ਅੱਜ-ਨਾਮਾ
ਕੁੰਦਨ ਸਿੰਘ ਨੇ ਕੱਲ੍ਹ ਸੀ ਅਰਜ਼ ਕੀਤੀ,
ਬਿਨਾਂ ਬਾਰਸ਼ ਤੋਂ ਜਾਂਦੇ ਈ ਸੜੇ ਰੱਬਾ।
ਪੱਖੇ-ਪੱਖੀਆਂ ਨਾਲ ਨਹੀਂ ਗੱਲ ਬਣਦੀ,
ਬੜੀ ਆ ਲੋਕ ਮੁਸੀਬਤ ਨੂੰ ਫੜੇ ਰੱਬਾ।
`ਡੀਕੀਏ ਰੋਜ਼ ਕਿ ਡਿੱਗੇਗਾ ਕਦੋਂ ਪਾਰਾ,
ਉਹ ਤੇ ਨਿੱਤ ਹੀ ਉੱਪਰ ਨੂੰ ਚੜ੍ਹੇ ਰੱਬਾ।
ਦੱਖਣ ਭਾਰਤ ਦੇ ਵਿੱਚ ਬਰਸਾਤ ਹੁੰਦੀ,
ਉਹਨੂੰ ਆਖ ਦੇਹ, ਓਥੇ ਨਾ ਖੜੇ ਰੱਬਾ।
ਅਗਲੇ ਦਿਨ ਮੁੰਬਈ ਤੋਂ ਖਬਰ ਆ ਗਈ,
ਪਾਣੀ ਲੱਗਾ ਈ ਘਰਾਂ ਵਿੱਚ ਭਰਨ ਬੇਲੀ।
ਕੀਤੀ ਮੀਂਹ ਦੀ ਕੱਲ੍ਹ ਸੀ ਅਰਜ਼ ਜਿਹੜੀ,
ਕਰ ਕੇ ਯਾਦ ਉਹ ਲੱਗਿਆ ਡਰਨ ਬੇਲੀ।
-ਤੀਸ ਮਾਰ ਖਾਂ
ਜੂਨ 30, 2019