ਯੈੱਸ ਪੰਜਾਬ
ਚੰਡੀਗੜ੍ਹ, 19 ਨਵੰਬਰ, 2022 –
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਨੇ ‘ਫਤਹਿ-ਦਿਵਸ’ ਮਨਾਇਆ।
ਜਥੇਬੰਦੀਆਂ ਵੱਲੋਂ ਪਿੰਡਾਂ ਦੀਆਂ ਸੱਥਾਂ ‘ਚ ਇਕੱਠ ਕਰਦਿਆਂ ਅੰਦੋਲਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆ, ਸ਼ਹੀਦ ਹੋਏ 700 ਦੇ ਕਰੀਬ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਰਾਤ ਵੇਲੇ ਘਰਾਂ ‘ਤੇ ਦੀਪਮਾਲਾ ਵੀ ਕੀਤੀ ਗਈ।
ਪਿਛਲੇ ਸਾਲ 19 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਗਈ ਸੀ।
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ‘ਤੇ ਚੱਲੇ ਵਿਸ਼ਵ ਭਰ ‘ਚ ਚਰਚਿਤ ਰਹੇ ਕਿਸਾਨ-ਅੰਦੋਲਨ ਨੂੰ ਲੋਕ ਯੁੱਗਾਂ ਤੱਕ ਯਾਦ ਰੱਖਣਗੇ। ਭਾਵੇਂ ਕਿ 3 ਕਾਲੇ ਕਾਨੂੰਨਾਂ ਦੇ ਰੱਦ ਹੋ ਜਾਣ ‘ਤੇ ਕਿਸਾਨ ਵਾਪਿਸ ਪਿੰਡਾਂ ਨੂੰ ਪਰਤ ਆਏ ਸਨ, ਪ੍ਰੰਤੂ ਹਾਲੇ ਵੀ ਕੁੱਝ ਮੰਗਾਂ ਲਟਕਦੀਆਂ ਆ ਰਹੀਆਂ ਹਨ।
ਸਾਰੀਆਂ ਫਸਲਾਂ ਲਈ ਲਾਜ਼ਮੀ ਘੱਟੋ-ਘੱਟ ਸਮਰਥਨ ਮੁੱਲ(ਐਮਐਸਪੀ) ਲਈ ਕਾਨੂੰਨ ਅਤੇ ਲਖ਼ੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ 26 ਨਵੰਬਰ ਨੂੰ ਦੇਸ਼-ਭਰ ‘ਚ ਰਾਜ-ਭਵਨਾਂ ਵੱਲ ਮਾਰਚ ਕੀਤੇ ਜਾਣਗੇ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ