ਆਈ ਹੈ ਖਬਰ, ਟਰੰਪ ਫਿਰ ਫੋਨ ਕੀਤਾ,
ਪੂਤਿਨ ਵੱਲ ਗਈ ਤਾਰ ਖੜਕਾਈ ਬੇਲੀ।
ਯੂਕਰੇਨ ਨਾਲ ਆ ਚੱਲਦੀ ਜੰਗ ਉਸ ਦੀ,
ਸੁਣਿਆ ਉਹਦੀ ਆ ਗੱਲ ਚਲਾਈ ਬੇਲੀ।
ਉਹਨੂੰ ਕਿਹਾ ਬੱਸ ਮਾਮਲਾ ਹੱਲ ਕਰੀਏ,
ਦੇਣੀ ਲਮਕਣ ਨਹੀਂ ਹੋਰ ਲੜਾਈ ਬੇਲੀ।
ਜਿਹੜੀ ਕਦੀ ਨਾ ਕਦੀ ਇਹ ਮੁੱਕਣੀ ਆ,
ਵਕਤ ਸਿਰ ਇਹ ਜਾਵੇ ਨਿਪਟਾਈ ਬੇਲੀ।
ਪੂਤਿਨ ਇਹਦਾ ਵੀ ਅੱਗੋਂ ਉਸਤਾਦ ਬੰਦਾ,
ਕੱਟਣ ਵਾਲਾ ਨਹੀਂ ਸਿੱਧੀ ਤਾਂ ਗੱਲ ਬੇਲੀ।
ਏਨਾ ਕੱਚਾ ਖਿਡਾਰੀ ਵੀ ਉਹ ਕੋਈ ਨਹੀਂ,
ਦੇਂਦਾ ਟਰੰਪ ਨੂੰ ਭਾਲਣ ਨਹੀਂ ਭੱਲ ਬੇਲੀ।
-ਤੀਸ ਮਾਰ ਖਾਂ
14 ਫ਼ਰਵਰੀ, 2025