ਯੈੱਸ ਪੰਜਾਬ
ਹੁਸ਼ਿਆਰਪੁਰ, 18 ਮਾਰਚ, 2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ Harjinder Singh Dhami, ਜਿਨ੍ਹਾਂ ਨੇ ਬੀਤੀ 17 ਫ਼ਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਨੇ ਅੱਜ ਐਲਾਨ ਕੀਤਾ ਕਿ ਉਹ ਦੋ ਚਾਰ ਦਿਨਾਂ ਵਿੱਚ ਹੀ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ।
ਐਡਵੋਕੇਟ Dhami ਨੇ ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ Sukhbir Singh Badal ਅਤੇ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਦੀ ਹਾਜ਼ਰੀ ਵਿੱਚ ਕੀਤਾ, ਜੋ ਅੱਜ ਉਨ੍ਹਾਂ ਨੂੰ ਮਨਾਉਣ ਲਈ ਕੁਝ ਹੋਰ ਪਾਰਟੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਸ: ਧਾਮੀ ਦੇ ਹੁਸ਼ਿਆਰਪੁਰ ਸਥਿਤ ਗ੍ਰਹਿ ਵਿਖੇ ਪੁੱਜੇ ਸਨ।
ਯਾਦ ਰਹੇ ਕਿ ਬੀਤੇ ਕਲ੍ਹ ਚੰਡੀਗੜ੍ਹ ਵਿਖੇ ਹੋਏ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਸ: ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰਦਿਆਂ ਅੰਤਰਿੰਗ ਕਮੇਟੀ ਦੇ ਸਾਰੇ ਮੈਂਬਰ ਚੰਡੀਗੜ੍ਹ ਤੋਂ ਚੱਲ ਕੇ ਹੁਸ਼ਿਆਰਪੁਰ ਸਥਿਤ ਸ: ਧਾਮੀ ਦੇ ਗ੍ਰਹਿ ਵਿਖੇ ਗਏ ਸਨ ਜਿਸ ਮਗਰੋਂ ਅੱਜ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸ: ਭੂੰਦੜ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਅਤੇ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਸੰਭਾਲਣ ਲਈ ਮਨਾ ਲਿਆ।
ਇਸ ਮੌਕੇ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸ: ਭੂੰਦੜ ਨੇ ਕਿਹਾ ਕਿ ਸ: ਧਾਮੀ ਇੱਕ ਧਾਰਮਿਕ ਅਤੇ ਪਾਰਟੀ ਪ੍ਰਤੀ ਸਮਰਪਿਤ ਸ਼ਖਸੀਅਤ ਹਨ ਅਤੇ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਥਕ ਮਾਮਲਿਆਂ ਵਿੱਚ ਪਾਰਟੀ ਲੀਡਰਸ਼ਿਪ ਦੇ ਕਥਿਤ ਦਬਾਅ ਦੇ ਚੱਲਦਿਆਂ ਸ: ਧਾਮੀ ਨੇ 17 ਫ਼ਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ। ਇਸ ਮਗਰੋਂ 2 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ 5 ਮੈਂਬਰ 19 ਫ਼ਰਵਰੀ ਨੂੰ ਸ: ਧਾਮੀ ਨੂੰ ਮਨਾਉਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ ਪਰ ਇਸ ਦਾ ਅਸਰ ਵੇਖ਼ਣ ਨੂੰ ਨਹੀਂ ਮਿਲਿਆ ਸੀ।
ਇਸ ਮਗਰੋਂ 25 ਫ਼ਰਵਰੀ ਨੂੰ ਸ: ਬਿਕਰਮ ਸਿੰਘ ਮਜੀਠੀਆ ਅਤੇ 28 ਫ਼ਰਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ: ਧਾਮੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੁੜ ਅਹੁਦਾ ਸੰਭਾਲਣ ਦੀ ਅਪੀਲ ਕੀਤੀ ਸੀ ਪਰ ਸ: ਧਾਮੀ ਆਪਣੀ ਗੱਲ ’ਤੇ ਅੜੇ ਰਹੇ ਸਨ ਪਰ ਅੱਜ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸ: ਭੂੰਦੜ ਦੇ ਆਪਣੇ ਗ੍ਰਹਿ ਪੁੱਜਣ ’ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਮੁੜ ਸੇਵਾ ਸੰਭਾਲਣ ਦਾ ਐਲਾਨ ਕੀਤਾ ਹੈ।