ਯੈੱਸ ਪੰਜਾਬ
ਪਟਿਆਲਾ, 17 ਮਾਰਚ, 2025:
ਪੰਜਾਬ ਦੇ ਸ਼ਾਹੀ ਸਹਿਰ Patiala ਵਿੱਚ ਇੱਕ ਕਰਨਲ ਅਤੇ ਉਸਦੇ ਬੇਟੇ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਸ: Nanak Singh, SSP Patiala ਨੇ ਵੱਡੀ ਕਾਰਵਾਈ ਕਰਦਿਆਂ 3 Inspectors ਸਣੇ 12 ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਅਤੇ ਕਰਮੀਆਂ ਵੱਲੋਂ ਕੀਤੀ ਗਈ ਵਧੀਕੀ ਕੈਮਰਿਆਂ ’ਤੇ ਕੈਦ ਹੋ ਜਾਣ ਕਰਕੇ ਇਹ ਮਾਮਲਾ ਤੂਲ ਫ਼ੜ ਗਿਆ ਸੀ ਜਿਸ ਮਗਰੋਂ ਇਹ ਆਦੇਸ਼ ਸਾਹਮਣੇ ਆਏ ਹਨ।
ਜ਼ਿਕਰਯੋਗ ਹੈ ਕਿ ਫ਼ੌਜ ਵਿੱਚ ਸੇਵਾ ਕਰ ਰਹੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੀ ਪਤਨੀ ਅਤੇ ਬੇਟੇ ਨਾਲ ਰਾਤ ਵੇਲੇ ਦਿੱਲੀ ਤੋਂ ਵਾਪਸ ਪਰਤੇ ਸਨ ਅਤੇ ਪਟਿਆਲਾ ਪਹੁੰਚਣ’ਤੇ ਕੁਝ ਖ਼ਾਣ ਪੀਣ ਲਈ ਰੁਕੇ ਸਨ ਜਿੱਥੇ ਪੁਲਿਸ ਕਰਮੀ ਪੁੱਜੇ ਅਤੇ ਉਨ੍ਹਾਂ ਨੇ ਕਰਨਲ ਬਾਠ ਨੂੰ ਕਿਹਾ ਕਿ ਉਹ ਆਪਣੀ ਗੱਡੀ ਹਟਾਉਣ ਕਿਉਂਕਿ ਇੱਥੇ ਪੁਲਿਸ ਦੀ ਗੱਡੀ ਲਗਾਉਣੀ ਹੈ।
ਦੋਸ਼ ਹੈ ਕਿ ਸਹੀ ਭਾਸ਼ਾ ਵਰਤੇ ਜਾਣ ’ਤੇ ਇਤਰਾਜ਼ ਪ੍ਰਗਟ ਕਰਦਿਆਂ ਅਤੇ ਫ਼ੌਜ ਵਿੱਚ ਕਰਨਲ ਹੋਣ ਦਾ ਹਵਾਲਾ ਦਿੱਤੇ ਜਾਣ ਦੇ ਬਾਵਜੂਦ ਨਾ ਕੇਵਲ ਕਰਨਲ ਬਾਠ ਨਾਲ ਕੁੱਟਮਾਰ ਕੀਤੀ ਗਈ ਸਗੋਂ ਉਨਾਂ ਦੇ ਬੇਟੇ ਦੇ ਆਪਣੇ ਪਿਤਾ ਨੂੰ ਬਚਾਉਣ ਲਈ ਸਾਹਮਣੇ ਆਉਣ ’ਤੇ ਉਸਦੀ ਵੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ।
ਹੁਣ ਇਸ ਮਾਮਲੇ ’ਤੇ ਕਾਰਵਾਈ ਕਰਦਿਆਂ ਸ: ਨਾਨਕ ਸਿੰਘ ਐੱਸ.ਐੱਸ.ਪੀ.ਪਟਿਆਲਾ ਨੇ ਐੱਸ.ਐੱਚ.ਉ. ਸਣੇ 12 ਪੁਲਿਸ ਕਰਮੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ। ਐੱਸ.ਐੱਸ.ਪੀ.ਅਨੁਸਾਰ ਇਹ ਜਾਂਚ 45 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ।
ਐੱਸ.ਐੱਸ.ਪੀ.ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਮੁਆਫ਼ੀ ਮੰਗਦੀ ਹੈ ਅਤੇ ਉਹ ਫ਼ੌਜ ਦਾ ਪੂਰਾ ਸਨਮਾਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਪਰਿਵਾਰ ਨੇ ਦੋਸ਼ ਲਗਾਏ ਸਨ ਕਿ ਘਟਨਾ ਕੈਮਰੇ ’ਤੇ ਕੈਦ ਹੋਏ ਹੋਣ ਦੇ ਬਾਵਜੂਦ ਬੜੀ ਹੀ ਮੁਸ਼ਕਿਲ ਨਾਲ ਦਰਜ ਕੀਤੀ ਗਈ ਐਫ.ਆਈ.ਆਰ. ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ’ਤੇ ਨਾ ਕੇਵਲ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਸੀ ਸਗੋਂ ਉਨ੍ਹਾਂ ਨੂੰ ਸ਼ਿਕਾਇਤ ਵਾਪਸ ਲੈਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।