ਯੈੱਸ ਪੰਜਾਬ
ਅੰਮ੍ਰਿਤਸਰ, 28 ਜਨਵਰੀ, 2025
ਮੁੱਖ ਮੰਤਰੀ Bhagwant Singh Mann ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ Punjab ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, Punjab Police ਦੇ SSOC Amritsar ਨੇ America ਅਧਾਰਤ Harpreet Singh ਉਰਫ਼ ਹੈਪੀ ਪਾਸੀਅਨ ਅਤੇ America ਅਧਾਰਤ ਬਦਨਾਮ ਨਸ਼ਾ ਤਸਕਰ ਸਰਵਣ ਭੋਲਾ ਵੱਲੋਂ ਚਲਾਏ ਜਾ ਰਹੇ ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦੇ ਦੋ ਮੈਂਬਰਾਂ, ਜੋ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ‘ਤੇ ਹੈਂਡ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ, ਨੂੰ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (DGP) Gaurav Yadav ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਗਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਸਿਰਸਾ, ਹਰਿਆਣਾ ਅਤੇ ਪੁਸ਼ਕਰਨ ਸਿੰਘ ਉਰਫ਼ ਸਾਗਰ ਵਾਸੀ ਅਮਰਕੋਟ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ, ਇਸ ਸਾਲ 9 ਜਨਵਰੀ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਗੁਮਟਾਲਾ ਪੁਲਿਸ ਚੌਕੀ ‘ਤੇ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਸੁੱਟਿਆ ਸੀ। ਇਸ ਘਟਨਾ ਉਪਰੰਤ ਅੱਤਵਾਦੀ ਸੰਗਠਨ ਬੀਕੇਆਈ ਨੇ ਇਸ ਵਾਰਦਾਤ ਦੀ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜ਼ਿੰਮੇਵਾਰੀ ਲਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬੱਗਾ ਸਿੰਘ, ਸਰਵਣ ਭੋਲਾ ਦਾ ਰਿਸ਼ਤੇਦਾਰ ਹੈ, ਜੋ ਕਿ ਨਾਮੀ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ ਅਤੇ ਇਸ ਸਮੇਂ 532 ਕਿਲੋ ਹੈਰੋਇਨ ਦੀ ਰਿਕਵਰੀ ਕੇਸ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸਰਵਣ ਸਿੰਘ ਵੀ 532 ਕਿਲੋ ਹੈਰੋਇਨ ਰਿਕਵਰੀ ਕੇਸ ਵਿੱਚ ਲੋੜੀਂਦਾ ਹੈ ਅਤੇ ਉਸ ‘ਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਦੋਸ਼ੀ ਸਰਵਣ ਭੋਲਾ, ਜੋ ਕਿ ਅਮਰੀਕਾ ਤੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ, ਨੇ ਸਰਹੱਦੀ ਸੂਬੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਰਿਸ਼ਤੇਦਾਰ ਬੱਗਾ ਸਿੰਘ ਅਤੇ ਉਸਦੇ ਸਾਥੀ ਪੁਸ਼ਕਰਨ ਦੀ ਹੈਪੀ ਪਾਸੀਅਨ ਅਤੇ ਹਰਵਿੰਦਰ ਰਿੰਦਾ ਨਾਲ ਜਾਣ-ਪਛਾਣ ਕਰਵਾਈ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਸਮੁੱਚੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਗੁਮਟਾਲਾ ਪੁਲਿਸ ਚੌਕੀ ‘ਤੇ ਹਮਲੇ ਤੋਂ ਬਾਅਦ, ਪੁਲਿਸ ਟੀਮਾਂ ਨੇ ਇੱਕ ਖੁਫੀਆ ਆਪਰੇਸ਼ਨ ਚਲਾਇਆ ਅਤੇ ਹਰਿਆਣਾ ਦੇ ਸਿਰਸਾ ਤੋਂ ਬੱਗਾ ਸਿੰਘ ਅਤੇ ਅੰਮ੍ਰਿਤਸਰ ਖੇਤਰ ਤੋਂ ਪੁਸ਼ਕਰਨ ਸਿੰਘ ਨੂੰ ਵਿਸਫੋਟਕਾਂ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਵਿਅਕਤੀਆਂ ਦੁਆਰਾ ਕੀਤੇ ਗਏ ਪਿਛਲੇ ਅਪਰਾਧਾਂ ਦਾ ਪਤਾ ਲਗਾਉਣ ਅਤੇ ਇਸ ਮਾਡਿਊਲ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਯਤਨ ਜਾਰੀ ਹਨ।