ਯੈੱਸ ਪੰਜਾਬ
ਜਲੰਧਰ/ਕਪੂਰਥਲਾ, 13 ਮਾਰਚ, 2025
I.K. Gujral Punjab Technical University (IKGPTU) ਵਿਖੇ Prajapita Brahma Kumari Kapurthala ਦੇ ਸਹਿਯੋਗ ਨਾਲ ਪੜਾਈ ਦੌਰਾਨ ਪੈਦਾ ਹੋਣ ਵਾਲੇ ਤਨਾਅ ਵਿਸ਼ੇ ਸੰਬੰਧੀ ਸੈਮੀਨਾਰ ਕਰਵਾਇਆ ਗਿਆ।
ਇਸ ਵਿੱਚ ਨਾਮਵਰ ਬੁਲਾਰੇ ਡਾ. ਈ. ਵੀ. ਸਵਾਮੀਨਾਥਨ ਨੇ ਮੁੱਖ ਵਕਤਾ ਵਜੋਂ ਹਿੱਸਾ ਲਿਆ। ਯੂਨੀਵਰਸਿਟੀ ਮੁੱਖ ਕੈਂਪਸ ਵਿਖੇ ਕਰਵਾਏ ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ) ਸੁਸ਼ੀਲ ਮਿੱਤਲ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ! ਡੀਨ ਅਕਾਦਮਿਕ ਪ੍ਰੋ (ਡਾ) ਚਾਵਲਾ ਵੱਲੋਂ ਪ੍ਰੋਗਰਾਮ ਦੇ ਆਯੋਜਨ ਦੀ ਅਗਵਾਈ ਕੀਤੀ ਗਈ! ਯੂਨੀਵਰਸਿਟੀ ਦੇ ਅਕਾਦਮਿਕ ਵਿਭਾਗ ਅਤੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ ਤੇ ਇਹ ਉਦਮ ਕੀਤਾ ਗਿਆ।
ਯੂਨੀਵਰਸਿਟੀ ਪਹੁੰਚਣ ਤੇ ਮੁੱਖ ਬੁਲਾਰੇ ਡਾ. ਈ. ਵੀ. ਸਵਾਮੀਨਾਥਨ ਅਤੇ ਉਹਨਾਂ ਦੀ ਟੀਮ ਦਾ ਸਵਾਗਤ ਡੀਨ ਅਕਾਦਮਿਕ ਪ੍ਰੋ (ਡਾ.) ਵਿਕਾਸ ਚਾਵਲਾ ਅਤੇ ਫੈਕਲਟੀ ਮੈਂਬਰਾਂ ਵੱਲੋਂ ਕੀਤਾ ਗਿਆ! ਡੀਨ ਅਕਾਦਮਿਕ ਡਾ. ਚਾਵਲਾ ਵੱਲੋਂ ਆਏ ਮਹਿਮਾਨਾਂ ਦੀ ਯੂਨੀਵਰਸਿਟੀ ਨਾਲ ਜਾਣ ਪਹਿਚਾਨ ਕਰਵਾਈ ਗਈ ਤੇ ਸਵਾਗਤੀ ਸੰਦੇਸ਼ ਸਾਂਝਾ ਕੀਤਾ ਗਿਆ। ਯੂਨੀਵਰਸਿਟੀ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਵੱਲੋਂ ਇਸ ਆਯੋਜਨ ਲਈ ਵਧਾਈ ਭੇਜੀ ਗਈ।
ਵਿਸ਼ਾ ਮਾਹਿਰ ਡਾ. ਸਵਾਮੀਨਾਥਨ ਨੇ ਕਿਹਾ ਕਿ ਤਣਾਅ ਇੱਕ ਆਮ ਸਮੱਸਿਆ ਹੈ, ਜੋ ਵਿਦਿਆਰਥੀਆਂ ਨੂੰ ਪੜ੍ਹਾਈ ਮੌਕੇ ਮਹਿਸੂਸ ਹੁੰਦੀ ਹੈ।
ਇਹ ਮੁਸ਼ਕਲਾਂ, ਦਬਾਅ ਜਾਂ ਭਵਿੱਖ ਦੀ ਚਿੰਤਾ ਕਾਰਨ ਵੀ ਹੋ ਸਕਦੀ ਹੈ। ਡਾ. ਸਵਾਮੀਨਾਥਨ ਨੇ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਯੁਗ ਵਿੱਚ ਵਿਦਿਆਰਥੀਆਂ ਉੱਤੇ ਪੜਾਈ ਦਾ ਤਣਾਅ ਵਧ ਰਿਹਾ ਹੈ। ਪ੍ਰੀਖਿਆਵਾਂ, ਹੋਮਵਰਕ ਅਤੇ ਆਧੁਨਿਕ ਟੈਕਨੋਲੋਜੀ ਦੇ ਵਧ ਰਹੇ ਪ੍ਰਭਾਵ ਕਾਰਨ ਵਿਦਿਆਰਥੀਆਂ ਵਿੱਚ ਤਣਾਅ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਤਣਾਅ ਸਿਰਫ਼ ਪੜ੍ਹਾਈ ਵਿੱਚ ਰੁਕਾਵਟ ਨਹੀਂ ਪਾਉਂਦਾ, ਸਗੋਂ ਇਹ ਮਨੋਵਿਗਿਆਨਕ ਅਤੇ ਸਰੀਰਕ ਤੰਦਰੁਸਤੀ ਉੱਤੇ ਵੀ ਗੰਭੀਰ ਪ੍ਰਭਾਵ ਪਾਉਂਦਾ ਹੈ।
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਯੋਜਨਾਬੱਧ ਪੜ੍ਹਾਈ ਸ਼ੈਡਿਊਲ ਬਣਾਉਣ ਅਤੇ ਪੜ੍ਹਾਈ ਦੇ ਨਾਲ ਨਾਲ ਆਰਾਮ ਤੇ ਮਨੋਰੰਜਨ ਦਾ ਸੰਤੁਲਨ ਵੀ ਬਣਾਈ ਰੱਖਣ! ਉਹਨਾਂ ਰੋਜ਼ਾਨਾ 10 ਤੋਂ 15 ਮਿੰਟ ਯੋਗ ਅਤੇ ਧਿਆਨ ਕਰਨ ਨਾਲ ਦਿਮਾਗ ਨੂੰ ਸ਼ਾਂਤ ਰੱਖਣ ਲਈ ਸਲਾਹ ਦਿੱਤੀ! ਉਹਨਾਂ ਕਿਹਾ ਕਿ ਇਸ ਨਾਲ ਤਣਾਅ ਘੱਟ ਹੁੰਦਾ ਹੈ। ਡਾ. ਸਵਾਮੀਨਾਥਨ ਵੱਲੋਂ ਇੱਕ ਪੀ.ਪੀ.ਟੀ ਦੇ ਮਾਧਿਅਮ ਰਾਹੀਂ ਕਈ ਉਦਾਹਰਣਾ ਦੇ ਕੇ ਵਿਦਿਆਰਿਥਿਆਂ ਨੂੰ ਤਨਾਅ ਮੁਕਤ ਰਹਿਣ ਦੀ ਜਾਣਕਾਰੀ ਦਿੱਤੀ।
ਪ੍ਰੋਗਰਾਮ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ.) ਸੁਸ਼ੀਲ ਮਿੱਤਲ ਨੇ ਕਿਹਾ ਕਿ ਤਣਾਅ ਇੱਕ ਆਮ ਚੁਣੌਤੀ ਹੈ, ਪਰ ਸਹੀ ਤਰੀਕੇ ਅਤੇ ਆਤਮ-ਨਿਯੰਤਰਣ ਨਾਲ ਇਸਨੂੰ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੀ ਯੋਜਨਾ ਬਣਾਉਣ, ਸਮੇਂ ਸਾਰਣੀ ਵਿੱਚ ਪੜ੍ਹਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦੀ ਲੋੜ ਹੈ। ਵਿਦਿਆਰਥੀ ਆਪਣੀ ਪੜ੍ਹਾਈ ਲਈ ਇੱਕ ਸਪੱਸ਼ਟ ਰੂਪ-ਰੇਖਾ ਤਿਆਰ ਕਰਨ, ਜੋ ਉਨ੍ਹਾਂ ਨੂੰ ਵਧੇਰੇ ਤਨਾਅ ਤੋਂ ਬਚਾ ਸਕੇ।
ਲੰਮੇ ਸਮੇਂ ਦੀ ਯੋਜਨਾ ਬਣਾਉਣ ਨਾਲ ਪ੍ਰੀਖਿਆਵਾਂ ਤੋਂ ਪਹਿਲਾਂ ਤਣਾਅ ਨਹੀਂ ਹੋਵੇਗਾ। ਉਨ੍ਹਾਂ ਅਜਿਹੇ ਜਾਗਰੂਕਤਾ ਭਰਪੂਰ ਸੈਮੀਨਾਰ ਲਗਾਤਾਰ ਕਰਵਾਉਣ ਲਈ ਯੂਨੀਵਰਸਿਟੀ ਸਟਾਫ ਨੂੰ ਪ੍ਰੇਰਿਤ ਕੀਤਾ ਗਿਆ! ਉਹਨਾਂ ਕਿਹਾ ਕਿ ਇਸਦੇ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਦਾ ਹੈ ਤੇ ਉਹਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਮਿਲਦੀ ਹੈ।
ਪ੍ਰੋਗਰਾਮ ਦੇ ਅੰਤ ਵਿਚ ਵਿਸ਼ਾ ਮਾਹਿਰ ਡਾ. ਸਵਾਮੀਨਾਥਨ ਵੱਲੋਂ ਵਿਦਿਆਰਥੀਆਂ ਨੂੰ ਧਿਆਨ ਕਿਰਿਆ ਰਾਹੀਂ ਆਪਣੇ ਆਪ ਨੂੰ ਸਕਰਾਤਮਕ ਪਾਸੇ ਲਗਾਉਣ ਬਾਰੇ ਦੱਸਿਆ ਗਿਆ। ਪ੍ਰੋਗਰਾਮ ਵਿਚ ਯੂਨੀਵਰਸਿਟੀ ਅਧਿਕਾਰੀ, ਫੈਕਲਟੀ, ਸਟਾਫ ਤੇ ਵਿਦਿਆਰਥੀ ਸ਼ਾਮਿਲ ਰਹੇ।