ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਮਾਰਚ 26, 2024:
ਬਸਟਰਾਪ ਕਾਊਂਟੀ, ਟੈਕਸਾਸ, ਵਿਚ ਇਕ ਸਕੂਲ ਬੱਸ ਨੂੰ ਇਕ ਕੰਕਰੀਟ ਟਰੱਕ ਵੱਲੋਂ ਟੱਕਰ ਮਾਰ ਦੇਣ ਕਾਰਨ ਇਕ ਵਿਦਿਆਰਥੀ ਸਮੇਤ 2 ਮੌਤਾਂ ਹੋਣ ਤੇ 10 ਹੋਰਨਾਂ ਦੇ ਗੰਭੀਰ ਹਾਲਤ ਵਿਚ ਜ਼ਖਮੀ ਹੋਣ ਦੀ ਖਬਰ ਹੈ।
ਟੈਕਸਾਸ ਜਨਤਿਕ ਸੁਰੱਖਿਆ ਵਿਭਾਗ ਦੇ ਸਾਰਜੈਂਟ ਡਿਓਨ ਕਾਕਰਲ ਅਨੁਸਾਰ ਬੱਸ ਸਟੇਟ ਹਾਈਵੇਅ 21 ਉਪਰ ਜਾ ਰਹੀ ਸੀ ਜਿਸ ਨੂੰ ਦੂਸਰੇ ਪਾਸੇ ਤੋਂ ਆ ਰਹੇ ਇਕ ਕੰਕਰੀਟ ਟਰੱਕ ਨੇ ਟੱਕਰ ਮਾਰ ਦਿੱਤੀ। ਬੱਸ ਵਿਚ ਪ੍ਰੀ ਕੇ ਵਿਦਿਆਰਥੀ ਸਵਾਰ ਸਨ।
ਇਸ ਭਿਆਨਕ ਹਾਦਸੇ ਵਿਚ ਇਕ ਵਿਦਿਆਰਥੀ ਤੇ ਬੱਸ ਦੇ ਪਿੱਛੇ ਆ ਰਹੇ ਇਕ ਹੋਰ ਵਾਹਣ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ।
ਬੱਚਿਆਂ ਸਮੇਤ ਮੌਕੇ ਉਪਰ ਕੁਲ 53 ਲੋਕ ਮੌਜੂਦ ਸਨ ਜਿਨਾਂ ਵਿਚੋਂ 10 ਜਣਿਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਦ ਕਿ ਬਾਕੀ ਮਾਮੂਲੀ ਜਖਮੀ ਹਨ।
ਇਕ ਬਿਆਨ ਵਿਚ ਹੇਅਜ ਕਾਨਸਾਲੀਡੇਟਿਡ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਹਾਦਸੇ ਸਮੇ ਟਾਮ ਗਰੀਨ ਐਲੀਮੈਂਟਰੀ ਸਕੂਲ ਦੇ 44 ਪ੍ਰੀ-ਕੇ ਵਿਦਿਆਰਥੀ ਤੇ 11 ਬਾਲਗ ਸਵਾਰ ਸਨ ਜੋ ਬਾਸਟਰਾਪ ਚਿੜਿਆ ਘਰ ਤੋਂ ਵਾਪਸ ਪਰਤ ਰਹੇ ਸਨ।