ਯੈੱਸ ਪੰਜਾਬ
ਚੰਡੀਗੜ੍ਹ, 18 ਸਤੰਬਰ, 2021:
ਪੰਜਾਬ ਕਾਂਗਰਸ ਦੇ ਭਰੋਸੇਯੋਗ ਸੂਤਰਾਂ ਦਾ ਦਾਅਵਾ ਹੈ ਕਿ ਕਾਂਗਰਸ ਦੀ ਕੇਂਦਰੀ ਹਾਈਕਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗ ਲਿਆ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਸਨਿਚਰਵਾਰ ਸ਼ਾਮ 5 ਵਜੇ ਕਾਂਗਰਸ ਭਵਨ ਵਿਖ਼ੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ‘ਬਾਇੱਜ਼ਤ ਅਤੇ ਸੁਰੱਖ਼ਿਅਤ ਲਾਂਘਾ’ ਦੇਣ ਦੇ ਮੰਤਵ ਨਾਲ ਮੁੱਖ ਮੰਤਰੀ ਤਕ ਇਹ ਸਲਾਹ ਭੇਜ ਦਿੱਤੀ ਗਈ ਹੈ ਕਿ ਉਹ ‘ਗਰੇਸਫੁੱਲ ਐਗਜ਼ਿਟ’ ਲੈਂਦੇ ਹੋਏ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦੇਣ।
ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਅੱਜ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸਥਿਤੀ ਉਨ੍ਹਾਂ ਲਈ ਅਸੁਖ਼ਾਵੀਂ ਹੋ ਸਕਦੀ ਹੈ ਅਤੇ ਇਹ ਉਹਨਾਂ ਦੇ ਕੱਦ ਵਾਲੇ ਪਾਰਟੀ ਆਗੂ ਲਈ ਠੀਕ ਨਹੀਂ ਹੋਵੇਗਾ।
ਉੱਧਰ ਕੈਪਟਨ ਕੈਂਪ ਨਾਲ ਜੁੜੇ ਦੋ ਵਿਧਾਇਕਾਂ ਅਤੇ ਸੀ.ਐਮ.ੳ. ਦੇ ਭਰੋਸੇਯੋਗ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਅਸਤੀਫ਼ਾ ਮੰਗਣ ਦੀਆਂ ਖ਼ਬਰਾਂ ਠੀਕ ਨਹੀਂ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਸ਼ਾਮ 5 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਸਿਸਵਾਂ ਫ਼ਾਰਮ ਹਾਊਸ ਵਿਖ਼ੇ ਦੁਪਹਿਰ 2 ਵਜੇ ਆਪਣੇ ਸਮਰਥਕ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ ਹੈ ਪਰ ਇਹ ਵੀ ਖ਼ਬਰ ਹੈ ਕਿ ਹਾਈਕਮਾਨ ਦੇ ਰੌਂਅ ਨੂੰ ਵੇਖ਼ਦਿਆਂ ਕਈ ਵਿਧਾਇਕ ਇਸ ਮੀਟਿੰਗ ਵਿੱਚ ਜਾਣ ਤੋਂ ਕਤਰਾ ਰਹੇ ਹਨ।
ਮੁੱਖ ਮੰਤਰੀ ਕੈਂਪ ਦੇ ਮੰਨੇ ਜਾਂਦੇ ਸ੍ਰੀ ਰਾਜ ਕੁਮਾਰ ਵੇਰਕਾ ਨੇ ਹੀ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਅ ਸਪਸ਼ਟ ਕੀਤਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਕਿਸੇ ਮੀਟਿੰਗ ਦਾ ਸੱਦਾ ਆਇਆ ਹੈ ਅਤੇ ਨਾ ਹੀ ਉਹ ਕਿਸੇ ਮੀਟਿੰਗ ਵਿੱਚ ਜਾਣਗੇ, ਉਹ ਕੇਵਲ ਵਿਧਾਇਕ ਦਲ ਦੀ 5 ਵਜੇ ਹੋਣ ਵਾਲੀ ਮੀਟਿੰਗ ਵਿੱਚ ਹੀ ਸ਼ਾਮਲ ਹੋਣਗੇ। ਉੱਧਰ ਸੂਤਰ ਇਹ ਵੀ ਦਾਅਵਾ ਕਰ ਰਹੇ ਹਨ ਕਿ ਕਾਂਗਰਸ ਹਾਈਕਮਾਨ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੋਈ ਵੀ ਹੋਰ ਮੀਟਿੰਗ ਨਾ ਕਰਨ ਲਈ ਕਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ