ਅੱਜ-ਨਾਮਾ
ਕਾਹਦਾ ਹੁੰਦਾ ਅਜਲਾਸ ਅਸੈਂਬਲੀ ਦਾ,
ਉੱਧੜਧੁੰਮੀ ਜਿਹੀ ਮੱਚਦੀ ਰਹੇ ਬੇਲੀ।
ਦੂਜੇ ਬਾਰੇ ਤਾਂ ਟਿਪਣੀਆਂ ਕਰਨ ਸੌਖਾ,
ਆਪਣੇ ਬਾਰੇ ਨਾ ਕੋਈ ਵੀ ਸਹੇ ਬੇਲੀ।
ਨਾਢੂ ਖਾਨਾਂ ਦੀ ਮਾਸੀ ਦੇ ਸਭ ਪੁੱਤਰ,
ਸਦਾਚਾਰ ਦੀ ਲੀਹੋਂ ਇਹ ਲਹੇ ਬੇਲੀ।
ਜਿਹੜਾ ਉੱਠਦਾ ਟੋਲ ਕੇ ਲਫਜ਼ ਕੌੜੇ,
ਤੜਕਾ ਲਾ ਕੇ ਬਾਤ ਫਿਰ ਕਹੇ ਬੇਲੀ।
ਕੌੜ ਛਾਂਟਣ ਦੇ ਡਾਢੇ ਮੁਕਾਬਲੇ ਵਿੱਚ,
ਮਾਰੀ ਜਾਂਦੀ ਆ ਸਿਰੇ ਦੀ ਸੱਟ ਬੇਲੀ।
ਮੰਤਰੀ ਹੋਵੇ ਤੇ ਜਾਂ ਵਿਧਾਇਕ ਕੋਈ,
ਨਹੀਂ ਕਿਸੇ ਤੋਂ ਕੋਈ ਵੀ ਘੱਟ ਬੇਲੀ।
-ਤੀਸ ਮਾਰ ਖਾਂ
ਮਾਰਚ 06, 2021