ਯੈੱਸ ਪੰਜਾਬ
ਬਠਿੰਡਾ, 29 ਸਤੰਬਰ, 2022:
ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਨੇ ਬਠਿੰਡਾ ਵਾਸੀਆਂ ਨੂੰ ਸ਼ਹਿਰ ਅੰਦਰ ਬਨਣ ਵਾਲੇ ਨਵੇਂ ਬੱਸ ਸਟੈਂਡ ਸਬੰਧੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਫ਼ੈਲਾਈਆਂ ਜਾਣ ਵਾਲੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਨਵੇਂ ਬਨਣ ਵਾਲੇ ਬੱਸ ਸਟੈਂਡ ਲਈ ਢੁੱਕਵੇਂ ਸਥਾਨ ਦੀ ਚੋਣ ਫ਼ਿਲਹਾਲ ਵਿਚਾਰ ਅਧੀਨ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ ਚ ਥਾਣਾ ਕੈਂਟ ਨੇੜੇ ਪਟੇਲ ਨਗਰ ਵਿਖੇ ਨਵਾਂ ਬੱਸ ਸਟੈਂਡ ਬਨਣਾ ਸੀ ਉਸ ਸਬੰਧੀ ਫੌਜ ਵਲੋਂ ਇਤਰਾਜਹੀਣਤਾ ਸਰਟੀਫ਼ਿਕੇਟ ਮਿਲ ਚੁੱਕਾ ਹੈ ਪਰ ਰੱਖਿਆ ਮੰਤਰਾਲੇ ਵਲੋਂ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ ਜੋ ਕਿ ਵਿਚਾਰ ਅਧੀਨ ਹਨ। ਇਸ ਤੋਂ ਇਲਾਵਾ ਜੋ ਮਲੋਟ ਰੋਡ ਉੱਤੇ ਥਰਮਲ ਵਾਲੀ ਜਗ੍ਹਾਂ ਤੇ ਸਰਕਾਰ ਵਲੋਂ ਜੋ ਨਵਾਂ ਬੱਸ ਸਟੈਂਡ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ ਉਹ ਵੀ ਵਿਚਾਰ ਅਧੀਨ ਹੈ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵੇਂ ਬੱਸ ਸਟੈਂਡ ਲਈ ਜੋ ਥਾਂ ਢੁੱਕਵੀਂ ਹੋਵੇਗੀ ਉਸ ਥਾਂ ਦੀ ਚੋਣ ਕਰ ਲਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸ਼ਰਾਰਤੀ ਅਨਸਰਾਂ ਅਤੇ ਖ਼ਾਸ ਤੌਰ ਤੇ ਪ੍ਰੋਪਰਟੀ ਡੀਲਰ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਉਹ ਨਵੇਂ ਬੱਸ ਸਟੈਂਡ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫ਼ੈਲਾਉਣ ਤੋਂ ਗੁਰੇਜ਼ ਕਰਨ ਨਹੀਂ ਤਾਂ ਉਨ੍ਹਾਂ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਬੱਸ ਸਟੈਂਡ ਸਬੰਧੀ ਫ਼ੈਲਾਈਆਂ ਜਾਣ ਵਾਲੀਆ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ