ਯੈੱਸ ਪੰਜਾਬ
ਲੁਧਿਆਣਾ, 12 ਮਾਰਚ, 2025
PAU ਦੇ ਸਾਬਕਾ ਭੂਮੀ ਵਿਗਿਆਨੀ Dr. Salwinder Singh Dhaliwal ਨੂੰ ਬੀਤੇ ਦਿਨੀਂ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ Sangrur ਵਿਖੇ ਹੋਈ ਪੰਜਵੀਂ ਕੌਮਾਂਤਰੀ ਖੇਤੀ ਕਾਨਫਰੰਸ ਦੌਰਾਨ ਮਾਣਮੱਤੇ ਭੂਮੀ ਵਿਗਿਆਨੀ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ।
ਇਹ ਕੌਮਾਂਤਰੀ ਕਾਨਫਰੰਸ ਖੇਤੀ ਖੋਜ, ਇੰਜਨੀਅਰਿੰਗ, ਪੋਸ਼ਣ ਅਤੇ ਤਕਨਾਲੋਜੀ ਵਿਚ ਨਵੇਂ ਰੁੁਝਾਨਾਂ ਦੀ ਨਿਸ਼ਾਨਦੇਹੀ ਲਈ ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਕਰਵਾਈ ਗਈ ਸੀ। ਡਾ. ਧਾਲੀਵਾਲ ਨੂੰ ਇਹ ਪੁਰਸਕਾਰ ਭੂਮੀ ਵਿਗਿਆਨ ਦੇ ਖੇਤਰ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।
ਡਾ. ਧਾਲੀਵਾਲ ਨੇ ਭੂਮੀ ਵਿਗਿਆਨ ਦੇ ਨਾਲ-ਨਾਲ ਪੌਦਾ ਸਿਹਤ ਅਤੇ ਪਾਣੀ ਦੀ ਸੰਭਾਲ ਲਈ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਮਿਆਰੀ ਕਾਰਜ ਨੂੰ ਅੰਜ਼ਾਮ ਦਿੱਤਾ।
ਇਸ ਦੌਰਾਨ ਉਹਨਾਂ ਨੇ ਲਘੂ ਪੋਸ਼ਕ ਤੱਤਾਂ ਦੀ ਵਰਤੋਂ ਰਾਹੀਂ ਭੂਮੀ ਦੀ ਸਿਹਤ ਸੁਧਾਰ ਦੇ ਨਾਲ-ਨਾਲ ਇਸ ਦਿਸ਼ਾ ਵਿਚ ਨੀਤੀਆਂ ਦੇ ਨਿਰਮਾਣ ਲਈ ਢੁੱਕਵਾਂ ਯੋਗਦਾਨ ਪਾਇਆ। ਇਸ ਐਵਾਰਡ ਵਿਚ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਸ਼ਾਮਿਲ ਹਨ। ਇਥੇ ਜ਼ਿਕਰਯੋਗ ਹੈ ਕਿ ਡਾ. ਧਾਲੀਵਾਲ ਦਾ ਖੋਜ ਕਾਰਜ ਬੜੇ ਉੱਚੇ ਪ੍ਰਭਾਵ ਨਾਲ ਕੌਮਾਂਤਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਇਆ ਹੈ। ਉਹਨਾਂ ਨੇ 290 ਤੋਂ ਵਧੇਰੇ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਡਾ. ਧਾਲੀਵਾਲ ਨੂੰ ਇਸ ਇਨਾਮ ਲਈ ਵਧਾਈ ਦਿੱਤੀ।