ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 15 ਮਾਰਚ, 2025
New Jersey Airport ‘ਤੇ Pennsylvania ਦੇ ਇਕ ਵਿਅਕਤੀ ਦੀ ਪੈਂਟ ਵਿਚੋਂ ਇਕ ਜੀਂਦਾ ਕੱਛੂਕੁੰਮਾ ਮਿਲਣ ਦੀ ਖਬਰ ਹੈ। ਸੰਘੀ ਟਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰਸ਼ੇਨ (TSA) ਅਨੁਸਾਰ Newark Liberty International Airport ‘ਤੇ ਬੌਡੀ ਸਕੈਨਰ ਦੌਰਾਨ ਇਕ ਵਿਅਕਤੀ ਦੀ ਪੈਂਟ ਵਿਚ ਕੁਝ ਲੁਕੋਇਆ ਹੋਣ ਦਾ ਸ਼ੱਕ ਪਿਆ। ਜਦੋਂ ਉਸ ਵਿਅਕਤੀ ਨੂੰ ਪੁੱਛਿਆ ਗਿਆ ਕਿ ਪੈਂਟ ਵਿਚ ਕੀ ਹੈ ਤਾਂ ਉਸ ਨੇ ਪੈਂਟ ਵਿਚੋਂ ਕੱਛੂਕੁਮਾ ਕੱਢ ਕੇ ਬਾਹਰ ਰਖ ਦਿੱਤਾ।
ਤਕਰੀਬਨ 5 ਇੰਚ ਲੰਬੇ ਕੱਛੂਕੁੰਮੇ ਨੂੰ ਉਸ ਨੇ ਨੀਲੇ ਰੰਗ ਦੇ ਤੌਲੀਏ ਵਿਚ ਲਪੇਟਿਆ ਹੋਇਆ ਸੀ। ਉਸ ਵਿਅਕਤੀ ਨੇ ਕਿਹਾ ਕਿ ਇਹ ਲਾਲ ਕੰਨ ਵਾਲਾ ਕੱਛੂਕੁੰਮਾ ਆਮ ਨਹੀਂ ਮਿਲਦਾ ਤੇ ਇਸ ਨੂੰ ਪਾਲਤੂ ਜਾਨਵਰ ਦੀ ਤਰਾਂ ਰਖਿਆ ਜਾਂਦਾ ਹੈ। ਵਿਅਕਤੀ ਜਿਸ ਦਾ ਨਾਂ ਨਸ਼ਰ ਨਹੀਂ ਕੀਤਾ ਹੈ, ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ। ਕੱਛੂਕੁੰਮੇ ਨੂੰ ਜ਼ਬਤ ਕਰ ਲਿਆ ਗਿਆ ਹੈ।
ਨਿਊ ਜਰਸੀ ਦੇ ਟੀ ਐਸ ਏ ਦੇ ਫੈਡਰਲ ਸਕਿਉਰਿਟੀ ਡਾਇਰੈਕਟਰ ਥਾਮਸ ਕਾਰਟਰ ਨੇ ਕਿਹਾ ਹੈ ਕਿ ਯਾਤਰੀ ਚਾਕੂ ਜਾਂ ਕੋਈ ਹਥਿਆਰ ਲਕੋ ਕੇ ਲਿਜਾਂਦੇ ਤਾਂ ਫੜੇ ਗਏ ਹਨ ਪਰੰਤੂ ਮੇਰਾ ਵਿਸ਼ਵਾਸ਼ ਹੈ ਕਿ ਇਹ ਪਹਿਲਾ ਮਾਮਲਾ ਹੈ ਕਿ ਕੋਈ ਵਿਅਕਤੀ ਆਪਣੀ ਪੈਂਟ ਵਿਚ ਜੀਂਦਾ ਜਾਨਵਰ ਲੁਕਾ ਕੇ ਲਿਜਾ ਰਿਹਾ ਸੀ। ਉਨਾਂ ਕਿਹਾ ਕਿ ਵਧੀਆ ਗੱਲ ਇਹ ਹੈ ਕਿ ਕੱਛੂਕੁੰਮੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਥਾਮਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਤੇ ਅਜੇ ਇਹ ਸਾਫ ਨਹੀਂ ਹੈ ਕਿ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਜਾਂ ਜੁਰਮਾਨਾ ਲਾਇਆ ਜਾਵੇਗਾ।