ਯੈੱਸ ਪੰਜਾਬ
ਨਵੀਂ ਦਿੱਲੀ, 12 ਮਾਰਚ, 2025
Delhi ਦੇ Gurdwara Bangla Sahib ਸਰੋਵਰ ਦੀ ਕਾਰ ਸੇਵਾ 16 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕਰੀਬ 10 ਸਾਲ ਪਹਿਲਾਂ ਇਸ ਦੀ ਕਾਰ ਸੇਵਾ ਕੀਤੀ ਗਈ ਸੀ ਅਤੇ ਹੁਣ ਦੁਬਾਰਾ ਇਹ ਕੀਤੀ ਜਾ ਰਹੀ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਵੱਲੋਂ ਕਾਰ ਸੇਵਾ ਸੰਪ੍ਰਦਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੂੰ ਇਹ ਸੇਵਾ ਸੌਂਪੀ ਗਈ ਹੈ ਜਿਨ੍ਹਾਂ ਦੇ ਦੁਆਰਾ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਹ ਸੇਵਾ 16 ਮਾਰਚ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਮੌਕੇ ‘ਤੇ ਅਨੇਕ ਸੰਪ੍ਰਦਾਵਾਂ ਤੋਂ ਸੰਤ ਮਹਾਂਪੁਰਸ਼ ਅਤੇ ਪ੍ਰਤਿਸ਼ਠਿਤ ਸ਼ਖਸੀਅਤਾਂ ਮੌਜੂਦ ਰਹਿਣਗੀਆਂ।
ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ 10 ਸਾਲਾਂ ਦਾ ਸਮਾਂ ਹੋ ਚੁਕਾ ਹੈ ਅਤੇ ਦਿੱਲੀ ਵਿੱਚ ਧੂੜ ਮਿੱਟੀ ਬਹੁਤ ਜ਼ਿਆਦਾ ਹੋਣ ਕਰਕੇ ਕਮੇਟੀ ਨੇ ਮਹਿਸੂਸ ਕੀਤਾ ਕਿ ਸਰੋਵਰ ਦੀ ਕਾਰ ਸੇਵਾ ਹੋਣੀ ਚਾਹੀਦੀ ਹੈ ਤਾਂ ਜੋ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ।
ਹਾਲਾਂਕਿ ਕਮੇਟੀ ਦੁਆਰਾ ਸਰੋਵਰ ਵਿੱਚ ਪਾਣੀ ਨੂੰ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਪਰ ਇਸਦੇ ਬਾਵਜੂਦ ਹੋਰ ਜ਼ਿਆਦਾ ਸਫ਼ਾਈ ਲਈ ਕਾਰ ਸੇਵਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੂਰੇ ਸਰੋਵਰ ਨੂੰ ਖਾਲੀ ਕਰਕੇ ਸਾਫ਼ ਕਰਨ ਦੇ ਬਾਅਦ ਫਿਰ ਪਾਣੀ ਭਰਿਆ ਜਾਵੇਗਾ। ਜਸਪ੍ਰੀਤ ਸਿੰਘ ਕਰਮਸਰ ਨੇ ਦਿੱਲੀ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਤੋਂ ਅਪੀਲ ਕੀਤੀ ਹੈ ਕਿ ਆਓ ਅਤੇ ਕਾਰ ਸੇਵਾ ਵਿੱਚ ਹਿਸਾ ਲੈ ਕੇ ਸੇਵਾ ਵਿੱਚ ਯੋਗਦਾਨ ਦਿਓ।