ਅੱਜ-ਨਾਮਾ
ਪੈਂਦੇ ਹਨ ਨਿੱਤ ਛਾਪੇ, ਫੜੀਦੇ ਰੋਜ਼ ਦੋਸ਼ੀ,
ਹਾਲੇ ਵੀ ਜੁਰਮ ਨੂੰ ਪੈਂਦੀ ਨਾ ਨੱਥ ਮੀਆਂ।
ਕਰਦੇ ਜੁਰਮ ਸਥਾਨਕ ਕੁਝ ਲੋਕ ਬੇਸ਼ੱਕ,
ਵਿਦੇਸ਼ੀਂ ਬੈਠਿਆਂ ਦਾ ਲੱਭਦਾ ਹੱਥ ਮੀਆਂ।
ਮੀਡੀਏ ਅੰਦਰ ਹੈ ਏਸ ਦਾ ਜ਼ਿਕਰ ਹੁੰਦਾ,
ਇਹੋ ਜ਼ਿਕਰ ਕਰਦੀ ਹਰ ਥਾਂ ਸੱਥ ਮੀਆਂ।
ਬਥੇਰੀ ਹੁੰਦੀ ਪਈ ਬੇਸ਼ੱਕ ਆ ਕਾਰਵਾਈ,
ਵਿਗੜੇ ਹਾਲਾਤ ਵੀ ਦੱਸ ਰਹੇ ਤੱਥ ਮੀਆਂ।
ਸਰਕਾਰੀ ਪੱਖੋਂ ਤੇ ਲੱਗ ਰਿਹਾ ਤਾਣ ਦਿੱਸੇ,
ਅਪਰਾਧੀ ਤੱਤ ਤਾਂ ਫੇਰ ਸਰਗਰਮ ਮੀਆਂ।
ਜਾਗਰਤੀ ਵਾਸਤੇ ਕਦੇ ਕੁਝ ਸੋਚਦੇ ਨਹੀਂ,
ਨਾ ਹੀ ਸਮਾਜ ਤੇ ਨਾ ਕੋਈ ਧਰਮ ਮੀਆਂ।
-ਤੀਸ ਮਾਰ ਖਾਂ
14 March, 2025