ਯੈੱਸ ਪੰਜਾਬ
ਬਠਿੰਡਾ, 29 ਜਨਵਰੀ, 2025
ਮੁੱਖ ਮੰਤਰੀ Punjab ਸ. Bhagwant Singh Mann ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਮੈਡਮ Amneet Kondal ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆ ’ਤੇ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਮੈਡਮ Amneet Kondal ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਅਤੇ ਵੱਖ-ਵੱਖ ਕਸਬਿਆਂ ਦੇ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਤਸਕਰੀ ਕਰਕੇ ਇਕੱਠੀ ਕੀਤੀ ਕੁੱਲ ਕਰੀਬ 8 ਕਰੋੜ ਰੁਪਏ ਦੀ ਜਾਇਦਾਦ ਨੂੰ ਫਰੀਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਤੇ ਨਾਲ ਹੀ ਨਸ਼ੇ ਵੇਚਣ ਵਾਲੇ ਸੌਦਾਗਰਾਂ ਖਿਲਾਫ ਸਖਤ ਨਾਲ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਜਿਨ੍ਹਾਂ ਨਸ਼ਾ ਤਸਕਰਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕਮਰਸ਼ੀਅਲ ਮਾਤਰਾ ਦੇ ਮੁੱਕਦਮੇ ਦਰਜ ਹਨ, ਉਨ੍ਹਾਂ ਵੱਲੋਂ ਨਸ਼ਾ ਤਸਕਰੀ ਰਾਹੀ ਬਣਾਈ ਗਈ ਅਣ-ਅਧਿਕਾਰਿਤ ਚੱਲ/ਅਚੱਲ ਜਾਇਦਾਦ ਅਤੇ ਡਰੱਗ ਮਨੀ ਨੂੰ ਫਰੀਜ ਕਰਾਉਣ ਲਈ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜੇ ਜਾ ਰਹੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਬਠਿੰਡਾ ਪੁਲਿਸ ਵੱਲੋਂ ਕੁੱਲ 63 ਕੇਸ ਐੱਨ.ਡੀ.ਪੀ.ਐੱਸ ਐਕਟ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜੇ ਗਏ ਸਨ, ਜਿਨ੍ਹਾਂ ’ਚੋਂ 59 ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਕੰਨਫਰਮ ਹੋ ਚੁੱਕੇ ਹਨ, ਜਿਨ੍ਹਾਂ ’ਚੋਂ ਪ੍ਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਮੰਡੀ ਕਲਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਥਾਣਾ ਬਾਲਿਆਂਵਾਲੀ ਵਿਖੇ ਦਰਜ ਹੈ, ਜਿਸ ਪਾਸੋਂ 3200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ, ਇਸ ਖਿਲਾਫ ਦਰਜ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਗਿਆ ਸੀ, ਜਿਸ ਦੇ ਆਰਡਰ ਮੌਸੂਲ ਹੋਣ ’ਤੇ ਇਸ ਦੀ 7 ਕਨਾਲਾਂ 19 ਮਰਲੇ ਜ਼ਮੀਨ ਨੂੰ ਫਰੀਜ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਜੇਕਰ ਤੁਹਾਡੇ ਨਜਦੀਕ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਆਦੀ ਹੈ ਤਾਂ ਉਸ ਦੀ ਜਾਣਕਾਰੀ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 75080-09080 ’ਤੇ ਵੱਟਸਐਪ ਜਾਂ ਫੋਨ ਰਾਹੀਂ ਦੇ ਸਕਦੇ ਹੋ। ਉਨ੍ਹਾਂ ਇਹ ਵੀ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।