ਯੈੱਸ ਪੰਜਾਬ
ਅੰਮ੍ਰਿਤਸਰ, 16 ਮਾਰਚ, 2025:
‘Aam Aadmi Party’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ Arvind Kejriwal ਨੇ ਪੰਜਾਬ ਦੇ ਮੁੱਖ ਮੰਤਰੀ ਸ: Bhagwant Singh Mann ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਸ: ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵਜੋਂ ਕੇਵਲ ਪੰਜ ਸਾਲ ਹੀ ਪੂਰੇ ਨਹੀਂ ਕਰਨਗੇ ਸਗੋਂ ਅਗਲੇ ਪੰਜ ਸਾਲ ਵੀ Chief Minister ਰਹਿਣਗੇ।
ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ:ਭਗਵੰਤ ਸਿੰਘ ਮਾਨ ਅੱਜ ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਮੌਕੇ ਸ੍ਰੀ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਣ ਲਈ ਪੁੱਜੇ ਸਨ।
ਇਸ ਮਗਰੋਂ ਪੱਤਰਕਾਰਾਂ ਨਾਲ ਦੋਹਾਂ ਆਗੂਆਂ ਨੇ ਗੱਲਬਾਤ ਕੀਤੀ। ਇਸ ਮੌਕੇ ਹੀ ਸ: ਮਾਨ ਨੂੰ ਹਟਾਏ ਜਾਣ ਦੀਆਂ ਅਟਕਲਾਂ ਬਾਰੇ ਪੁੱਛੇ ਗਏ ਇਕ ਸੁਆਲ ਦੇ ਜੁਆਬ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਨੇ ਉਕਤ ਗੱਲ ਆਖ਼ੀ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, ‘ਤੁਸੀਂ ਚਿੰਤਾ ਨਾ ਕਰੋ, ਮਾਨ ਸਾਹਿਬ ਪੰਜ ਸਾਲ ਪੂਰੇ ਕਰਨਗੇ, ਪੂਰੇ ਹੀ ਨਹੀਂ ਕਰਨਗੇ ਸਗੋਂ ਅਗਲੇ ਪੰਜ ਸਾਲ ਵੀ ਮੁੱਖ ਮੰਤਰੀ ਰਹਿਣਗੇ।’
ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਹੁਣ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਯੁੱਧ ਛੇੜ ਦਿੱਤਾ ਹੈ ਅਤੇ ਅੱਜ ਅਸੀਂ ਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਨ ਆਏ ਹਾਂ ਕਿ ਅਗਲੇ 2 ਸਾਲ ਵੀ ਅਸੀਂ ਰਾਜ ਨੂੰ ਬਿਹਤਰ ਬਣਾ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਰਾਜ ਨਹੀਂ ਕਰ ਰਹੇ ਸਗੋਂ ਸੇਵਾ ਕਰ ਰਹੇ ਹਾਂ।