਧਿਆਣਾ ਸਥਿਤ ਵਿਜੀਲੈਂਸ ਬਿਊਰੋ ਰੇਂਜ ਦੇ ਦਫ਼ਤਰ ਨੂੰ ਜਮ੍ਹਾਂ ਕਰਵਾ ਦਿੱਤਾ।
ਬੁਲਾਰੇ ਨੇ ਅੱਗੇ ਕਿਹਾ ਕਿ ਮੁੱਢਲੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਨੂੰ ਮਾਛੀਵਾੜਾ ਥਾਣੇ ਦੇ ਬਾਹਰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਮੌਕੇ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਸ਼ਿਕਾਇਤਕਰਤਾ ਦੀ ਕਾਰ ਵੀ ਥਾਣੇ ਵਿੱਚ ਖੜ੍ਹੀ ਮਿਲੀ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਕਤ ਮੁਲਜ਼ਮ ਬਲਵਿੰਦਰ ਸਿੰਘ ਪਹਿਲਾਂ ਹੀ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਤੋਂ ਸੇਵਾਮੁਕਤ ਹੋ ਚੁੱਕਾ ਹੈ ਪਰ ਮਾਛੀਵਾੜਾ ਦੇ ਐਸ.ਐਚ.ਓ. ਨੇ ਬਿਨਾਂ ਕਿਸੇ ਵਿਭਾਗੀ ਹੁਕਮ ਦੇ ਉਸਨੂੰ ਥਾਣੇ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਤਾਇਨਾਤ ਕੀਤਾ ਹੋਇਆ ਸੀ। ਇਸ ਤਰ੍ਹਾਂ ਉਕਤ ਮੁਲਜ਼ਮ ਬਿਨਾਂ ਕਿਸੇ ਸਰਕਾਰੀ ਹੁਕਮ ਜਾਂ ਪ੍ਰਵਾਨਗੀ ਦੇ ਪੁਲਿਸ ਥਾਣੇ ਵਿੱਚ ਕੰਮ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਸ ਕੇਸ ਵਿੱਚ ਸਬੰਧਤ ਐਸ.ਐਚ.ਓ. ਅਤੇ ਮੁੱਖ ਮੁਨਸ਼ੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 318 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।