27.8 C
Delhi
Wednesday, May 1, 2024
spot_img
spot_img

ਤ੍ਰਿਪਤ ਬਾਜਵਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲੇ, ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਣ ਦਾ ਹੱਕ ਸਾਰੇ ਚੈਨਲਾਂ ਨੂੰ ਦੇਣ ਦੀ ਅਪੀਲ

ਅੰਮ੍ਰਿਤਸਰ, 14 ਫਰਵਰੀ, 2020:

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਸਿੱਖ ਆਗੂਆਂ ਦੇ ਇੱਕ ਵਫਦ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਂਦੇ ਸਿੱਧੇ ਕੀਰਤਨ ਪ੍ਰਸਾਰਨ ਉੱਤੋਂ ਪੀ.ਟੀ.ਸੀ. ਟੀਵੀ ਚੈਨਲ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਂੜੀਦੇ ਹੁਕਮ ਦੇਣ।ਸਿੱਖ ਆਗੂਆਂ ਨੇ ਕਿਹਾ ਕਿ ਗੁਰਬਾਣੀ ਕੋਈ ਸੰਸਾਰਕ ਵਸਤ ਨਹੀਂ ਹੈ ਜਿਸ ਨੂੰ ਕੁਝ ਟਕਿਆਂ ਬਦਲੇ ਕਿਸੇ ਇੱਕ ਟੀਵੀ ਚੈਨਲ ਨੂੰ ਵੇਚਿਆ ਜਾ ਸਕੇ ਸਗੋਂ ਇਹ ਪੂਰੀ ਮਨੁੱਖਤੇ ਦੇ ਭਲੇ ਲਈ ਇੱਕ ਸਰਬਸਾਂਝਾ ਸੰਦੇਸ਼ ਹੈ ਜਿਹੜਾ ਦੁਨੀਆਂ ਦੇ ਕੋਣੇ-ਕੋਣੇ ਵਿਚ ਪਹੁੰਚਣਾ ਚਾਹੀਦਾ ਹੈ।

ਸਿੱਖ ਆਗੂਆਂ ਦੇ ਇਸ ਵਫ਼ਦ ਵਲੋਂ ਦਿੱਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਿਰਫ਼ ਇਕ ਸੀਮਤ ਪ੍ਰਸਾਰਨ ਘੇਰੇ ਅਤੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੰਜਾਬੀ ਚੈਨਲ ਪੀਟੀਸੀ ਨੂੰ ਕੁਝ ਕੁ ਰਕਮ ਬਦਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਹੱਕ ਦੇਣ ਨੂੰ ਕਿਸੇ ਤਰਾਂ ਵੀ ਦਰੁੱਸਤ ਨਹੀਂ ਮੰਨਿਆ ਜਾ ਸਕਦਾ।ਇਹ ਵੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਕੋਈ ਵਪਾਰਕ ਅਦਾਰਾ ਨਹੀਂ ਹੈ ਸਗੋਂ ਇੱਕ ਮਿਸ਼ਨਰੀ ਸੰਸਥਾ ਹੈ, ਇਸ ਲਈ ਕੁਝ ਰਕਮ ਬਦਲੇ ਇੱਕ ਟੀਵੀ ਚੈਨਲ ਨੂੰ ਕੀਰਤਨ ਪ੍ਰਸਾਰਣ ਦੇ ਹੱਕ ਦੇਣ ਦੀ ਥਾਂ ਹਰ ਸ਼੍ਰੋਮਣੀ ਕਮੇਟੀ ਹਰ ਉਸ ਟੀਵੀ ਜਾਂ ਰੇਡੀਓ ਚੈਨਲ ਨੂੰ ਮੁਫ਼ਤ ਸਿਗਨਲ ਮੁਹੱਈਆ ਕਰਵਾਵੇ ਜਿਹੜਾ ਵੀ ਇੱਕ ਮਿੱਥੀ ਗਈ ਮਰਿਯਾਦਾ ਅੰਦਰ ਰਹਿ ਕੇ ਗੁਰਬਾਣੀ ਕੀਰਤਨ ਪ੍ਰਸਾਰਨ ਕਰਨਾ ਚਾਹੁੰਦਾ ਹੈ।

ਸਿੱਖ ਆਗੂਆਂ ਨੇ ਕਿਹਾ ਕਿ ਜਿਸ ਤਰਾਂ ਸਿੱਖ ਸੰਗਤ ਪਾਕਿਸਤਾਨ ਵਿਚ ਰਹਿ ਗਏ ਪਾਵਨ ਗੁਰਧਾਮਾਂ ਦੇ “ਖੁੱਲੇ ਦਰਸ਼ਨ ਦੀਦਾਰਾਂ“ ਲਈ ਤਾਂਘ ਰਹੀ ਹੈ ਉਸੇ ਤਰਾਂ ਹੀ ਸਿੱਖ ਸੰਗਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਸਮੇਂ “ਖੁੱਲ੍ਹੇ ਪ੍ਰਸਾਰਨ“ ਦੀ ਵੀ ਇੱਛਾ ਹੈ।1982 ਵਿਚ ਸ਼ੁਰੂ ਹੋਏ ਧਰਮਯੁੱਧ ਮੋਰਚੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿੰਨੇ ਵੀ ਮੋਰਚੇ ਲੱਗੇ ਹਨ ਸਾਰਿਆਂ ਵਿਚ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਦੀ ਮੰਗ ਪ੍ਰਮੁੱਖ ਰਹੀ ਹੈ।ਇਸ ਲਈ ਹਰਿਮੰਦਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਦੀ ਇਜ਼ਾਜ਼ਤ ਬੜੇ ਵੱਡੇ ਸੰਘਰਸ਼ਾਂ ਤੋਂ ਬਾਅਦ ਮਿਲੀ ਹੈ ਜਿਸ ਨੂੰ ਇੱਕ ਚੈਨਲ ਤੱਕ ਮਹਿਦੂਦ ਕਰਨਾ ਸਰਾਸਰ ਗਲਤ ਹੈ।

ਸਿੱਖ ਵਫਦ ਨੇ ਜਥੇਦਾਰ ਨੂੰ ਇਹ ਵੀ ਯਾਦ ਕਰਾਇਆ ਕਿ ‘ਗੁਰਾਂ ਦੇ ਨਾਂ ਉੱਤੇ ਜਿਉਣ ਵਾਲੇ‘ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਵਿਧਾਨ ਸਭਾ ਨੇ 6 ਨਵੰਬਰ 2019 ਨੂੰ ਬੁਲਾਏ ਗਏ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੇ ਵਿਸ਼ੇਸ਼ ਅਜਲਾਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਸਮੇਤ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਅਪੀਲ ਵੀ ਕੀਤੀ ਹੋਈ ਹੈ।ਉਹਨਾਂ ਇਹ ਵੀ ਦਸਿਆ ਕਿ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ 18 ਨਵੰਬਰ 2019 ਨੂੰ ਆਪ ਜੀ ਨੂੰ ਲਿਖੇ ਇੱਕ ਪੱਤਰ ਰਾਹੀਂ ਇਹ ਮਾਮਲਾ ਵੀ ਧਿਆਨ ਵਿਚ ਲਿਆਂਦਾ ਜਾ ਚੁੱਕਿਆ ਹੈ।
ਜਥੇਦਾਰ ਸਾਹਿਬ ਨੂੰ ਇਹ ਵੀ ਦਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਬਹੁਮੱਤ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ 1996 ਅਤੇ 2004 ਵਿਚ ਹੋਈ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ ਸਮੇਂ ਚੋਣ ਮੈਨੀਫੈਸਟੋ ਵਿਚ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਸੀ ਕਿ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਆਪਣਾ ਟੀ.ਵੀ. ਚੈਨਲ ਸਥਾਪਤ ਕਰੇਗੀ।ਪਰ ਸਿੱਖ ਸੰਗਤ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਅਧਿਕਾਰ ਇੱਕ ਨਿੱਜੀ ਟੀਵੀ ਨੂੰ ਦੇ ਕੇ ਸੰਗਤ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ। ਵਫਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ਼ ਇੱਕ ਚੈਨਲ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਦੇ ਕੇ ਸ਼੍ਰੋਮਣੀ ਕਮੇਟੀ ਆਪ ਹੀ ਗੁਰਬਾਣੀ ਦੇ ਚਾਨਣ ਨੂੰ ਕੀਰਤਨ ਰਾਹੀਂ ਘਰ ਘਰ ਪਹੰੁਚਣ ਦੇ ਰਾਹ ਵਿਚ ਰੋੜਾ ਬਣ ਰਹੀ ਹੈ।

ਜਥੇਦਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੰੁ ਭਰੋਸਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰ ਕੇ ਇਸ ਮਾਮਲੇ ਦਾ ਹੱਲ ਕੱਢਣਗੇ।

ਇਸ ਵਫਦ ਵਿਚ ਤੋਂ ਸ੍ਰੀ ਬਾਜਵਾ ਤੋਂ ਬਿਨਾਂ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਅਮਰੀਕ ਸਿੰਘ ਸ਼ਾਹਪੁਰ, ਸੁਰਜੀਤ ਸਿੰਘ ਤੁਗਲਵਾਲਾ, ਜਸਵੰਤ ਸਿੰਘ ਪੁੜੈਣ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਭਗਵੰਤਪਾਲ ਸਿੰਘ ਸੱਚਰ, ਮੈਂਬਰ, ਗਵਰਨਿੰਗ ਕੌਂਸਲ ਖਾਲਸਾ ਕਾਲਜ ਅਤੇ ਚੀਫ ਖਾਲਸਾ ਦੀਵਾਨ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION