31.1 C
Delhi
Wednesday, May 8, 2024
spot_img
spot_img

ਦੇਸ਼ ਦਾ ਸਮਾਜਿਕ ਤਾਣਾ-ਬਾਣਾ ਉਲਝਣ ਨਹੀਂ ਦੇਵਾਂਗੇ: ਪਰਨੀਤ ਕੌਰ

ਪਟਿਆਲਾ, 16 ਜਨਵਰੀ, 2020 –
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਤੋਂ ਸਦਭਾਵਨਾ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਇਸ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਉਲਝਣ ਨਹੀਂ ਦੇਵਾਂਗੇ।

ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਸਦਭਾਵਨਾ ਰੈਲੀ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਾਲਜ ਦੇ ਪ੍ਰਿੰਸੀਪਲ, ਐਨ.ਐਸ.ਐਸ. ਵਲੰਟੀਅਰਜ਼ ਤੇ ਕੈਂਸਰ ਐਡਜ਼ ਅਵੇਅਰਨੈਸ ਐਂਡ ਪ੍ਰੀਵੈਨਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਜਗਬੀਰ ਸਿੰਘ ਅਤੇ ਨਿਊ ਪਾਵਰ ਹਾਊਸ ਯੂਥ ਕਲੱਬ ਵੱਲੋਂ ਕਰਵਾਈ ਜਾ ਰਹੀ ਸਦਭਾਵਨਾ ਰੈਲੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਸ੍ਰੀਮਤੀ ਪਰਨੀਤ ਕੌਰ ਨੇ ਧਰਮ ਨਿਰਪੱਖਤਾ ਦੀ ਉਦਾਹਰਣ ਦਿੰਦਿਆ ਪਟਿਆਲਾ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਬਲ ਰਹੀ ਧੂਣੀ ਜੋ ਹੁਣ ਤੱਕ ਜੱਗ ਰਹੀ ਹੈ ਅਤੇ ਉਸ ਧੂਣੀ ਦੇ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਇਕ ਪਾਸੇ ਜਵਾਲਾ ਮੁਖੀ ਦੀ ਜੋਤ ਅਤੇ ਇਕ ਪਾਸੇ ਮੰਦਿਰ ਸਥਾਪਤ ਹੈ।

ਉਨ੍ਹਾਂ ਕਿਹਾ ਕਿ ਇਹ ਜੋ ਪਟਿਆਲੇ ਦੀ ਪਰੰਪਰਾ ਹੈ ਕਿ ਅਸੀ ਸਭ ਇਕ ਦੂਸਰੇ ਦੇ ਧਰਮ ਦਾ ਸਤਿਕਾਰ ਕਰੀਏ, ਇਕੱਠੇ ਰਹੀਏ ਅਤੇ ਇਕ ਦੂਸਰੇ ਦੇ ਤਿਉਹਾਰ ਮਨਾਈਏ ਸੈਂਕੜੇ ਸਾਲਾ ਤੋਂ ਚੱਲੀ ਆ ਰਹੀ ਹੈ ਅਤੇ ਇਸ ਪ੍ਰੰਪਰਾ ਨੂੰ ਬਰਕਰਾਰ ਰੱਖਣ ਲਈ ਹੁਣ ਨੌਜਵਾਨ ਵੀ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੀਤੀ ਸਦਭਾਵਨਾ ਰੈਲੀ ਜੋ ਮੰਦਿਰ, ਮਸਜਿਦ, ਚਰਚ ਅਤੇ ਗੁਰਦੁਆਰਾ ਸਾਹਿਬ ਜਾਵੇਗੀ ਅਤੇ ਸਮਾਜ ਨੂੰ ਇਕ ਚੰਗੀ ਸੇਧ ਪ੍ਰਦਾਨ ਕਰੇਗੀ।

ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ‘ਚ ਵੀ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਨੌਜਵਾਨ ਉਸ ਮੁਹਿੰਮ ਦਾ ਹਿੱਸਾ ਨਾ ਬਣਨ।

ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਹੁਣ ਵੀ ਚੱਲ ਰਹੀ ਹੈ ਪਰ ਇਸ ਨੂੰ ਸਫਲ ਬਣਾਉਣ ਲਈ ਨੌਜਵਾਨ ਅੱਗੇ ਆਉਣ ਤੇ ਆਪਣੇ ਘਰ ਵਿੱਚ ਅਤੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਮਾਤਾ ਪਿਤਾ ਨੂੰ ਵੀ ਆਪਣੇ ਚੰਗੇ ਭਵਿੱਖ ਲਈ ਪਲਾਸਟਿਕ ਦੇ ਉਪਯੋਗ ਨੂੰ ਬੰਦ ਕਰਨ ਲਈ ਪ੍ਰੇਰਿਤ ਕਰਨ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੇਅਰ ਸ੍ਰੀ ਸੰਜੀਵ ਸ਼ਰਮਾ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਕੈਂਸਰ ਮਾਹਿਰ ਡਾ. ਜਗਬੀਰ ਸਿੰਘ, ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਹਰਪਾਲ ਕੌਰ, ਕੌਸਲਰ ਸ੍ਰੀ ਵਿਜੈ ਕੂਕਾ, ਸ੍ਰੀ ਜਤਵਿੰਦਰ ਗਰੇਵਾਲ ਸਮੇਤ ਵੱਡੀ ਗਿਣਤੀ ਐਨ.ਐਨ.ਐਸ. ਵਲੰਟੀਅਰਜ਼ ਦੇ ਨੌਜਵਾਨ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION