27.8 C
Delhi
Wednesday, May 1, 2024
spot_img
spot_img

ਕੋਰੋਨਾਵਾਇਰਸ ਦਾ ਫ਼ੈਲਾਅ ਰੋਕਣ ਲਈ ਪੰਜਾਬ ਸਰਕਾਰ ਨੇ ਲਏ ਇਹ ਮਹੱਤਵਪੂਰਨ ਫ਼ੈਸਲੇ!

ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਸਖ਼ਤ ਕਦਮ
ਮੰਤਰੀ ਸਮੂਹ ਨੇ ਸੂਬੇ ਵਿੱਚ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਟਰਾਂਸਪੋਰਟ ਦੀ ਆਵਾਜਾਈ ‘ਤੇ ਲਗਾਈ ਰੋਕ
• ਟੈਕਸੀ ਅਤੇ ਸਾਇਕਲ ਰਿਕਸ਼ਾ ਨੂੰ ਇਸ ਪਾਬੰਦੀ ਤੋਂ ਦਿੱਤੀ ਛੋਟ
• 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ
• ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੌਰਾਨ ਇਕੱਠ ਨੂੰ 20 ਵਿਅਕਤੀਆਂ ਤੱਕ ਕੀਤਾ ਸੀਮਿਤ
• ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਖਾਣ-ਪੀਣ ਦੀ ਪਾਬੰਦੀ, ਬੈਂਕਟ ਹਾਲਜ਼ ਵਿੱਚ ਕਾਨਫਰੰਸ, ਸੈਮੀਨਾਰ ਅਤੇ ਹੋਰ ਸਮਾਗਮਾਂ ‘ਤੇ ਵੀ ਲਗਾਈ ਰੋਕ
• ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਭੋਜਨ ਦੀ ‘ਟੇਕ ਅਵੇਅ ਸਰਵਿਸ’ ਅਤੇ ਹੋਮ ‘ਡਲੀਵਰੀ’ ਦੀ ਦਿੱਤੀ ਆਗਿਆ
• ਵਿਦੇਸ਼ੀ ਯਾਤਰਾਂ ਤੋਂ ਪਰਤੇ ਲੋਕਾਂ ਲਈ ਘਰ ਵਿੱਚ ਅਲੱਗ ਰਹਿਣਾ ਲਾਜ਼ਮੀ
• ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਅਲੱਗ ਰੱਖਣ ਵਾਲੇ ਵਾਰਡਾਂ ਦੀ ਗਿਣਤੀ ਵਧਾਈ ਜਾਵੇਗੀ

ਚੰਡੀਗੜ੍ਹ, 19 ਮਾਰਚ, 2020 –

ਮੰਤਰੀ ਸਮੂਹ ਨੇ ਦੇਸ਼ ਵਿੱਚ ਕੋਵਿਡ-19 ਦੇ ਵੱਧ ਰਹੇ ਖਤਰੇ ਦਾ ਗੰਭੀਰ ਨੋਟਿਸ ਲੈਂਦਿਆਂ, ਮੰਤਰੀ ਸਮੂਹ ਨੇ ਅੱਜ ਲੋਕਾਂ ਨੂੰ ਬਿਨਾਂ ਕਿਸੇ ਐਮਰਜੈਂਸੀ ਦੇ ਘਰਾਂ ਤੋਂ ਬਾਹਰ ਜਾਣ ਤੋਂ ਰੋਕਣ ਲਈ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਸੂਬੇ ਵਿੱਚ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਟਰਾਂਸਪੋਰਟ (ਸਾਰਕਾਰੀ ਤੇ ਪ੍ਰਾਈਵੇਟ ਬੱਸਾਂ) ਦੀ ਆਵਾਜਾਈ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰੀ ਦਫਤਰਾਂ ਵਿੱਚ ਸਾਰੇ ਪ੍ਰਕਾਰ ਦੀਆਂ ‘ਪਬਲਿਕ ਡਿਲਿੰਗ’ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਸ਼ੱਕੀ ਮਾਮਲਿਆਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ, ਮੰਤਰੀ ਸਮੂਹ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਇਹ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਮੰਤਰੀ ਸਮੂਹ ਨੇ ਫੈਸਲਾ ਲਿਆ ਕਿ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਨ ਦਾ ਸਮਾਂ ਲੰਘ ਚੁੱਕਾ ਹੈ ਅਤੇ ਹੁਣ ਸਖ਼ਤ ਕਦਮ ਚੁੱਕਣ ਦਾ ਸਮਾਂ ਹੈ। ਮੰਤਰੀ ਸਮੂਹ ਨੇ ਫੈਸਲਾ ਕੀਤਾ ਕਿ ਲੋਕਾਂ ਨੂੰ ਬਿਨ੍ਹਾਂ ਕਿਸੇ ਐਮਰਜੈਂਸੀ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣਾ ਸਖ਼ਤ ਜ਼ਰੂਰੀ ਹੈ।

ਇਸ ਲਈ ਮੰਤਰੀ ਸਮੂਹ ਨੇ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਟਰਾਂਸਪੋਰਟ ਦੀ ਆਵਾਜਾਈ (ਸਾਰਕਾਰੀ ਤੇ ਪ੍ਰਾਈਵੇਟ ਬੱਸਾਂ) ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਪਰ ਟੈਕਸੀ ਅਤੇ ਸਾਇਕਲ ਰਿਕਸ਼ਾ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।

ਮੰਤਰੀ ਸਮੂਹ ਵੱਲੋਂ ਇਕ ਹੋਰ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਵੱਖ-ਵੱਖ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਅਦਾਰਿਆਂ ਵਿਚ ਨਿਰਧਾਰਤ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ ਵਿਚ ਵਾਧਾ ਕਰਨਾ ਅਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲਬਧਤਾ ਅਤੇ ਦਵਾਈਆਂ ਦੇ ਢੁਕਵੇਂ ਸਟਾਕ ਦੀ ਉਪਲੱਬਧਤਾ ਨੂੰ ਯਕੀਨੀ ਬਣਾ ਕੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।

ਇਸੇ ਤਰ੍ਹਾਂ ਹਸਪਤਾਲਾਂ ਵਿਚ ਰੋਜ਼ਾਨਾਂ ਦੀਆਂ ਓਪੀਡੀ ਸੇਵਾਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਸਾਰੇ ਹਸਪਤਾਲਾਂ ਅਤੇ ਪੀਐਚਸੀ ਵਿਚ ਐਮਰਜੈਂਸੀ ਸੇਵਾਵਾਂ ਦਿਨ-ਰਾਤ ਜਾਰੀ ਰੱਖੀਆਂ ਜਾਣਗੀਆਂ। ਮੰਤਰੀ ਸਮੂਹ ਨੇ ਸਾਰੇ ਡੈਂਟਲ ਕਾਲਜਾਂ ਅਤੇ ਹਸਪਤਾਲਾਂ ਨੂੰ 31 ਮਾਰਚ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੈਡੀਕਲ ਕਾਲਜਾਂ ਵਿੱਚ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ ਤੀਜੇ ਅਤੇ ਚੌਥੇ ਸਾਲ ਦੀਆਂ ਕਲਾਸਾਂ ਜਾਰੀ ਰੱਖੀਆਂ ਜਾਣਗੀਆਂ।

ਇਸੇ ਤਰ੍ਹਾਂ ਨਰਸਿੰਗ ਕਾਲਜਾਂ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਦੂਜੇ ਸਾਲ ਤੋਂ ਨਰਸਿੰਗ ਵਿਦਿਆਰਥੀਆਂ ਦੀਆਂ ਕਲਾਸਾਂ ਜਾਰੀ ਰੱਖੀਆਂ ਜਾਣਗੀਆਂ। ਕਿਸੇ ਵੀ ਸੰਭਾਲ ਹਾਲਾਤ ਵਿੱਚ ਮੈਡੀਕਲ ਕਾਲਜਾਂ ਦੇ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਕੋਵਿਡ-19 ਦੇ ਪੀੜਤਾਂ ਦੀ ਦੇਖ-ਭਾਲ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਮੰਤਰੀ ਸਮੂਹ ਨੇ ਵਿਆਹ ਅਤੇ ਅੰਤਿਮ ਸੰਸਕਾਰ ਵਰਗੇ ਕਿਸੇ ਵੀ ਸਮਾਗਮ ਲਈ ਇਕੱਠ ਨੂੰ 20 ਵਿਅਕਤੀਆਂ ਤੱਕ ਦੇ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਹੈਂਡ ਵਾਸ਼ਿੰਗ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਢੁਕਵੀਂ ਸਫਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਸੀ.ਬੀ.ਐਸ.ਸੀ. ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਦੇਖਦਿਆਂ ਮੰਤਰੀ ਸਮੂਹ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਮੰਤਰੀ ਸਮੂਹ ਨੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਪਿਛਲੇ 15 ਦਿਨਾਂ ਦੌਰਾਨ ਕਿਸੇ ਵੀ ਦੇਸ਼ ਤੋਂ ਪਰਤੇ ਯਾਤਰੀਆਂ ਲਈ 14 ਦਿਨਾਂ ਤੱਕ ਆਪਣੇ ਘਰਾਂ ਵਿਚ ਅਲੱਗ ਰਹਿਣ ਸਬੰਧੀ ਹੋਮ ਕੁਆਰੰਟੀਨ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਅਜਿਹੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਯਾਤਰੀਆਂ ਨੂੰ ਅਮਿੱਟ ਸਿਆਹੀ ਨਾਲ ਲਾਜ਼ਮੀ ਮੋਹਰ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ ਤਾਂ ਜੋ ਬਾਹਰ ਨਿਕਲਣ ਦੀ ਸੂਰਤ ਵਿੱਚ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਪ੍ਰਵਾਸੀ ਭਾਰਤੀ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਲੋਕਾਂ ਦੀ ਸੁਰੱਖਿਆ ਹਿੱਤ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਸਕੇ।

ਸਾਰੇ ਡਿਪਟੀ ਕਮਿਸ਼ਨਰਾਂ, ਐਸਐਸਪੀਜ਼, ਸੀਐਮਓਜ਼, ਐਸਐਮਓਜ਼ ਨੂੰ ਸਟੇਸ਼ਨ ਨਾ ਛੱਡਣ ਹਦਾਇਤ ਕੀਤੀ ਗਈ ਹੈ।

ਮੀਟਿੰਗ ਦੌਰਾਨ ਮੰਤਰੀ ਸਮੂਹ ਦੇ ਮੈਂਬਰ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਨਾਲ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ, ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਸਕੂਲ ਸਿੱਖਿਆ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਪੀ.ਐਚ.ਐਸ.ਸੀ. ਦੇ ਐਮਡੀ ਸ੍ਰੀ ਮਨਵੇਸ਼ ਸਿੰਘ ਸਿੱਧੂ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਸਕੱਤਰ ਸਿਹਤ ਸ੍ਰੀ ਕੁਮਾਰ ਰਾਹੁਲ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਅਵਨੀਤ ਕੌਰ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION