27.8 C
Delhi
Wednesday, May 1, 2024
spot_img
spot_img

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖਸੀਅਤ – 9 ਜਨਵਰੀ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼: ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਦੁੱਤੀ ਹੈ, ਮਿਸਾਲੀ ਹੈ। ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਕਿ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, ਸਗੋਂ ਕਰਤਾ ਪੁਰਖ ਦਾ ਸ਼ੁਕਰਾਨਾ ਹੀ ਸ਼ੁਕਰਾਨਾ।

ਦਸਮੇਸ਼ ਪਿਤਾ ਜੀ ਦਾ ਸਾਰਾ ਜੀਵਨ ਹੀ ਮਾਨਵਤਾ ਲਈ ਸੀ, ਹਰ ਧਰਮ, ਹਰ ਵਰਗ, ਹਰ ਫਿਰਕੇ ਲਈ ਇਕਸਾਰ। ਆਪ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੈ। ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਸ਼ਬਦਾਂ ਵਿਚ ਬਿਆਨ ਤਾਂ ਕਰਦੇ ਹਾਂ ਪਰ ਸਾਡੇ ਸ਼ਬਦ ਸੀਮਤ ਹਨ, ਅਧੂਰੇ ਹਨ ਅਤੇ ਗੁਰੂ ਸਾਹਿਬ ਦੀ ਸੰਪੂਰਨਤਾ ਦੀ ਮੁਕੰਮਲ ਬਿਆਨੀ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਅਤੇ ਧਰਮ ਦੇ ਉਭਾਰ ਵਾਲੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਹੀ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ। ਗੁਰੂ ਸਾਹਿਬ ਆਪਣੇ ਉਦੇਸ਼ ਨੂੰ ‘ਬਚਿਤ੍ਰ ਨਾਟਕ’ ਵਿਚ ਸਪਸ਼ਟ ਕੀਤਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਭਾਰਤੀ ਇਤਿਹਾਸ ਵਿਚ ਇੱਕ ਇਨਕਲਾਬ ਦਾ ਆਰੰਭ ਸੀ। ਉਸ ਸਮੇਂ ਸਮਾਜ ਵਿਚ ਮਨੁੱਖੀ ਆਜ਼ਾਦੀ ਨੂੰ ਕਾਇਮ ਰੱਖਣਾ ਅਸੰਭਵ ਜਾਪਦਾ ਸੀ। ਉਨ੍ਹਾਂ 9 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਜ਼ੁਲਮ ਵਿਰੁੱਧ ਅਨੇਕਾਂ ਧਰਮ ਯੁੱਧ ਲੜੇ ਅਤੇ ਮੁਰਦਾ ਹੋ ਚੁੱਕੀ ਲੋਕਾਈ ਵਿਚ ਨਵੀਂ ਰੂਹ ਫੂਕੀ।

ਗੁਰੂ ਸਾਹਿਬ ਜੀ ਨੇ ਲੋਕਾਂ ਵਿਚ ਹਿੰਮਤ ਅਤੇ ਦਲੇਰੀ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿਚ ਰਣਜਿਤ ਨਗਾਰੇ ’ਤੇ ਚੋਟਾਂ ਲਗਵਾਈਆਂ, ਕੇਸਰੀ ਨਿਸ਼ਾਨ ਸਾਹਿਬ ਝੁਲਾਏ, ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਲੋਕਾਂ ਅੰਦਰ ਬਹਾਦਰੀ ਪੈਦਾ ਕਰਨ ਲਈ ਬੀਰ-ਰਸੀ ਸਾਹਿਤ ਦੀ ਰਚਨਾ ਕੀਤੀ ਤੇ ਕਰਵਾਈ, ਜਿਸ ਨੇ ਅਜਿਹਾ ਕ੍ਰਿਸ਼ਮਾ ਦਿਖਾਇਆ ਕਿ ਗੁਰੂ ਕੇ ਸਿੱਖ ਸਵਾ-ਸਵਾ ਲੱਖ ਨਾਲ ਇਕੱਲੇ ਲੜ ਗਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣਾ ਦੀ ਗੱਲ ਕਰੀਏ ਤਾਂ ਇਹ ਪੂਰੀ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲੀ ਘਟਨਾ ਸੀ। ਇਸ ਘਟਨਾ ਨਾਲ ਸੰਨ 1699 ਦੀ ਵੈਸਾਖੀ ਦਾ ਦਿਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ। ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ‘ਤੇ ਪਹੁੰਚਾ ਦਿੱਤਾ।

ਖਾਲਸਾ ਸਾਜ ਕੇ ਆਪ ਨੇ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਉਨ੍ਹਾਂ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ ਊਚ ਨੀਚ ਦਾ ਫਰਕ ਸਦਾ ਲਈ ਮਿਟਾ ਦਿੱਤਾ। ਏਨਾ ਹੀ ਨਹੀਂ, ਫਿਰ ਆਪ ਵੀ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਹ ਵੀ ਧਰਮਾਂ ਦੇ ਇਤਹਾਸ ਵਿਚ ਵਿਲੱਖਣ ਸੀ, ਕਿਉਂਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਉਦਾਹਰਣ ਨਹੀਂ ਸੀ ਮਿਲਦੀ ਕਿ ਕਿਸੇ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣੇ ਤੋਂ ਉਪਰ ਦਾ ਦਰਜਾ ਜਾਂ ਮਾਣ ਦਿੱਤਾ ਹੋਵੇ। ਇਹ ਮਾਣ ਕੇਵਲ ਦਸਮ ਪਾਤਸ਼ਾਹ ਜੀ ਨੇ ਹੀ ਆਪਣੇ ਖਾਲਸੇ ਨੂੰ ਬਖਸ਼ਿਆ। ਇਸੇ ਤਰ੍ਹਾਂ ਹੋਲਾ ਮਹੱਲਾ ਦਾ ਆਰੰਭ ਵੀ ਗੁਰੂ ਸਾਹਿਬ ਦੇ ਜੀਵਨ ਦਾ ਇਕ ਵਿਸ਼ੇਸ਼ ਕਾਰਨਾਮਾ ਹੈ ਜਿਸ ਨੇ ਸਿੱਖ ਕੌਮ ਨੂੰ ਸਵੈਮਾਣ, ਅਣਖ, ਦਲੇਰੀ, ਹਿੰਮਤ ਅਤੇ ਬੀਰਤਾ ਨਾਲ ਜੋੜਿਆ।

ਗੁਰੂ ਸਾਹਿਬ ਜੀ ਵੱਲੋਂ ਰਚੀ ਗਈ ਬਾਣੀ ਵੀ ਮਾਨਵਤਾ ਲਈ ਸੁਚੱਜੇ ਜੀਵਨ ਦੀ ਘਾੜਤ ਘੜਨ ਵਾਲੀ ਹੈ। ਆਪ ਨੇ ਆਪਣੀ ਬਾਣੀ ਵਿਚ ਪਾਖੰਡਵਾਦ ਅਤੇ ਕਰਮਕਾਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਆਪ ਨੇ ਉਪਦੇਸ਼ ਕੀਤਾ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ-ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੀਵਨ ਅਹਿਮ ਹੈ ਤੇ ਇਸ ਨੂੰ ਵਿਅਰਥ ਦੇ ਕਰਮਕਾਡਾਂ ਤੇ ਭਰਮ ਭੁਲੇਖਿਆਂ ਵਿਚ ਪੈ ਕੇ ਬਰਬਾਦ ਕਰਨ ਦਾ ਕੋਈ ਲਾਭ ਨਹੀਂ। ਕਰਤਾਪੁਰਖ ਤਾਂ ਸਹਿਜ ਤੇ ਪਿਆਰ ਦਾ ਮਾਰਗ ਹੈ। ਇਸ ਦੀ ਸਮਝ ਵਾਲੇ ਹੀ ਉਸ ਵਿਚ ਅਭੇਦ ਹੁੰਦੇ ਹਨ। ਗੁਰੂ ਸਾਹਿਬ ਜੀ ਦਾ ਫੁਰਮਾਣ ਹੈ:

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

ਇਸ ਦੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁਖੀ ਵੇਖਣ ਦੀ ਲੋਚਾ ਨਾਲ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਆਪ ਜੀ ਨੇ ਚਮਕੌਰ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਸ਼ਹਾਦਤਾਂ ਲਈ ਤੋਰਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਪਿਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿਚ ਕਈ ਉਤਾਰ ਚੜ੍ਹਾਅ ਵੇਖੇ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ। ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ਵਿੱਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸਚਾਈ ਦੇ ਰੂਬਰੂ ਕੀਤਾ। ਧਰਮ ਦੀ ਰਖਵਾਲੀ ਲਈ ਅਨੇਕਾਂ ਕਸ਼ਟ ਝੱਲੇ। ਜੇਕਰ ਅੱਜ ਅਸੀਂ ਸੁਖੀ ਜੀਵਨ ਜੀਅ ਰਹੇ ਹਾਂ ਤਾਂ ਇਹ ਗੁਰੂ ਸਾਹਿਬ ਜੀ ਦੀ ਬਦੌਲਤ ਹੀ ਹੈ। ਆਪ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਡਾ ਫਰਜ਼ ਹੈ ਕਿ ਜਿਥੇ ਅਸੀਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨਾ ਹੈ, ਉਥੇ ਹੀ ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਵੀ ਬਣਨਾ ਹੈ।

ਅਸੀਂ ਦੁਨੀਆਂ ਦੇ ਭਾਈਚਾਰੇ ਵਿਚ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਨੂੰ ਤਦ ਹੀ ਲੈ ਜਾ ਸਕਾਂਗੇ ਜੇਕਰ ਅਸੀਂ ਦੁਨੀਆਂ ਦੇ ਹਰ ਖੇਤਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਕਥਨੀ ਤੇ ਕਰਨੀ ਦੇ ਸੂਰੇ ਬਣਾਂਗੇ। ਗੁਰਦੇਵ ਪਿਤਾ ਦੇ ਆਗ਼ਮਨ ਦਿਹਾੜੇ ‘ਤੇ ਸਾਨੂੰ ਸਭ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਕਿਰਪਾ ਕਰਨ, ਅਸੀਂ ਨਿਸ਼ਾਨ-ਏ-ਸਿੱਖੀ ਦੇ ਧਾਰਨੀ ਹੋ ਕੇ ਗੁਰਸਿੱਖੀ ਜੀਵਨ ਬਸਰ ਕਰਦੇ ਹੋਏ ਤੇ ਉਨ੍ਹਾਂ ਦੇ ਸਰਬ-ਸਾਂਝੇ ਉਪਦੇਸ਼ਾਂ ਨੂੰ ਸਾਰੀ ਮਨੁੱਖਤਾ ਤਕ ਪਹੁੰਚਾਉਣ ਦਾ ਯਤਨ ਕਰ ਸਕੀਏ। ਸੋ ਆਓ! ਗੁਰੂ ਬਖਸ਼ੀ ਖੰਡੇ-ਬਾਟੇ ਦੀ ਪਾਹੁਲ ਛਕ ਗੁਰਬਾਣੀ ਦੀ ਰੋਸ਼ਨੀ ਵਿਚ ਜੀਵਨ ਬਤੀਤ ਕਰੀਏ ਅਤੇ ਸਾਂਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਤੱਤਪਰ ਰਹੀਏ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION