ਅੱਜ-ਨਾਮਾ
ਝੋਨਾ ਲਾਉਣ ਦਾ ਆ ਗਿਆ ਵਕਤ ਨੇੜੇ,
ਲੱਗ ਪਈ ਹੋਣ ਆ ਫੇਰ ਵਿਚਾਰ ਮੀਆਂ।
ਪਾਣੀ ਪੀਂਦੀ ਇਹ ਫਸਲ ਹੈ ਓੜਕਾਂ ਦਾ,
ਪੌਣ-ਪਾਣੀ ਦੇ ਲਈ ਡਾਢਾ ਭਾਰ ਮੀਆਂ।
ਧਰਤ ਹੇਠ ਵੀ ਹੋਵੇ ਪਿਆ ਖਤਮ ਪਾਣੀ,
ਜਿਸ ਦਾ ਮੁੱਕਣ ਨਾ ਹੋਏ ਸਹਾਰ ਮੀਆਂ।
ਲੱਗਣ ਮੀਟਿੰਗਾਂ, ਰਾਹ ਨਹੀਂ ਕੋਈ ਲੱਭੇ,
ਪਹੁੰਚਦੀ ਗੱਲ ਨਾ ਆਰ ਤੇ ਪਾਰ ਮੀਆਂ।
ਪੀ-ਪੀ ਪਾਣੀ ਜਦ ਝੋਨੇ ਦੀ ਫਸਲ ਪੱਕੇ,
ਦੂਸਰੇ ਰਾਜਾਂ ਦੇ ਲੋਕ ਇਹ ਖਾਣ ਮੀਆਂ।
ਜਿਹੜੀ ਫਸਲ ਨਾ ਅਸਾਂ ਨੇ ਨਿੱਤ ਖਾਣੀ,
ਸਾਡੀ ਧਰਤ ਦਾ ਕਰੇ ਉਹ ਘਾਣ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 19, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ