ਅੱਜ-ਨਾਮਾ
ਭਰਵਾਂ ਵਹਿਣ ਪਹਾੜਾਂ ਤੋਂ ਆਏ ਵਹਿੰਦਾ,
ਝੀਲ ਭਾਖੜੇ ਦੀ ਭਰ ਗਈ ਕਹਿਣ ਬੇਲੀ।
ਮਗਰੋਂ ਆ ਗਿਆ ਰੋੜ੍ਹ ਜਦ ਹੋਰ ਵਹਿੰਦਾ,
ਸਾਂਭਣਾ ਹੋਊਗਾ ਔਖਾ ਇਹ ਵਹਿਣ ਬੇਲੀ।
ਮੁਸ਼ਕਲ ਵਿੱਚ ਜਦ ਖੋਲ੍ਹਣਾ ਪਿਆ ਪਾਣੀ,
ਅਗਲੇ ਥਾਂਈਂ ਵੀ ਹੋਊ ਨਾ ਸਹਿਣ ਬੇਲੀ।
ਅਫਸਰ ਕਹਿੰਦੇ ਹਨ ਛੱਡਣਾ ਪਊਗਾ ਜੀ,
ਏਥੇ ਹੀ ਲੱਗਾ ਨਾ ਰੋਕਿਆਂ ਰਹਿਣ ਬੇਲੀ।
ਰਵਾਨੀ ਵਹਿਣ ਨੇ ਫੜੀ ਪਈ ਜਾਪਦੀ ਊ,
ਸਰਗਰਮੀ ਅਜੇ ਸਰਕਾਰ ਨਾ ਫੜੀ ਬੇਲੀ।
ਆਮ ਜਨਤਾ ਵੀ ਮੂਲੋਂ ਅਣਜਾਣ ਫਿਰਦੀ,
ਮੁਸ਼ਕਲ ਜਿਨ੍ਹਾਂ ਦੇ ਮੂਹਰੇ ਆ ਖੜੀ ਬੇਲੀ।
-ਤੀਸ ਮਾਰ ਖਾਂ
ਜੁਲਾਈ 17, 2019