ਦਿੱਲੀ ਅੰਦਰ ਹਨ ਸੜਕਾਂ ਦੇ ਸ਼ੋਅ ਮੁੱਕੇ,
ਰੁਕ ਗਿਆ ਚੋਣਾਂ ਦਾ ਪੂਰਾ ਪ੍ਰਚਾਰ ਬੇਲੀ।
ਚੋਣ ਕਾਨੂੰਨ ਨੇ ਭਾਰਤ ਦੇ ਸਖਤ ਬਾਹਲੇ,
ਸੁਣਿਆ ਮੁਸ਼ਕਲ ਹੈ ਝੱਲਣਾ ਵਾਰ ਬੇਲੀ।
ਫਿਰ ਵੀ ਦਾਬਾ ਕਾਨੂੰਨਾਂ ਦਾ ਮੰਨਦੇ ਨਹੀਂ,
ਜਿਨ੍ਹਾਂ ਦੇ ਪਾਸੇ ਦੀ ਹੁੰਦੀ ਸਰਕਾਰ ਬੇਲੀ।
ਹੋਰਾਂ ਸਾਰਿਆਂ ਨੂੰ ਧੱਕ ਕੇ ਬਾਹਰ ਕਰਦੇ,
ਕਰਦੇ ਗਿੱਦੜ ਦੇ ਵਾਂਗ ਫਿਰ ਮਾਰ ਬੇਲੀ।
ਅਸਲੀ ਖੇਡ ਵੀ ਇਹਨੀਂ ਹੈ ਦਿਨੀਂ ਹੁੰਦੀ,
ਲਾਇਆ ਜਾਵੇ ਸਭ ਸਿਰੇ ਦਾ ਜ਼ੋਰ ਬੇਲੀ।
ਫਿਰ ਵੀ ਤੋੜਦਾ ਚੁੱਪ ਨਹੀਂ ਕਦੀ ਵੋਟਰ,
ਜੀਹਦੇ ਹੱਥ ਆ ਕਿਸਮਤ ਦੀ ਡੋਰ ਬੇਲੀ।
-ਤੀਸ ਮਾਰ ਖਾਂ
4 ਫਰਵਰੀ, 2025