2 Suspects arrested for murders of 6 of a family in California
ਯੈੱਸ ਪੰਜਾਬ
ਸੈਕਰਾਮੈਂਟੋ , ਕੈਲੀਫੋਰਨੀਆ, 5 ਫਰਵਰੀ, 2023 (ਹੁਸਨ ਲੜੋਆ ਬੰਗਾ)
ਪਿਛਲੇ ਮਹੀਨੇ ਕੇਂਦਰੀ ਕੈਲੀਫੋਰਨੀਆ ਦੇ ਗੋਸ਼ਨ ਕਸਬੇ ਵਿਚ ਨਬਾਲਗ ਮਾਂ ਤੇ ਉਸ ਦੇ 10 ਮਹੀਨਿਆਂ ਦੇ ਲੜਕੇ ਸਮੇਤ ਮਾਰੇ ਗਏ ਇਕ ਪਰਿਵਾਰ ਦੇ 6 ਜੀਆਂ ਦੇ ਮਾਮਲੇ ਵਿਚ ਪੁਲਿਸ ਵੱਲੋਂ 2 ਸ਼ੱਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੂਲੇਰ ਕਾਊਂਟੀ ਦੇ ਸ਼ੈਰਿਫ ਮਾਈਕ ਬੌਡਰੀਅਕਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਗ੍ਰਿਫਤਾਰ ਸ਼ੱਕੀ ਦੋਸ਼ੀਆਂ ਵਿਚ ਐਂਜਲ ਉਰੀਅਰਟ (35) ਤੇ ਨੋਆਹ ਬੀਅਰਡ (25) ਸ਼ਾਮਿਲ ਹਨ ਜੋ ਨਾਰਟੀਨੋ ਗਿਰੋਹ ਦੇ ਮੈਂਬਰ ਹਨ।
ਉਨਾਂ ਕਿਹਾ ਕਿ ਇਹ ਹੱਤਿਆਵਾਂ ਸੰਭਾਵੀ ਤੌਰ ‘ਤੇ ਨਾਰਟੀਨੋ ਤੇ ਸੂਰੇਨੋਸ ਗਿਰੋਹ ਦੀ ਆਪਸੀ ਦੁਸ਼ਮਣੀ ਦਾ ਸਿੱਟਾ ਹੈ। ਸ਼ੈਰਿਫ ਅਨੁਸਾਰ ਸ਼ੱਕੀ ਦੋਸ਼ੀਆਂ ਤੇ ਪੀੜਤਾਂ ਦਾ ਗੰਨ ਹਿੰਸਾ ਦਾ ਪੁਰਾਣਾ ਰਿਕਾਰਡ ਹੈ। ਉਹ ਵੱਡੀ ਪੱਧਰ ‘ਤੇ ਗਿਰੋਹ ਹਿੰਸਾ, ਗੰਨ ਹਿੰਸਾ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਰਹੇ ਹਨ।
ਏ ਟੀ ਐਫ ਦੇ ਕਾਰਜਕਾਰੀ ਇੰਚਾਰਜ ਜੋਸ਼ੂਆ ਜੈਕਸਨ ਅਨੁਸਾਰ ਗ੍ਰਿਫਤਾਰੀ ਸਮੇ ਸ਼ੱਕੀ ਉਰੀਅਰਟ ਏ ਟੀ ਐਫ ਜਵਾਨਾਂ ਨਾਲ ਹੋਈ ਗੋਲੀਬਾਰੀ ਦੌਰਾਨ ਜਖਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਸਥਿੱਰ ਹੈ ਜਦ ਕਿ ਦੂਸਰੇ ਸ਼ੱਕੀ ਬੀਅਰਡ ਨੂੰ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਹਿਰਾਸਤ ਵਿਚ ਲੈ ਲਿਆ ਗਿਆ।
ਪਰਿਵਾਰ ਦੇ ਮਾਰੇ ਗਏ 6 ਜੀਆਂ ਵਿਚ ਰੋਸਾ ਪਰਾਜ਼ (72), ਈਲੀਸਾ ਪਾਰਾਜ਼ (16), 10 ਮਹੀਨਿਆਂ ਦਾ ਬੱਚਾ ਨਿਕੋਲਸ ਪਰਾਜ਼, ਮਾਰਕੋਸ ਪਰਾਜ਼ (19), ਈਲਾਡੀਓ ਪਰਾਜ਼ ਜੂਨੀਅਰ (52) ਤੇ ਜੈਨੀਫਰ ਅਨਾਲਾ (50) ਸ਼ਾਮਿਲ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ