25.6 C
Delhi
Wednesday, May 1, 2024
spot_img
spot_img

ਜੂਨੀਅਰ ਵਿਸ਼ਵ ਕੱਪ ਹਾਕੀ 2021 – ਕੌਣ ਬਣੇਗਾ ਨਵਾਂ ਚੈਂਪੀਅਨ”: ਕੈਨੇਡਾ ਤੋਂ ਜਗਰੂਪ ਸਿੰਘ ਜਰਖ਼ੜ ਦੀ ਵਿਸ਼ੇਸ਼ ਰਿਪੋਰਟ

12ਵਾਂ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਉੜੀਸਾ ਦੇ ਸ਼ਹਿਰ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿਖੇ 24 ਨਵੰਬਰ ਤੋਂ 5 ਦਸੰਬਰ ਤਕ ਹੋਣ ਜਾ ਰਿਹਾ ਹੈ। ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਚਾਰ ਮਹਾਂਦੀਪਾਂ ਦੇ 16 ਮੁਲਕਾਂ ਦੀਆਂ ਟੀਮਾਂ ਖੇਡਣਗੀਆਂ । ਉੜੀਸਾ ਸਰਕਾਰ ਨੇ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਨੂੰ ਇਕ ਇਤਿਹਾਸਕ ਦਸਤਾਵੇਜ਼ ਬਣਾਉਣ ਵਜੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਹਨ ।

ਇਸ ਕਰਕੇ ਜੂਨੀਅਰ ਵਿਸ਼ਵ ਕੱਪ ਨੂੰ ਵੱਡੀਆਂ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਸਪਾਂਸਰਸ਼ਿਪ ਮਿਲੀ ਹੈ । ਭਾਰਤ ਲਗਾਤਾਰ ਦੂਸਰੀ ਵਾਰ ਜੂਨੀਅਰ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਤੋਂ ਪਹਿਲਾਂ ਸਾਲ 2016 ਵਿੱਚ ਲਖਨਊ ਸ਼ਹਿਰ ਨੇ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ ,ਜਿੱਥੇ ਭਾਰਤ ਬੈਲਜੀਅਮ ਨੂੰ 2-1 ਗੋਲਾਂ ਨਾਲ ਹਰਾ ਕੇ ਦੂਸਰੀ ਵਾਰ ਚੈਂਪੀਅਨ ਬਣਿਆ ਸੀ ।

ਇਸ ਵਾਰ ਵੀ ਭਾਰਤ ਦਾ ਜੇਤੂ ਦਾਅਵਾ ਕਾਫ਼ੀ ਮਜ਼ਬੂਤ ਹੈ ਭਾਰਤ ਤੋਂ ਇਲਾਵਾ ਬੈਲਜੀਅਮ, ਹਾਲੈਂਡ ,ਜਰਮਨੀ ਦੀਆਂ ਟੀਮਾਂ ਆਪਣੀ ਜੇਤੂ ਦਾਅਵੇਦਾਰੀ ਦਰਸਾ ਰਹੀਆਂ ਹਨ ਇਨ੍ਹਾਂ ਵੱਡੇ ਚਾਰ ਮਹਾਂਰਥੀਆਂ ਤੋਂ ਇਲਾਵਾ ਸਪੇਨ ਅਰਜਨਟੀਨਾ ਪਾਕਿਸਤਾਨ ਦੀਆਂ ਟੀਮਾਂ ਵੀ ਕਾਫ਼ੀ ਮਜ਼ਬੂਤ ਹੋ ਸਕਦੀਆਂ ਹਨ । ਇਸ ਵਾਰ ਕਰੋਨਾ ਮਹਾਂਮਾਰੀ ਕਾਰਨ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਮੌਕੇ ਤੇ ਹੀ ਆਪਣਾ ਨਾਮ ਵਾਪਸ ਲੈ ਲਿਆ ਹੈ । ਉਨ੍ਹਾਂ ਦੀ ਜਗ੍ਹਾ ਅਮਰੀਕਾ ਕੈਨੇਡਾ ਅਤੇ ਪੋਲੈਂਡ ਦੀਆਂ ਟੀਮਾਂ ਨੂੰ ਐਂਟਰੀ ਦਿੱਤੀ ਗਈ ਹੈ ।

ਕੈਨੇਡਾ ਦੀ ਇੱਕ ਅਜਿਹੀ ਟੀਮ ਹੈ ਜਿਸ ਵਿੱਚ ਸਭ ਤੋਂ ਵੱਧ 8 ਪੰਜਾਬੀ ਖਿਡਾਰੀ ਖੇਡ ਰਹੇ ਹਨ ਇਸ ਤੋਂ ਇਲਾਵਾ ਅਮਰੀਕਾ ਦੇ ਵਿਚ 5 ਪੰਜਾਬੀ ਖਿਡਾਰੀ ਖੇਡ ਰਹੇ ਹਨ ਜਦ ਕਿ ਭਾਰਤ ਦੀ ਹਾਕੀ ਟੀਮ ਜਿਸ ਵਿੱਚ ਪੰਜਾਬੀਆਂ ਦੀ ਭਰਮਾਰ ਹੁੰਦੀ ਸੀ ਇਸ ਵਾਰ 4 ਦੇ ਕਰੀਬ ਹੀ ਪੰਜਾਬੀ ਖਿਡਾਰੀ ਟੀਮ ਲਈ ਚੁਣੇ ਗਏ ਹਨ ਪੰਜਾਬ ਦੀ ਹਾਕੀ ਲਈ ਇਕ ਖ਼ਤਰੇ ਦੀ ਘੰਟੀ ਹੈ ।

ਕਿਉਂਕਿ ਪਿਛਲੇ ਕੁਝ ਅਰਸੇ ਤੋਂ ਪੰਜਾਬ ਦੀਆਂ ਸਰਕਾਰਾਂ ਦਾ ਖੇਡਾਂ ਵੱਲ ਉੱਕਾ ਹੀ ਧਿਆਨ ਨਹੀਂ ਹੈ ਇਸ ਕਰਕੇ ਗੁਆਂਢੀ ਸੂਬਾ ਹਰਿਆਣਾ ਵੀ ਖੇਡਾਂ ਵਿੱਚ ਪੰਜਾਬ ਨਾਲੋਂ ਕੋਹਾਂ ਅੱਗੇ ਨਿੱਕਲ ਗਿਆ ਹੈ ਇਸ ਵਾਰ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਉੜੀਸਾ ਸਰਕਾਰ ਨੇ ਹੀ ਸਪਾਂਸਰਸ਼ਿਪ ਦਿੱਤੀ ਸੀ ਜਦਕਿ 11 ਖਿਡਾਰੀ ਪੰਜਾਬ ਦੇ ਭਾਰਤੀ ਟੀਮ ਵਿੱਚ ਸ਼ਾਮਲ ਸਨ ।

ਜੂਨੀਅਰ ਵਿਸ਼ਵ ਕੱਪ ਹਾਕੀ ਦੇ ਇਤਿਹਾਸ ਦੀ ਸ਼ੁਰੂਆਤ ਸਾਲ 1979 ਫਰਾਂਸ ਤੋਂ ਹੋਈ ਸੀ, ਪਾਕਿਸਤਾਨ ਨੂੰ ਜੂਨੀਅਰ ਵਿਸ਼ਵ ਕੱਪ ਦਾ ਪਲੇਠਾ ਚੈਂਪੀਅਨ ਬਣਿਆ ਸੀ ਜਦਕਿ ਹੁਣ ਤੱਕ ਖੇਡੇ ਗਏ 11 ਜੂਨੀਅਰ ਵਿਸ਼ਵ ਕੱਪਾਂ ਵਿੱਚ ਜਰਮਨੀ ਦੀ ਟੀਮ 6 ਵਾਰ ਚੈਂਪੀਅਨ ਬਣੀ ਹੈ ਜਦ ਕਿ ਭਾਰਤ 2 ਵਾਰ ( 2001 ਅਤੇ 2016) ਇਸ ਤੋਂ ਇਲਾਵਾ ਪਾਕਿਸਤਾਨ ਆਸਟਰੇਲੀਆ ਅਰਜਨਟਾਈਨਾ ਟੀਮਾਂ ਨੇ ਇੱਕ ਇੱਕ ਵਾਰ ਖਿਤਾਬੀ ਜਿੱਤ ਹਾਸਲ ਕੀਤੀ ਹੈ ।

ਜੂਨੀਅਰ ਵਿਸ਼ਵ ਹਾਕੀ ਕੱਪ ਵਿਚ ਜੋ 16 ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਨੂੰ ਵੱਖ ਵੱਖ 4 ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ਏ ਵਿੱਚ ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਬੈਲਜੀਅਮ, ਚਿੱਲੀ ,ਮਲੇਸ਼ੀਆ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ। ਜਦਕਿ ਪੂਲ ਬੀ ਵਿੱਚ ਵਰਤਮਾਨ ਚੈਂਪੀਅਨ ਭਾਰਤ, ਫਰਾਂਸ , ਕੈਨੇਡਾ ਅਤੇ ਪੋਲੈਂਡ ਨੂੰ ਰੱਖਿਆ ਗਿਆ ਹੈ।

ਪੂਲ ਸੀ ਵਿੱਚ ਕੋਰੀਆ, ਹਾਲੈਂਡ ,ਸਪੇਨ ਅਤੇ ਅਮਰੀਕਾ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ । ਪੂਲ ਡੀ ਵਿਚ ਜਰਮਨੀ , ਪਾਕਿਸਤਾਨ ,ਅਰਜਨਟੀਨਾ ਅਤੇ ਮਿਸਰ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ ।ਟੂਰਨਾਮੈਂਟ ਦਾ ਉਦਘਾਟਨੀ ਮੈਚ ਭਾਰਤ ਅਤੇ ਫਰਾਂਸ ਵਿਚਕਾਰ 24 ਨਵੰਬਰ ਨੂੰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਸ ਤੋਂ ਇਲਾਵਾ 24 ਨਵੰਬਰ ਨੂੰ ਹੀ ਹੋਰ 4 ਮੈਚ ਖੇਡੇ ਜਾਣਗੇ ।

ਜਿਨ੍ਹਾਂ ਵਿਚ ਪਾਕਿਸਤਾਨ ਦਾ ਮੁੱਢਲਾ ਮੁਕਾਬਲਾ ਜਰਮਨੀ ਨਾਲ, ਬੈਲਜੀਅਮ ਦਾ ਮੁੱਢਲਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ, ਪੋਲੈਂਡ ਦਾ ਪਹਿਲਾ ਮੈਚ ਕੈਨੇਡਾ ਨਾਲ ਮਲੇਸ਼ੀਆ ਅਤੇ ਚਿੱਲੀ ਆਪਣੇ ਗੇੜ ਦਾ ਮੈਚ ਵੀ 24 ਨਵੰਬਰ ਨੂੰ ਹੀ ਖੇਡਣਗੇ। ਲੀਗ ਦੌਰ ਦੇ ਮੁਕਾਬਲੇ 28 ਨਵੰਬਰ ਨੂੰ ਸਮਾਪਤ ਹੋਣਗੇ ।ਜੂਨੀਅਰ ਵਿਸ਼ਵ ਕੱਪ ਦੀਆਂ ਸਾਰੀਆਂ ਟੀਮਾਂ ਦੇ ਲੀਗ ਦੌਰ ਮੈਚ ਖੇਡਣ ਤੋਂ ਬਾਅਦ 2-2 ਸਰਬੋਤਮ ਟੀਮਾਂ ਹਰ ਪੂਲ ਵਿਚੋਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ।

ਕੁਆਰਟਰ ਫਾਈਨਲ ਮੁਕਾਬਲੇ 1 ਦਸੰਬਰ ਨੂੰ ਖੇਡੇ ਜਾਣਗੇ। ਸੈਮੀ ਫਾਈਨਲ ਮੁਕਾਬਲੇ 3 ਦਸੰਬਰ ਨੂੰ ਜਦਕਿ ਫਾਈਨਲ ਮੁਕਾਬਲਾ 5 ਦਸੰਬਰ ਨੂੰ ਖੇਡਿਆ ਜਾਵੇਗਾ । ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਕੁੱਲ 40 ਮੁਕਾਬਲੇ ਖੇਡੇ ਜਾਣਗੇ । ਸਾਰੇ ਮੈਚਾਂ ਦਾ ਸਟਾਰ ਸਪੋਰਟਸ ਤੋਂ ਸਿੱਧਾ ਪ੍ਰਸਾਰਨ ਹੋਵੇਗਾ ।

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ +91-9814300722

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION