31.1 C
Delhi
Wednesday, May 8, 2024
spot_img
spot_img

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ, ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੁੱਢਲਾ ਸਵਾਲ ਇਹ ਹੈ ਕਿ ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ ਨੂੰ? ਜਾਂ ਫ਼ਿਰ ਇਸੇ ਸਵਾਲ ਨੂੰ ਨਰਮ ਕਰਨਾ ਹੋਵੇ ਤਾਂ ਕੀ ਇਕੱਲੇ ਥਾਣੇਦਾਰ ਦੀ ਹੀ ਨਾਕਾਮੀ ਜਾਂ ਨਾਲਾਇਕੀ ਦਾ ਨਤੀਜਾ ਹੈ ਇਹ ਘਟਨਾ?

ਇਸ ਘਟਨਾ ਨੇ ਪਹਿਲਾਂ ਹੀ ਇਨਸਾਫ਼ ਨਾ ਮਿਲਣ ਦੀ ਉਮੀਦ ਜ਼ਾਹਿਰ ਕਰਦੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀਆਂ ਪਹਿਲਾਂ ਹੀ ਧੁੰਦਲੀਆਂ ਉਮੀਦਾਂ ਨੂੰ ਹੋਰ ਧੁੰਦਲੇ ਕੀਤਾ ਹੈ ਸਗੋਂ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਪਹਿਲਾਂ ਨਾਲੋਂ ਹੋਰ ਪੁਖ਼ਤਾ ਕੀਤਾ ਹੈ।

ਉਂਜ ਵਿਰੋਧੀ ਧਿਰਾਂ ਤਾਂ ਹੁਣ ਇਸ ਮਗਰ ਕੋਈ ਹੋਰ ਗਹਿਰੀ ਸਾਜ਼ਿਸ਼ ਵੇਖ਼ ਰਹੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੀਪਕ ਟੀਨੂੰ ਨੂੰ ਭਜਾਏ ਜਾਣ ਜਾਂ ਫ਼ਿਰ ਉਸ ਦੇ ਭੱਜ ਜਾਣ ਮਗਰ ਕੋਈ ਗਹਿਰੀ ਸਾਜ਼ਿਸ਼ ਹੈ। ਇੱਥੇ ਤਕ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਐਸੀ ਸ਼ਖਸੀਅਤ ਵੱਲ ਕੋਈ ਇਸ਼ਾਰਾ ਕਰਦਾ ਹੋ ਸਕਦਾ ਹੈ ਜਿਸ ਵੱਲ ਕੀਤੀ ਜਾਂਦੀ ਉਂਗਲ ਰਾਜ ਕਰ ਰਹੀ ਧਿਰ ਜਾਂ ਫ਼ਿਰ ਪੁਲਿਸ ਨੂੰ ਹੀ ਵਾਰਾ ਨਾ ਖਾਂਦੀ ਹੋਵੇ। ਖ਼ੈਰ, ਇਹ ਅਜੇ ਇਲਜ਼ਾਮ ਹਨ ਅਤੇ ਹੁਣ ਤਕ ਦਾ ਤੱਥ ਇਹ ਹੈ ਕਿ ਦੀਪਕ ਟੀਨੂੰ ਭੱਜ ਗਿਆ ਹੈ, ਜਾਂ ਭਜਾ ਦਿੱਤਾ ਗਿਆ ਹੈ ਅਤੇ ਇਸ ਲਈ ਦੋਸ਼ੀ ਸਮਝਦਿਆਂ ਇਕ ਸਬ-ਇੰਸਪੈਕਟਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ, ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਂਜ ਖ਼ੁਲਾਸੇ ਬੜੇ ਦਿਲਚਸਪ ਹੋ ਰਹੇ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪਹਿਲਾਂ ਦੀਪਕ ਟੀਨੂੰ ਕੋਲ ਜੇਲ੍ਹ ਵਿੱਚ ਮੋਬਾਇਲ ਸੀ, ਫ਼ਿਰ ਉਸ ਕੋਲ ਸੀ.ਆਈ.ਏ. ਸਟਾਫ਼ ਵਿੱਚ ਵੀ ਮੋਬਾਇਲ ਸੀ, ਜਿੱਥੇ ਉਸਨੂੰ ਪੁੱਛ ਗਿੱਛ ਲਈ ਰੱਖਿਆ ਹੋਇਆ ਸੀ।

ਜਿੱਥੇ ਤਕ ਜੇਲ੍ਹਾਂ ਵਿੱਚ ਮੋਬਾਇਲਾਂ ਦੀ ਗੱਲ ਹੈ, ਉਹ ਹੁਣ ਕਿਤੇ ਵੀ ਹੈ ਨਹੀਂ। ਦਾਅਵਾ ਹੈ ਜੇਲ੍ਹ ਮੰਤਰੀ ਸ: ਹਰਜੋਤ ਸਿੰਘ ਬੈਂਸ ਦਾ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ। ਜਦ ਇਕ ਪੜਿ੍ਹਆ ਲਿਖ਼ਿਆ, ਨੌਜਵਾਨ, ਅਗਾਂਹ ਵੱਧੂ ਵਿਚਾਰਾਂ ਵਾਲਾ ਨਵਾਂ ਬਣਿਆ ਤੇ ਕੁਝ ਕਰ ਕੇ ਵਿਖ਼ਾਉਣ ਨੂੰ ਉਤਸ਼ਾਹਿਤ ਮੰਤਰੀ ਕੋਈ ਦਾਅਵਾ ਕਰਦਾ ਹੈ, ਤਾਂ ਮੇਰੇ ਕੋਲ ਮੰਨਣ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਬਿਲਕੁਲ ਫ਼ਰਕ ਪਿਆ ਹੋਵੇਗਾ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ। ਪਹਿਲਾਂ ਜਣਾ ਖ਼ਣਾ ਹੀ ਜੇਲ੍ਹ ਵਿੱਚ ਮੋਬਾਇਲ ਲਈ ਫ਼ਿਰਦਾ ਹੋਵੇਗਾ, ਹੁਣ ਜੇਲ੍ਹ ਵਿੱਚ ਮੋਬਾਇਲ ਰੱਖਣ ਦੀ ‘ਫ਼ੈਸਿਲਿਟੀ’ ਸਿਰਫ਼ ਗੈਂਗਸਟਰਾਂ ਕੋਲ ਰਹਿ ਗਈ ਹੋਵੇਗੀ।

ਖ਼ੈਰ, ਗੱਲ ਥੋੜ੍ਹੀ ਜਿਹੀ ‘ਆਊਟ ਆਫ਼ ਕੰਟੈਕਸਟ’ ਹੈ, ਪਰ ਬੜੀ ਹੈਰਾਨੀ ਹੁੰਦੀ ਹੈ ਜਦ ਇਹ ਦਾਅਵਾ ਕਰਕੇ ਪਿੱਠ ਥਪਥਪਾਈ ਜਾਂਦੀ ਹੈ ਕਿ ਫ਼ਲਾਣੀ ਜੇਲ੍ਹ ਵਿੱਚੋਂ ਇੰਨੇ ਮੋਬਾਇਲ ਬਰਾਮਦ ਹੋ ਗਏ। ਇਸ ਨੂੰ ਵੀ ਪ੍ਰਾਪਤੀ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਜਦਕਿ ਇਹ ਮੌਕਾ ਹੁੰਦਾ ਹੈ, ਉਸ ਜੇਲ੍ਹ ਦੇ ਸਟਾਫ਼ ਖਿਲਾਫ਼ ਕਾਰਵਾਈ ਦਾ, ਕਿਉਂਕਿ ਉਨ੍ਹਾਂ ਦੀ ਨੱਕ ਹੇਠੋਂ ਉਨ੍ਹਾਂ ਦੀ ਅਣਗਹਿਲੀ ਕਾਰਨ ਜਾਂ ਫ਼ਿਰ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਤਾਂ ਮੋਬਾਇਲ ਜੇਲ੍ਹ ਦੇ ਅੰਦਰ ਗਏ ਹੁੰਦੇ ਹਨ। ਚੱਲੋ, ਸਰਕਾਰ ਬਣੀ ਨੂੰ 6 ਮਹੀਨੇ ਹੋ ਜਾਣ ਦੇ ਬਾਅਦ ਵੀ ਅਜੇ ਤਾਂਈਂ ਇਹ ਗੱਲ ਤਾਂ ਕੰਮ ਕਰ ਹੀ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਜੋ ਸਿਸਟਮ ਵਿਗਾੜ ਗਈਆਂ ਸਨ, ਉਨ੍ਹਾਂ ਨੂੂੰ ਦਰੁਸਤ ਕਰਨ ਵਿੱਚ ਸਮਾਂ ਲੱਗਦਾ ਹੈ।

ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਥਾਣੇ ਦੀ ਹਵਾਲਾਤ ਵਿੱਚੋਂ ਇਕ ‘ਏ’ ਕੈਟਾਗਰੀ ਦੇ ਨਾਮੀ ਅਤੇ ਖ਼ੂੰਖ਼ਾਰ ਗੈਂਗਸਟਰ ਜਿਸ ’ਤੇ ਕਤਲਾਂ ਸਮੇਤ ਲਗਪਗ 3 ਦਰਜਨ ਮੁਕੱਦਮੇ ਦਰਜ ਸਨ ਪਿਛਲੇ ਦੋ ਤਿੰਨ ਦਿਨਾਂ ਤੋਂ ਕੱਢ ਕੇ, ਪ੍ਰਾਈਵੇਟ ਕਾਰ ਵਿੱਚ ਬਿਠਾ ਕੇ, ਬਿਨਾਂ ਕਿਸੇ ਹੱਥਕੜੀ ਦੇ, ਬਿਨਾਂ ਕਿਸੇ ਸੁਰੱਖ਼ਿਆ ਦੇ ਥਾਣੇ ਤੋਂ ਲਗਪਗ 25 ਕਿਲੋਮੀਟਰ ਦੂਰ ਝੁਨੀਰ ਕਸਬੇ ਦੇ ਇਕ ‘ਹੋਟਲ’ ਦੇ ਕਮਰੇ ਵਿੱਚ ਲਿਜਾਇਆ ਜਾਂਦਾ ਸੀ। ਇਹ ਵੀ ਖ਼ਬਰ ਆ ਰਹੀ ਹੈ ਕਿ ਦੀਪਕ ਟੀਨੂੰ ਨੂੰ ਉੱਥੇ ਉਸਦੀ ਪ੍ਰੇਮਿਕਾ ਨੂੰ ਮਿਲਾਉਣ ਲਈ ਲਿਜਾਇਆ ਜਾਂਦਾ ਸੀ। ਸ਼ਾਬਾਸ਼ ਦੇਣੀ ਬਣਦੀ ਐ ਥਾਣੇਦਾਰ ਨੂੰ। ਇਹੋ ਜਿਹੇ ਕਈ ਥਾਣੇਦਾਰ ਜਿਹੜੇ ਹਿਰਾਸਤ ਵਿੱਚ ਲਏ ਲੋਕਾਂ ਦੀਆ ਵਿਲਕਦੀਆਂ ਪਤਨੀਆਂ, ਮਾਵਾਂ, ਭੈਣਾਂ ਤੇ ਬੱਚਿਆਂ ਨੂੰ ਉਨ੍ਹਾਂ ਨਾਲ ਕਈ ਕਈ ਦਿਨ ਮੁਲਾਕਾਤ ਨਹੀਂ ਕਰਨ ਦਿੰਦੇ, ਇਕ ਗੈਂਗਸਟਰ ਨੂੰ ਹਿਰਾਸਤ ਵਿੱਚੋਂ ਕੱਢ ਕੇ 25 ਕਿਲੋਮੀਟਰ ਦੂਰ ਲੈ ਜਾਂਦੇ ਹਨ, ਉਸਦੀ ਪ੍ਰੇਮਿਕਾ ਨਾਲ ਮਿਲਾਉਣ ਲਈ।

ਹੁਣ ‘ਥਿਊਰੀ’ ਲਗਪਗ ਇੱਥੇ ਆ ਕੇ ਖੜ੍ਹ ਗਈ ਹੈ ਕਿ ਥਾਣੇਦਾਰ ਨੇ ‘ਕਿਸੇ ਤਰ੍ਹਾਂ’ ਗੈਂਗਸਟਰ ਨਾਲ ਲਿਹਾਜ਼ ਪਾਲ ਲਿਆ ਸੀ। ਕਿ ਗੈਂਗਸਟਰ ਕੋਲ ਸੀ.ਆਈ.ਏ. ਸਟਾਫ਼ ਵਿੱਚ ਵੀ ਮੋਬਾਇਲ ਸੀ। ਕਿ ਥਾਣੇਦਾਰ ਉਸਨੂੰ ਦੋ ਤਿੰਨ ਦਿਨ ਤੋਂ ਹਵਾਲਾਤ ਵਿੱਚੋਂ ਕੱਢ ਕੇ ਝੁਨੀਰ ਦੇ ਹੋਟਲ ਵਿੱਚ ਲਿਜਾ ਰਿਹਾ ਸੀ ਅਤੇ ਫ਼ਿਰ ‘ਜਿਸ ਕਾ ਡਰ ਥਾ ਬੇਦਰਦੀ ਵੋਹੀ ਬਾਤ ਹੋ ਗਈ’ ਭਾਵ ਦੀਪਕ ਟੀਨੂੰ ਫ਼ਰਾਰ ਹੋ ਗਿਆ।

ਹੁਣ ਗੈਂਗਸਟਰ ਦੀ ਫ਼ਰਾਰੀ ਦੇ ਮਾਮਲੇ ਵਿੱਚ ਮੀਡੀਆ ਦੀਆਂ ਸੁਰਖ਼ੀਆਂ ‘ਪੁਲਿਸ ਦਾ ਵੱਡਾ ਐਕਸ਼ਨ’ ਸਿਰਲੇਖ਼ ਵਾਲੀਆਂ ਖ਼ਬਰਾਂ ਅਤੇ ਵੀਡੀਓਜ਼ ਨਾਲ ਭਰੀਆਂ ਪਈਆਂ ਹਨ। ਥਾਣੇਦਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ, ਉਸਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਨੂੰ ‘ਵੱਡਾ ਐਕਸ਼ਨ’ ਦੱਸਿਆ ਜਾ ਰਿਹਾ ਹੈ।

ਜਦ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਮਾਨਸਾ ਸੁਰਖ਼ੀਆਂ ਵਿੱਚ ਹੀ ਨਹੀਂ, ਸਗੋਂ ਵੱਖ-ਵੱਖ ਥਾਂਵਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਵੱਡੇ ਗੈਂਗਸਟਰਾਂ ਤੇ ਸ਼ੂਟਰਾਂ ਨੂੰ ਲਿਆ ਕੇ ਪੁੱਛ ਗਿੱਛ ਕੀਤੇ ਜਾਣ ਕਾਰਨ ਪੁਲਿਸ ਸਰਗਰਮੀਆਂ ਦਾ ਧੁਰਾ ਬਣਿਆ ਹੋਇਆ ਹੈ। ਜ਼ਾਹਿਰ ਤੌਰ ’ਤੇ ਮਾਨਸਾ ਦਾ ਸੀ.ਆਈ.ਏ. ਸਟਾਫ਼ ਅੱਜ ਕਲ੍ਹ ਕੋਈ ਕੱਲੀ ਕਾਰੀ ਚੌਂਕੀ ਵਾਂਗ ਤਾਂ ਨਹੀਂ ਛੱਡਿਆ ਹੋਵੇਗਾ, ਜਿੱਥੇ ਦੋ ਚਾਰ ਮੁਲਾਜ਼ਮ ਹੋਣ। ਗੱਲ ਸ਼ੁਰੂ ਤਾਂ ਮੋਹਾਲੀ, ਖ਼ਰੜ, ਮਾਨਸਾ ਅਤੇ ਹੋਰ ਕਈ ਥਾਂਈਂ ਪੁਲਿਸ ਥਾਣਿਆਂ ਤੇ ਦਫ਼ਤਰਾਂ ਦੀ ਕਿਲੇਬੰਦੀ ਤੋਂ ਹੋਈ ਸੀ। ਗੱਲ ਸ਼ੁਰੂ ਤਾਂ ਬੁੱਲੇਟਪਰੂਫ਼ ਗੱਡੀਆਂ ਤੋਂ ਹੋਈ ਸੀ ਪਰ ਸਵਾਲ ਇਹ ਹੈ ਕਿ ਗੱਲ ਇੱਥੇ ਕਿਵੇਂ ਆ ਪੁੱਜੀ ਕਿ ਸਬ-ਇੰਸਪੈਕਟਰ ਰੈਂਕ ਦਾ ਇਕ ਸੀ.ਆਈ.ਏ.ਇੰਚਾਰਜ ਇਕ ‘ਏ’ ਕੈਟਾਗਰੀ ਗੈਂਗਸਟਰ ਨੂੰ ਥਾਣੇ ਦੀ ਹਿਰਾਸਤ ਵਿੱਚੋਂ ਇਕ ਦਿਨ ਤੋਂ ਵੱਧ ਦਿਨ, ਰੋਜ਼ ਰਾਤ ਨੂੰ, ਬਿਨਾਂ ਸੁਰੱਖ਼ਿਆ, ਬਿਨਾਂ ਹੱਥਕੜੀ, ਬਿਨਾਂ ਕਿਸੇ ਨੂੰ ਪੁੱਛੇ, ਬਿਨਾਂ ਕਿਸੇ ਸੀਨੀਅਰ ਨੂੰ ਦੱਸੇ, ਪ੍ਰਾਈਵੇਟ ਗੱਡੀ ਵਿੱਚ 25 ਕਿਲੋਮੀਟਰ ਦੂਰ ਲੈ ਜਾਣ ਦੀ ਹਿੰਮਤ ਰੱਖਦਾ ਹੈ ਅਤੇ ਗੈਂਗਸਟਰ ਦੀ ਫ਼ਰਾਰੀ ਦੇ ਨਾਲ ਨਾਲ ਆਪਣੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦਾ ਰਾਹ ਪੱਧਰਾ ਕਰਦਾ ਹੈ।

ਹੁਣ ਆਉਂਦੇ ਹਾਂ ਮੂਲ ਸਵਾਲ ’ਤੇ। ਕੀ ਇਹ ਸਭ ਕੁਝ ਇਕੱਲੇ ਸਬ-ਇੰਸਪੈਕਟਰ ਦਾ ਹੀ ਕੀਤਾ ਕਰਾਇਆ ਹੈ? ਨਿੱਕੇ ਹੁੰਦਿਆਂ ਤੋਂ ਹੀ ਸੁਣਦੇ ਆਏ ਹਾਂ, ਮੁਨਸ਼ੀ ਥਾਣੇ ਦੀ ਮਾਂ ਹੁੰਦਾ ਹੈ। ਕਿਹੜਾ ਬੰਦਾ ਅੰਦਰ ਆਇਆ, ਕਿਹੜੀ ਹਵਾਲਾਤ, ਕਿਹੜੀ ਬੈਰਕ ਵਿੱਚ ਹੈ, ਕਦੋਂ ਬਾਹਰ ਗਿਆ, ਕੌਣ ਲੈ ਕੇ ਗਿਆ, ਕਿੱਥੇ ਲੈ ਕੇ ਗਿਆ, ਸਭ ਮੁਨਸ਼ੀ ਦੇ ਖ਼ਾਤਿਆਂ ਵਹੀਆਂ ਵਿੱਚ ਹੁੰਦਾ ਹੈ।

ਜਿਵੇਂ ਪਹਿਲਾਂ ਹੀ ਜ਼ਿਕਰ ਆਇਆ ਹੈ, ਸਰਗਰਮੀਆਂ ਦਾ ਕੇਂਦਰ ਬਣੇ ਸੀ.ਆਈ.ਏ.ਸਟਾਫ਼ ਵਿੱਚ ਅੱਜ ਕੱਲ ਵਾਹਵਾ ਸੁਰੱਖ਼ਿਆ, ਵਾਹਵਾ ਨਫ਼ਰੀ ਹੋਵੇਗੀ। ਥਾਣੇਦਾਰ ‘ਏ’ ਕੈਟੇਗਰੀ ਦੇ ਗੈਂਗਸਟਰ ਨੂੰ ਹਿਰਾਸਤ ਵਿੱਚੋਂ ਕੱਢ ਕੇ ਜੇਬ੍ਹ ਵਿੱਚ ਪਾ ਕੇ ਜਾਂ ਫ਼ਿਰ ਨੇਫ਼ੇ ਵਿੱਚ ਟੰਗ ਕੇ ਤਾਂ ਨਹੀਂ ਲੈ ਗਿਆ ਹੋਵੇਗਾ। ਦੋ ਤਿੰਨ ਦਿਨਾਂ ਤੋਂ ਲਿਜਾ ਰਿਹਾ ਸੀ ਤਾਂ ਥਾਣੇ ਵਿੱਚ ਚਰਚਾ ਹੋ ਗਈ ਹੋਵੇਗੀ। ਕੀ ਪੁਲਿਸ ਦਾ ਤੰਤਰ ਇੰਨਾ ਹੀ ਕਮਜ਼ੋਰ ਹੈ ਕਿ ਥਾਣੇਦਾਰ ਵੱਲੋਂ ਆਪਣੀ ਡਿਊਟੀ ਅਤੇ ਕਾਨੂੂੰਨ ਨਾਲ ਕਮਾਏ ਜਾ ਰਹੇ ਧ੍ਰੋਹ ਦਾ ਥਾਣੇ ਵਿੱਚ ਪਤਾ ਹੋਣ ਦੇ ਬਾਵਜੂਦ ਕਿਸੇ ਨੇ ਕਾਨੂੰਨ, ਆਪਣੀ ਨੌਕਰੀ, ਆਪਣੇ ਫ਼ਰਜ਼, ਆਪਣੇ ਸੂਬੇ ਅਤੇ ਆਪਣੇ ਦੇਸ਼ ਬਾਰੇ ਨਹੀਂ ਸੋਚਿਆ ਹੋਵੇਗਾ ਕਿ ਜੋ ਹੋ ਰਿਹਾ ਹੈ ਗ਼ਲਤ ਹੈ। ਇਹ ਕਹਿਣਾ ਰਤਾ ਔਖ਼ਾ ਲੱਗਦੈ ਕਿ ਸਾਰੇ ਹੀ ਰਲ ਗਏ ਹੋਣਗੇ ਪਰ ਜੇ ਰਲੇ ਨਾ ਵੀ ਹੋਣ ਤਾਂ ਆਪਣਾ ਫਰਜ਼ ਕਿਸ ਨੇ ਨਿਭਾਇਆ? ਥਾਣਿਆਂ ਦੇ ਮੁਨਸ਼ੀ ਅਤੇ ਏ.ਐਸ.ਆਈ.ਪੱਧਰ ਦੇ ਤਫ਼ਤੀਸ਼ੀ ਅਫ਼ਸਰ ਤਾਂ ਕੀ ਕਈ ਕਈ ਤੇਜ਼ ਤਰਾਰ ਅਤੇ ਸਿਆਣੇ ਹੌਲਦਾਰ ਅਤੇ ਸਿਪਾਹੀ ਵੀ ਵੱਡੇ ਅਫ਼ਸਰਾਂ ਦੇ ਸਿੱਧੇ ਰਾਬਤੇ ਵਿੱਚ ਹੁੰਦੇ ਹਨ। ਕਿਸੇ ਨੇ ਕਿਸੇ ਇੰਸਪੈਕਟਰ, ਕਿਸੇ ਡੀ.ਐਸ.ਪੀ., ਕਿਸੇ ਐਸ.ਪੀ. ਜਾਂ ਫ਼ਿਰ ਐਸ.ਐਸ.ਪੀ. ਨੂੰ ਇਹ ਖ਼ਬਰ ਨਹੀਂ ਦਿੱਤੀ ਕਿ ਹੇਠਾਂ ਸਬ-ਇੰਸਪੈਕਟਰ ਆਹ ਕਰੀ ਜਾਂਦੈ, ਤੇ ਕੁਝ ਵੀ ਹੋ ਸਕਦੈ, ਵੇਖ਼ ਲਿਉ, ਸਰ!

ਖ਼ਬਰਾਂ ਇਹ ਵੀ ਚੱਲੀ ਜਾਂਦੀਆਂ ਨੇ, ‘ਸੀ.ਆਈ.ਏ. ਇੰਚਾਰਜ ’ਤੇ ਡਿੱਗੀ ਗਾਜ’। ਚੱਲੋ, ਖ਼ੈਰ ਜੇ ਸੀ.ਆਈ.ਏ. ਇੰਚਾਰਜ ’ਤੇ ਵੱਡਾ ਐਕਸ਼ਨ ਕਰਕੇ ਵੀ ਸਰ ਜਾਂਦੈ ਤਾਂ ਸਾਨੂੰ ਕੀ ਹਰਜ਼ ਹੈ। ਅਸੀਂ ਕਾਹਨੂੰ ਬਹੁਤਾ ਕੁਝ ਕਹਿਣੈ। ਕਿਉਂਕਿ ‘ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ’।

ਐੱਚ.ਐੱਸ. ਬਾਵਾ, ਸੰਪਾਦਕ
ਯੈੱਸ ਪੰਜਾਬ
3 ਅਕਤੂਬਰ, 2022

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION