ਯੈੱਸ ਪੰਜਾਬ
ਗੁਰੂ ਹਰਸਹਾਏ, 30 ਅਕਤੂਬਰ, 2022:
ਢਾਈ ਕਰੋੜ ਰੁਪਏ ਦੀ ‘ਡੀਲ’ ਵਾਲੀ ਇਕ ਵਾਇਰਲ ਆਡੀਓ ਕਾਰਨ ਪਹਿਲਾਂ ਹੀ ਚਰਚਾ ਅਤੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਉਣ ਉਪਰੰਤ ਸਰਕਾਰ ਦੇ ਗ਼ਲੇ ਦੀ ਹੱਡੀ ਬਣੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਹੁਣ ਇਕ ਨਵਾਂ ਵਿਵਾਦ ਸਹੇੜ ਲਿਆ ਹੈ।
ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਮਾਮਲਿਆਂ ਦੇ ਦੋਸ਼ੀ, ਸੁਨਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਇਸ ਵੇਲੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਸਿਰਸਾ ਮੁਖ਼ੀ ਰਾਮ ਰਹੀਮ ਦੇ ਗੁਰੂ ਹਰ ਸਹਾਏ ਸਥਿਤ ਨਾਮ ਚਰਚਾ ਘਰ ਵਿੱਚ ਨਤਮਸਤਕ ਹੋਣ ਪੁੱਜੇ ਫ਼ੌਜਾ ਸਿੰਘ ਸਰਾਰੀ ਦੀ ਇਕ ਵੀਡੀਓ ਅਤੇ ਇਕ ਤਸਵੀਰ ਵਾਇਰਲ ਹੋਈਆਂ ਹਨ ਜਿਸ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਸਰਾਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸ ਫ਼ੇਰੀ ਦੀ ਪੁਸ਼ਟੀ ਡੇਰਾ ਕਮੇਟੀ ਦੇ ਇਕ ਮੈਂਬਰ ਨੇ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਲੰਘਦੇ ਜਾਂਦੇ ਇੱਧਰ ਆ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਰਾਮ ਰਹੀਮ ਦੀ ਪੈਰੋਲ ਦੌਰਾਨ ਵੱਖ ਵੱਖ ਡੇਰਿਆਂ ਵਿੱਚ ਪੁੱਜ ਕੇ ਰਾਮ ਰਹੀਮ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦੀਆਂ ਖ਼ਬਰਾਂ ਪਹਿਲਾਂ ਹੀ ਸੁਰਖ਼ੀਆਂ ਬਣੀਆਂ ਹੋਈਆਂ ਹਨ ਪਰ ਆਪਣੀ ਉਕਤ ਨਾਮ ਚਰਚਾ ਘਰ ਦੀ ਫ਼ੇਰੀ ਨਾਲ ਫ਼ੌਜਾ ਸਿੰਘ ਸਰਾਰੀ ਪੰਜਾਬ ਦੇ ਪਹਿਲੇ ਰਾਜਨੇਤਾ ਬਣ ਗਏ ਹਨ ਜਿਹੜੇ ਡੇਰੇ ਨਾਲ ਸੰਬੰਧਤ ਨਾਮ ਚਰਚਾ ਘਰ ਵਿੱਚ ਪੁੱਜੇ ਹਨ।
ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਲ ਵੀਡੀਓ ਅਤੇ ਤਸਵੀਰ ਵਿੱਚ ਸਰਾਰੀ ਦੀ ਪਤਨੀ ਅਤੇ ਉਨ੍ਹਾਂ ਦੇ ਸੁਰੱਖ਼ਿਆ ਕਰਮੀਆਂ ਤੋਂ ਇਲਾਵਾ ਕੁਝ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ