Thursday, March 13, 2025
spot_img
spot_img
spot_img
spot_img

President Murmu ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਦਸਵੇਂ ਡਿਗਰੀ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ

ਯੈੱਸ ਪੰਜਾਬ
ਬਠਿੰਡਾ, 11 ਮਾਰਚ, 2025

India ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ Droupadi Murmu, ਪੰਜਾਬ ਕੇਂਦਰੀ ਯੂਨੀਵਰਸਿਟੀ (CU Punjab), Bathinda ਦੇ ਦਸਵੇਂ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੌਰਾਨ, ਯੂਨੀਵਰਸਿਟੀ ਨੇ 1,091 ਪੀਜੀ ਅਤੇ ਪੀਐਚ.ਡੀ. ਡਿਗਰੀਆਂ ਪ੍ਰਦਾਨ ਕੀਤੀਆਂ, ਹੋਣਹਾਰ ਵਿਦਿਆਰਥੀਆਂ ਨੂੰ 43 ਸੋਨੇ ਦੇ ਤਗਮੇ ਪ੍ਰਦਾਨ ਕੀਤੇ, ਅਤੇ ਵਿਸ਼ੇਸ਼ ਸ਼ਖਸੀਅਤਾਂ ਨੂੰ ਪੰਜ ਆਨਰੇਰੀ ਡਿਗਰੀਆਂ (ਡੀ.ਲਿਟ.) ਪ੍ਰਦਾਨ ਕੀਤੀਆਂ। ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇਸ ਡਿਗਰੀ ਵੰਡ ਸਮਾਰੋਹ ਵਿੱਚ ਸਤਿਕਾਰਯੋਗ ਪਤਵੰਤਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਣਮੱਤੇ ਮਾਪਿਆਂ ਦੀ ਮੌਜੂਦਗੀ ਦੇਖਣ ਨੂੰ ਮਿਲੀ।

ਸ਼ੁਰੂ ਵਿੱਚ, ਚਾਂਸਲਰ ਪ੍ਰੋ. ਜਗਬੀਰ ਸਿੰਘ ਅਤੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਮਾਰੋਹ ਦੇ ਮੁੱਖ ਮਹਿਮਾਨ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਅਤੇ ਸਤਿਕਾਰਤ ਮਹਿਮਾਨ, ਮਾਣਯੋਗ ਰਾਜਪਾਲ ਪੰਜਾਬ, ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਬੋਲਦਿਆਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਸੋਨ ਤਗਮਾ ਜੇਤੂਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਡਿਗਰੀ ਵੰਡ ਸਮਾਰੋਹ ਇੱਕ ਪ੍ਰਾਪਤੀ ਅਤੇ ਇੱਕ ਨਵੀਂ ਸ਼ੁਰੂਆਤ ਦੋਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਵਿਦਿਆਰਥੀ, ਆਪਣੇ ਆਚਰਣ ਅਤੇ ਯੋਗਦਾਨ ਰਾਹੀਂ ਇਸ ਯੂਨੀਵਰਸਿਟੀ ਦਾ, ਆਪਣੇ ਪਰਿਵਾਰਾਂ ਦਾ ਅਤੇ ਦੇਸ਼ ਦਾ ਮਾਣ ਵਧਾਉਣਗੇ।

ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਮਾਰਗਦਰਸ਼ਕ ਸਿਧਾਂਤਾਂ ਵਜੋਂ ਉਤਸੁਕਤਾ, ਮੌਲਿਕਤਾ, ਨੈਤਿਕਤਾ, ਦੂਰਦਰਸ਼ਤਾ ਅਤੇ ਸਹਿਜਤਾ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਮੌਲਿਕ ਚਿੰਤਨ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰੋ. ਰਾਜ ਕੁਮਾਰ ਦੀ ਪ੍ਰਾਪਤੀ ਨੂੰ ਸਾਂਝਾ ਕੀਤਾ ਜਿੰਨ੍ਹਾਂ ਨੂੰ ਉਨ੍ਹਾਂ ਦੀ ਕੈਂਸਰ ਦੇ ਖੇਤਰ ਵਿੱਚ ਕੀਤੀ ਮਹੱਤਵਪੂਰਨ ਖੋਜ ਲਈ ਰਾਸ਼ਟਰਪਤੀ ਭਵਨ ਵਿਖੇ ਵਿਜ਼ਟਰ ਕਾਨਫਰੰਸ ਵਿੱਚ ਵਿਜ਼ਟਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ, ਪੰਜਾਬ, ਦਸ ਸਿੱਖ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸੀਯੂ ਪੰਜਾਬ ਦੇ ਵਿਦਿਆਰਥੀਆਂ ਨੂੰ ਗੁਰੂ ਕੀ ਕਾਸ਼ੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਇਲਾਕੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੈ।

ਮਾਣਯੋਗ ਰਾਸ਼ਟਰਪਤੀ ਨੇ ਸੀਯੂ ਪੰਜਾਬ ਦੀ ਸ਼ਾਨਦਾਰ ਤਰੱਕੀ ਦੀ ਪ੍ਰਸੰਸਾ ਕੀਤੀ ਅਤੇ ਅਕਾਦਮਿਕ ਉੱਤਮਤਾ, ਖੋਜ ਅਤੇ ਨਵੀਨਤਾ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੁਆਰਾ ਡਾਇਸਪੋਰਾ ਅਤੇ ਪਰਵਾਸ ਸਬੰਧੀ ਖੇਤਰਾਂ ਦੇ ਅਧਿਐਨ ਨੂੰ ਵਿਸ਼ੇਸ਼ ਮਹੱਤਵ ਦੇਣ ਲਈ ਯੂਨੀਵਰਸਿਟੀ ਦੀ ਪ੍ਰਸੰਸਾ ਕੀਤੀ ਅਤੇ ਚਾਂਸਲਰ, ਵਾਈਸ ਚਾਂਸਲਰ, ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਅਧਿਆਪਨ ਅਤੇ ਖੋਜ ਨੂੰ ਵਧੇਰੇ ਸਾਰਥਕ ਬਣਾਉਣ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਮਾਣਯੋਗ ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਭਿੰਨ ਸਭਿਆਚਾਰਾਂ ਦੇ ਸੰਗਮ ਵਜੋਂ ਕੰਮ ਕਰਦੀ ਹੈ, ਜਿੱਥੇ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 20 ਦੇਸ਼ਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਅਧਿਆਪਨ ਭਾਈਚਾਰਾ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਵਿਆਪੀ ਪ੍ਰਤੀਨਿਧਤਾ ਸੰਸਥਾ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ, ਜੋ ਇਸਨੂੰ ਦੇਸ਼ ਦੇ ਜੀਵੰਤ ਸੱਭਿਆਚਾਰਕ ਤਾਣੇ-ਬਾਣੇ ਦਾ ਇੱਕ ਸੱਚਾ ਰੂਪ ਬਣਾਉਂਦੀ ਹੈ ਅਤੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਦੀ ਹੈ।

ਮਾਣਯੋਗ ਰਾਸ਼ਟਰਪਤੀ ਨੇ ਇਸ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਵਿੱਚ ਔਰਤਾਂ ਦੀ ਮਹੱਤਵਪੂਰਨ ਮੌਜੂਦਗੀ ਦੀ ਪ੍ਰਸੰਸਾ ਕੀਤੀ ਜਿੱਥੇ ਇਸ ਸਾਲ ਦੇ 65% ਸੋਨੇ ਦੇ ਤਗਮੇ ਮਹਿਲਾ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ। ਗ੍ਰੈਜੂਏਟਾਂ ਨੂੰ ‘ਵਿਕਸਤ ਭਾਰਤ 0 2047’ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਤਰੱਕੀ ਲਈ ਆਪਣੇ ਗਿਆਨ, ਰਚਨਾਤਮਕਤਾ ਅਤੇ ਹੁਨਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਨਿੱਜੀ ਤੌਰ ‘ਤੇ ਨੌਂ ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ ਪ੍ਰਦਾਨ ਕੀਤੇ।

ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਸੀਯੂ ਪੰਜਾਬ ਵਿੱਚ ਪੀਜੀ ਅਤੇ ਪੀਐਚ.ਡੀ. ਡਿਗਰੀਆਂ ਵਿੱਚ ਵਿਦਿਆਰਥਣਾਂ ਦੀ ਬਰਾਬਰ ਭਾਗੀਦਾਰੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ, ਜਿਸ ਕਾਰਨ ਸ਼ਾਨਦਾਰ ਪ੍ਰਾਪਤੀਆਂ ਹੋਈਆਂ ਹਨ,

ਜਿਨ੍ਹਾਂ ਵਿੱਚ ਸ਼ਾਮਲ ਹਨ:ਨੈਕ ਏ ਪਲੱਸ ਮਾਨਤਾ; ਐਨਆਈਆਰਐਫ 2024 ਦੀ ਯੂਨੀਵਰਸਿਟੀ ਸ਼੍ਰੇਣੀ ਵਿੱਚ 83ਵਾਂ ਰੈਂਕ ਅਤੇ ਫਾਰਮੇਸੀ ਵਿੱਚ 23ਵਾਂ ਰੈਂਕ; ਸਾਲ 2021 ਤੋਂ ਐਨਈਪੀ 2020 ਦਾ ਸਫਲਤਾ ਸਹਿਤ ਲਾਗੂ ਹੋਣਾ; ਅਤੇ ਰਾਸ਼ਟਰੀ ਯੁਵਾ ਚੈਂਪੀਅਨਸ਼ਿਪ ਮਾਨਤਾ ਆਦਿ ਸ਼ਾਮਲ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸੀਯੂ ਪੰਜਾਬ ਸਿੱਖਿਆ ਕੇਂਦਰ ਵਜੋਂ ਪੰਜਾਬ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੇ ਹੋਏ, ਹੋਰ ਉਚਾਈਆਂ ਪ੍ਰਾਪਤ ਕਰਨਾ ਜਾਰੀ ਰੱਖੇਗਾ।

ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਖੋਜ, ਨਵੀਨਤਾ ਅਤੇ N5P ਲਾਗੂ ਕਰਨ ਵਿੱਚ ਤਰੱਕੀ ਨੂੰ ਉਜਾਗਰ ਕੀਤਾ ਗਿਆ।

ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੀਯੂ ਪੰਜਾਬ ਨੇ ਨਿਧੀ ਆਈ-ਟੀਬੀਆਈ ਇਨਕਿਊਬੇਟਰ, ਈ-ਯੁਵਾ ਸੈਂਟਰ, ਆਈਡੀਆ ਲੈਬ, ਅਤੇ ਮੀਡੀਆ ਲਿਟਰੇਸੀ ਹੱਬ ਵਰਗੀਆਂ ਪਹਿਲਕਦਮੀਆਂ ਰਾਹੀਂ ਨੌਜਵਾਨ ਮਨਾਂ ਵਿੱਚ ਨਵੀਨਤਾ, ਉੱਦਮਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਕੇ ਆਤਮਨਿਰਭਰ ਭਾਰਤ ਦੀ ਰਾਸ਼ਟਰ ਦੀ ਇੱਛਾ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਨੂੰ ਅਪਣਾਉਣ ਅਤੇ ਸਮਾਜ ਵਿੱਚ ਅਰਥਪੂਰਨ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਮਾਣਯੋਗ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਵੀਨਤਾਕਾਰੀ ਵਿਚਾਰਾਂ ਅਤੇ ਆਪਣੇ ਜਨੂੰਨ ਦੀ ਪ੍ਰਾਪਤੀ ਨਾਲ ਆਪਣੀ ਪੋਸਟ-ਅਕਾਦਮਿਕ ਯਾਤਰਾ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਨੇ ਜੀਵਨ ਭਰ ਸਿੱਖਣ ਵਾਲੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸਮਾਜਿਕ ਭਲਾਈ ਲਈ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕੀਤਾ।

ਆਨਰੇਰੀ ਡਿਗਰੀਆਂ ਅਤੇ ਸੱਭਿਆਚਾਰਕ ਮਹੱਤਵ

ਡਿਗਰੀ ਵੰਡ ਸਮਾਰੋਹ ਦੌਰਾਨ, ਸੀਯੂ ਪੰਜਾਬ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 1,031 ਪੀਜੀ ਡਿਗਰੀਆਂ ਅਤੇ 60 ਪੀਐਚ.ਡੀ. ਡਿਗਰੀਆਂ ਪ੍ਰਦਾਨ ਕੀਤੀਆਂ, ਨਾਲ ਹੀ ਹੋਣਹਾਰ ਵਿਦਿਆਰਥੀਆਂ ਨੂੰ 43 ਸੋਨੇ ਦੇ ਤਗਮੇ ਦਿੱਤੇ। ਇਸ ਤੋਂ ਇਲਾਵਾ, ਪੰਜ ਉੱਘੀਆਂ ਸ਼ਖਸੀਅਤਾਂ ਨੂੰ ਅਕਾਦਮਿਕ, ਸੱਭਿਆਚਾਰ ਅਤੇ ਸਮਾਜਿਕ ਤਰੱਕੀ ਵਿੱਚ ਯੋਗਦਾਨ ਲਈ ਆਨਰਿਸ ਕਾਜ਼ਾ (ਡੀ. ਲਿਟ.) ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ:

ਪਦਮ ਭੂਸ਼ਣ ਪ੍ਰੋ. ਸਰਦਾਰਾ ਸਿੰਘ ਜੌਹਲ (ਉੱਘੇ ਖੇਤੀਬਾੜੀ ਅਰਥਸ਼ਾਸਤਰੀ)

ਪਦਮ ਭੂਸ਼ਣ ਸ਼੍ਰੀ ਅਨੁਪਮ ਖੇਰ (ਪ੍ਰਸਿੱਧ ਅਦਾਕਾਰ, ਸਮਾਜਿਕ ਕਾਰਕੁਨ ਅਤੇ ਭਾਰਤੀ ਸੱਭਿਆਚਾਰ ਦੇ ਰਾਜਦੂਤ)

ਪਦਮ ਭੂਸ਼ਣ ਆਚਾਰੀਆ (ਡਾ.) ਬਿਬੇਕ ਦੇਬਰਾਏ (ਮਾਨਦ ਡਾਕਟਰੇਟ, ਮਰਨ ਉਪਰੰਤ) (ਪ੍ਰਸਿੱਧ ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ)

ਸ਼੍ਰੀ ਫੁੰਚੋਕ ਸਟੋਬਦਾਨ (ਪ੍ਰਸਿੱਧ ਬੋਧੀ ਵਿਦਵਾਨ)

ਪ੍ਰੋ. ਕਰਮ ਤੇਜ ਸਿੰਘ ਸਰਾਓ (ਪ੍ਰਸਿੱਧ ਸਿੱਖਿਆ ਸ਼ਾਸਤਰੀ ਜਿਹਨਾਂ ਨੇ ਭਾਰਤੀ ਸਿੱਖਿਆ ਪ੍ਰਣਾਲੀ, ਸਮਾਜਿਕ ਵਿਕਾਸ ਅਤੇ ਸੱਭਿਆਚਾਰਕ ਅਧਿਐਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।)

ਇਹਨਾਂ ਵਿੱਚੋਂ, ਤਿੰਨ ਸਖਸ਼ੀਅਤਾਂ ਨੂੰ ਵਿਅਕਤੀਗਤ ਤੌਰ ‘ਤੇ, ਇੱਕ ਗੈਰਹਾਜ਼ਰੀ ਵਿੱਚ, ਅਤੇ ਇੱਕ ਡਿਗਰੀ ਮਰਨ ਉਪਰੰਤ ਭੇਂਟ ਕੀਤੀ ਗਈ। ਆਨਰੇਰੀ ਅਤੇ ਪੀ-ਐਚ.ਡੀ. ਡਿਗਰੀਆਂ ਪ੍ਰਦਾਨ ਕਰਨ ਦੀ ਰਸਮ ਮਾਣਯੋਗ ਰਾਸ਼ਟਰਪਤੀ ਦੀ ਰਵਾਨਗੀ ਤੋਂ ਬਾਅਦ ਦੇ ਸੈਸ਼ਨ ਵਿੱਚ ਕੀਤੀ ਗਈ।

ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਪ੍ਰਤਿਨਿਧਤਾ ਕਰਦੇ ਹੋਏ ਡਿਗਰੀ ਵੰਡ ਸਮਾਰੋਹ ਵਿੱਚ ਸ਼ਾਮਿਲ ਅਧਿਆਪਕ ਰਵਾਇਤੀ ਚਿੱਟੇ ਕੁੜਤੇ-ਪਜਾਮੇ ਜਾਂ ਸਲਵਾਰ-ਕਮੀਜ਼ ਨਾਲ ਫੁਲਕਾਰੀ ਸਟੋਲ ਪਹਿਨੇ ਹੋਏ ਸਨ।

ਯੂਨੀਵਰਸਿਟੀ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਯੂਨੀਵਰਸਿਟੀ ਦੇ ਝੰਡੇ ਨਾਲ ਅਕਾਦਮਿਕ ਜਲੂਸ ਦੀ ਅਗਵਾਈ ਕੀਤੀ ਅਤੇ ਰਸਮੀ ਰੂਪ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ