ਯੈੱਸ ਪੰਜਾਬ
ਚੰਡੀਗੜ੍ਹ, 29 ਸਤੰਬਰ, 2022:
ਪੰਜਾਬ ਵਿਧਾਨ ਸਭਾ ਵਿੱਚ ਰਾਜ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਉ ਦੇ ਮਾਮਲੇ ’ਤੇ ਪੇਚ ਫ਼ਸ ਗਿਆ ਅਤੇ ਸਪੀਕਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ।
ਵਿਧਾਨ ਸਭਾ ਵਿੱਚ ਮੌਜੂਦਾ ਇਜਲਾਸ ਦੇ ਦੂਜੇ ਦਿਨ ‘ਜ਼ੀਰੋ ਆਵਰ’ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਕੇਵਲ ਆਪ ਹੀ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਡਾ: ਵਿਜੇ ਸਿੰਗਲਾ ਦੇ ਖਿਲਾਫ਼ ਸਬੂਤ ਮਿਲੇ ਹਨ ਇਸ ਲਈ ਉਨ੍ਹਾਂ ਨੇ ਸ੍ਰੀ ਸਿੰਗਲਾ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਫ਼ਿਰ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ।
ਸ: ਬਾਜਵਾ ਨੇ ਕਿਹਾ ਕਿ ਹੁਣ ਤਕ ਸਰਕਾਰ ਡਾ: ਵਿਜੇ ਸਿੰਗਲਾ ਦੇ ਖਿਲਾਫ਼ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਹੋ ਗਈ ਹੈ ਪਰ ਸ: ਫ਼ੌਜਾ ਸਿੰਘ ਸਰਾਰੀ ਦੀ ਆਡੀਓ ਹਰ ਪਾਸੇ ਵਾਇਰਲ ਹੋਈ ਫ਼ਿਰਦੀ ਹੈ ਜਿਸ ਵਿੱਚ ਉਹ ਆਪਣੇ ਹੀ ਮਹਿਕਮੇ ਦੇ ਅਫ਼ਸਰਾਂ ਅਤੇ ਹੋਰ ਲੋਕਾਂ ਨੂੰ ਫ਼ਸਾ ਕੇ ਉਨ੍ਹਾਂ ਨਾਲ ਸੌਦੇਬਾਜ਼ੀ ਕਰਨ ਦੀ ਯੋਜਨਾ ਘੜਦੇ ਸੁਣੀਂਦੇ ਹਨ ਪਰ ਇਸ ਸਭ ਦੇ ਬਾਵਜੂਦ ਸ: ਸਰਾਰੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਸਦਨ ਵਿੱਚ ਹਾਜ਼ਰ ਨਾ ਹੋਣ ਕਾਰਨ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਕ ਤਾਂ ‘ਜ਼ੀਰੋ ਆਵਰ’ ਵਿੱਚ ਕੇਵਲ ਆਪਣੀ ਗੱਲ ਰੱਖਣੀ ਹੁੰਦੀ ਹੈ ਅਤੇ ਜਵਾਬ ਜ਼ਰੂਰੀ ਨਹੀਂ ਹੁੰਦਾ ਅਤੇ ਦੂਜੇ ਮੁੱਖ ਮੰਤਰੀ ਸਦਨ ਵਿੱਚ ਹਾਜ਼ਰ ਨਹੀਂ ਹਨ ਅਤੇ ਜਦ ਉਹ ਆ ਕੇ ਕੋਈ ਜਵਾਬ ਦੇਣਾ ਚਾਹੁਣਗੇ ਤਾਂ ਜਵਾਬ ਮਿਲ ਜਾਵੇਗਾ।
ਇਸ ਗੱਲ ਤੋਂ ਸੰਤੁਸ਼ਟ ਨਾ ਹੋਏ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ‘ਵੈੱਲ’ ਵਿੱਚ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹ ਸ: ਸਰਾਰੀ ਨੂੰ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰ ਰਹੇ ਸਨ।
ਸਥਿਤੀ ਕਾਬੂ ਵਿੱਚ ਨਾ ਆਉਂਦੀ ਵੇਖ਼ ਸਪੀਕਰ ਨੇ ਹਾਊਸ ਅੱਧੇ ਘੰਟੇ ਲਈ ਮੁਲਤਵੀ ਕੀਤਾ ਪਰ ਬਾਅਦ ਵਿੱਚ ਵੀ ਹਾਊਸ ਵਿੱਚ ਆਏ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਪੀਕਰ ਦੇ ਸਾਹਮਣੇ ਲਗਾਤਾਰ ਨਾਅਰੇਬਾਜ਼ੀ ਜਾਰੀ ਰੱਖੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ