ਵਧਦੀ ਜਾਂਦੀ ਕੁਰੱਪਸ਼ਨ ਹੈ ਤੇਜ਼ ਬਾਹਲੀ,
ਨਹੀਂ ਹੈ ਲੱਗੀ, ਨਾ ਲੱਗ ਰਹੀ ਰੋਕ ਬੇਲੀ।
ਜਾਣਾ ਪੈਂਦਾ ਈ ਜਿਨ੍ਹਾਂ ਨੂੰ ਦਫਤਰਾਂ ਵਿੱਚ,
ਜਿੱਦਾਂ ਭੁਗਤਦੇ, ਜਾਨਣ ਪਏ ਲੋਕ ਬੇਲੀ।
ਫਾਈਲ ਨੱਪ ਕੇ ਅਫਸਰ ਨੇ ਬੈਠ ਰਹਿੰਦੇ,
ਸੌਦਾ ਮਾਰਨ ਲਈ ਬਾਹਰ ਆ ਬੋਕ ਬੇਲੀ।
ਖਾਤਾ-ਖੂੰਜਾ ਵੀ ਰਿਹਾ ਨਹੀਂ ਕੋਈ ਬਾਕੀ,
ਹਰ ਇੱਕ ਬੰਦੇ ਨੂੰ ਚੂੰਡ ਰਹੀ ਜੋਕ ਬੇਲੀ।
ਜੀਹਦੀ ਆਵੇ ਸਰਕਾਰ, ਉਹ ਆਖ ਦੇਵੇ,
ਭ੍ਰਿਸ਼ਟਾਚਾਰ ਕਰਨਾ ਏ ਪੂਰਾ ਨਾਸ ਬੇਲੀ।
ਹੁੰਦਾ ਨਾਅਰੇ ਦੇ ਉੱਪਰ ਨਾ ਅਮਲ ਕੋਈ,
ਜਾਂਦੀ ਟੁੱਟ ਫਿਰ ਰਹਿੰਦੀ ਵੀ ਆਸ ਬੇਲੀ।
-ਤੀਸ ਮਾਰ ਖਾਂ
5 ਫਰਵਰੀ, 2025