ਯੈੱਸ ਪੰਜਾਬ
ਨਵੀਂ ਦਿੱਲੀ, 23 ਨਵੰਬਰ, 2022:
ਪੰਜਾਬ ਸਰਕਾਰ ਦੇ ਖਿਲਾਫ਼ ਪਹਿਲਾਂ 6 ਥਾਂਵਾਂ ’ਤੇ ਧਰਨੇ ਅਤੇ ਸੜਕਾਂ ਜਾਮ ਕਰਨ ਦਾ ਐਲਾਨ ਕਰਨ ਅਤੇ ਲੰਘੇ ਸਨਿਚਰਵਾਰ ਤੋਂ ਫ਼ਰੀਦਕੋਟ ’ਚ ਮਰਨਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸ: ਜਗਜੀਤ ਸਿੰਘ ਡੱਲੇਵਾਲ ’ਤੇ ਉਹਨਾਂ ਦੇ ਆਪਣੇ ਹੀ ਪੁਰਾਣੇ ਸਾਥੀ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਰੁਲਦੂ ਸਿੰਘ ਮਾਨਸਾ ਨੇ ਤਿੱਖੇ ਨਿਸ਼ਾਨੇ ਸਾਧੇ ਹਨ।
ਸ: ਰੁਲਦੂ ਸਿੰਘ ਮਾਨਸਾ ਨੇ ਸ: ਡੱਲੇਵਾਲ ਪ੍ਰਤੀ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਆਖ਼ਿਆ ਕਿ ਪੰਜਾਬ ਵਿੱਚ ਧਰਨੇ ਅਤੇ ਮਰਨਵਰਤ ਸ: ਡੱਲੇਵਾਲ ਦਾ ਮੂਰਖ਼ਤਾ ਭਰਿਆ ਕਦਮ ਹੈ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸ: ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸ: ਡੱਲੇਵਾਲ ਭਾਜਪਾ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਧਰਨਾ ਦੇ ਰਹੇ ਹਨ ਅਤੇ ਇਹ ਸਭ ਕੁਝ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਗੁਜਰਾਤ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਲਗਾਤਾਰ ਚੋਣ ਪ੍ਰਚਾਰ ਵਾਸਤੇ ਜਾ ਰਹੇ ਹਨ ਅਤੇ ਚੋਣਾਂ ਨੂੰ ਕੁਝ ਹੀ ਦਿਨ ਰਹਿੰਦਿਆਂ ਸ: ਰੁਲਦੂ ਸਿੰਘ ਮਾਨਸਾ ਨੇ ਭਾਜਪਾ ਵੱਲੋਂ ਦਿੱਤੀ ਇਹ ਡਿਊਟੀ ਸਾਂਭੀ ਹੈ।
ਉਹਨਾਂ ਆਖ਼ਿਆ ਕਿ ਮਰਨ ਵਰਤ ਨਾਲ ਮਸਲੇ ਹੱਲ ਨਹੀਂ ਹੁੰਦੇ ਅਤੇ ਅਸੀਂ ਭੁੱਖੇ ਰਹਿ ਕੇ ਨਹੀਂ ਸਰਕਾਰ ਨਾਲ ਲੜ ਕੇ ਮਰਨ ਵਾਲੇ ਲੋਕ ਹਾਂ। ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਰਾਏ ਦਿੱਤੀ ਸੀ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਧਰਨਾ ਚੰਡੀਗੜ੍ਹ ਲਾ ਲਿਆ ਜਾਵੇ ਪਰ ਸ: ਡੱਲੇਵਾਲ ਦੀ ਜ਼ਿਦ ਕਾਰਨ ਪੰਜਾਬ 6 ਥਾਂਵਾਂ ਵਿੱਚ ਵੰਡਿਆ ਪਿਆ ਹੈ ਅਤੇ ਆਮ ਲੋਕ ਜੋ ਸਾਡੀ ਕਿਸਾਨਾਂ ਦੀ ਇੱਜ਼ਤ ਕਰਦੇ ਸਨ, ਨਾ ਕੇਵਲ ਤੰਗ ਹੋ ਰਹੇ ਹਨ, ਸਗੋਂ ਸਾਡੇ ਤੋਂ ਦੂਰ ਵੀ ਜਾ ਰਹੇ ਹਨ।
ਉਹਨਾਂ ਕਿਹਾ ਕਿ ਦਿੱਲੀ ਵਿੱਚ ਅੰਦੋਲਨ ਵੇਲੇ ਦੀਆਂ ਹੀ ਭਾਜਪਾ ਵੱਲੋਂ ਸ:ਡੱਲੇਵਾਲ ਦੀਆਂ ਚਾਰ ਡਿਊਟੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਅੰਦੋਲਨ ਦੇ ਵਿਰੋਧੀਆਂ ਨਾਲ ਮੀਟਿੰਗਾਂ ਕਰਨੀਆਂ, ਅੰਦੋਲਨ ਵਿੱਚ ਦਹਿਸ਼ਤ ਫ਼ੈਲਾਉਣੀ, ਅੰਦੋਲਨ ਦੇ ਪੈਸੇ ਖ਼ਤਮ ਕਰਨੇ ਅਤੇ ਅੰਦੋਲਨ ਵਿੱਚ ਫੁੱਟ ਪਾਉਣ ਜਿਹੀ ਜ਼ਿੰਮੇਵਾਰੀ ਮਿਲੀ ਹੋਈ ਸੀ ਜਿਸਨੂੰ ਹੁਣ ਸ: ਡੱਲੇਵਾਲ ਨੇ ਗੱਲ ਸਿਰੇ ਚਾੜ੍ਹ ਦਿੱਤੀ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ