ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 12 ਮਾਰਚ, 2025
ਰਾਸ਼ਟਰਪਤੀ Donald Trump ਦੁਆਰਾ ਅਪਣਾਈਆਂ ਜਾ ਰਹੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੇ ਸਿੱਟੇ ਵਜੋਂ ਸਮੁੱਚੇ America ਵਿਚ ਬੇਯਕੀਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਕਾਰਨ ਸ਼ੇਅਰ ਬਜਾਰ ਨਿਰੰਤਰ ਡਿੱਗ ਰਿਹਾ ਹੈ। ਕੈਨੇਡਾ, ਮੈਕਸੀਕੋ,ਚੀਨ, ਯੁਰਪੀ ਯੁਨੀਅਨ ਤੇ ਭਾਰਤ ਸਮੇਤ ਟੈਰਿਫ ਦਰਾਂ ਨੂੰ ਲੈ ਕੇ ਚੱਲ ਰਹੇ ਟਕਰਾਅ ਕਾਰਨ ਮੰਦੇ ਦੀਆਂ ਸੰਭਾਵਨਾਵਾਂ ਦਰਮਿਆਨ ਨਿਵੇਸ਼ਕਾਰ ਦੜ ਵੱਟ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਵੀ ਮੰਦੇ ਦੀ ਸਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।
ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਟਰੰਪ ਨੇ ਮੰਦੇ ਦੀ ਸੰਭਾਵਨਾ ਬਾਰੇ ਕੋਈ ਭਵਿੱਖਬਾਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ” ਮੈ ਇਸ ਤਰਾਂ ਦੀ ਕੋਈ ਭਵਿੱਖਬਾਣੀ ਕਰਨ ਨੂੰ ਪਸੰਦ ਨਹੀਂ ਕਰਦਾ। ਇਹ ਤਬਦੀਲੀ ਦਾ ਦੌਰ ਹੈ ਕਿਉਂਕਿ ਜੋ ਕੁਝ ਅਸੀਂ ਕਰ ਹਾਂ ਉਹ ਬਹੁਤ ਵੱਡੀ ਗੱਲ ਹੈ।” ਆਰਥਕ ਮਹਿਰਾਂ ਅਨੁਸਾਰ ਅਰਥ ਵਿਵਸਥਾ ਲਈ ਅਸਥਿਰਤਾ ਵਾਲੇ ਹਾਲਾਤ ਬਣ ਸਕਦੇ ਹਨ ਕਿਉਂਕਿ ਨਵਾਂ ਟਰੰਪ ਪ੍ਰਸ਼ਾਸਨ ਸਰਕਾਰੀ ਖਰਚਿਆਂ ਵਿਚ ਕਟੌਤੀ ਕਰ ਰਿਹਾ ਹੈ।
ਇਹ ਖਰਚੇ ਉਸ ਸਮੇ ਘਟਾਏ ਜਾ ਰਹੇ ਹਨ ਜਦੋਂ ਨਿਵੇਸ਼ਕਾਰ ਮੈਕਸੀਕੋ, ਕੈਨੇਡਾ ਤੇ ਚੀਨ ਸਮੇਤ ਹੋਰ ਦੇਸ਼ਾਂ ਨਾਲ ਅਸਥਿਰ ਵਪਾਰਕ ਨੀਤੀਆਂ ਬਾਰੇ ਚਿੰਤਤ ਹਨ। ਇਨਾਂ ਨੀਤੀਆਂ ਦੇ ਸਿੱਟੇ ਵਜੋਂ ਖਪਤਕਾਰਾਂ ਦੀ ਮੰਗ ਘਟੇਗੀ ਤੇ ਕਾਰਪੋਰੇਟ ਨਿਵੇਸ਼ ਉਪਰ ਬੁਰਾ ਅਸਰ ਪਵੇਗਾ। ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਵੀ ਸੀ ਐਨ ਬੀ ਸੀ ਉਪਰ ਗੱਲਬਾਤ ਦੌਰਾਨ ਇਸ ਕਿਸਮ ਦੀਆਂ ਸੰਭਾਵਨਾਵਾਂ ਹੀ ਪ੍ਰਗਟਾਈਆਂ ਹਨ। ਉਨਾਂ ਕਿਹਾ ਕਿ ਅਰਥਵਿਵਸਥਾ ਲਈ ਇਹ ਸਮਾਂ ਜੋਖਮ ਵਾਲਾ ਹੈ।
ਐਸ ਐਂਡ ਪੀ ਗੋਲਬਲ ਮਾਰਕੀਟ ਇੰਟੈਲੀਜੈਂਸ ਵਿਖੇ ਆਰਥਕ ਮਾਹਿਰ ਵਜੋਂ ਕੰਮ ਕਰਦੇ ਐਂਡਰੀਊ ਹਾਰਕਰ ਅਨੁਸਾਰ ” ਭਗੋਲਿਕ ਰਾਜਨੀਤੀ ਤੇ ਕੌਮਾਂਤਰੀ ਵਪਾਰ ਬਾਰੇ ਪੈਦਾ ਹੋਏ ਅਸਥਿੱਰਤਾ ਦੇ ਮਾਹੌਲ ਦਰਮਿਆਨ ਵਿਸ਼ਵ ਭਰ ਵਿਚ ਕੰਪਨੀਆਂ ‘ਉਡੀਕੋ ਤੇ ਵੇਖੋ’ ਵਾਲੀ ਪਹੁੰਚ ਅਪਣਾ ਰਹੀਆਂ ਹਨ। ਫਿਲਹਾਲ ਉਹ ਮੁਲਾਜ਼ਮਾਂ ਨੂੰ ਭਰਤੀ ਕਰਨ ਤੇ ਆਪਣੀਆਂ ਨਿਵੇਸ਼ ਸਬੰਧ ਯੋਜਨਾਵਾਂ ਨੂੰ ਮੁਲਤਵੀ ਕਰ ਰਹੀਆਂ ਹਨ।