ਯੈੱਸ ਪੰਜਾਬ
ਚੰਡੀਗੜ੍ਹ, 25 ਨਵੰਬਰ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ’ਤੇ ਅੱਜ ਉਨ੍ਹਾਂ ਨਾਲ ‘ਲੰਚ ਮੀਟਿੰਗ’ ਕਰਨ ਪਹੁੰਚੇ ਰਾਜ ਦੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਖੁਸ਼ਗਵਾਰ ਰਹੀ ਦੱਸੀ ਜਾਂਦੀ ਹੈ।
ਜੂਨ 2019 ਵਿੱਚ ਸ: ਸਿੱਧੂ ਨੂੰ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗਾਂ ਤੋਂ ਲਾਂਭੇ ਕਰ ਦਿੱਤੇ ਜਾਣ ਅਤੇ 14 ਜੁਲਾਈ ਨੂੰ ਉਨ੍ਹਾਂ ਵੱਲੋਂ ਰਸਮੀ ਤੌਰ ’ਤੇ ਅਸਤੀਫ਼ਾ ਦੇ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਦਾ ਸ: ਸਿੱਧੂ ਨੂੰ ਇਹ ਪਹਿਲਾ ਵੰਨ-ਟੂ-ਵੰਨ ਸੱਦਾ ਸੀ ਅਤੇ ਪਹਿਲਾ ਸਾਂਝਾ ਖ਼ਾਣਾ।
ਸ: ਸਿੱਧੂ ਦਿੱਤੇ ਸਮੇਂ ’ਤੇ ਮੁੱਖ ਮੰਤਰੀ ਦੇ ਸਿਸਵਾਂ ਫ਼ਾਰਮ ਹਾਊਸ ਵਿਖ਼ੇ ਪੁੱਜੇ ਅਤੇ ਘੰਟੇ ਤੋਂ ਕੁਝ ਵੱਧ ਸਮਾਂ ਮੁੱਖ ਮੰਤਰੀ ਨਾਲ ਬਿਤਾਉਣ ਮਗਰੋਂ ਬਾਹਰ ਆਏ।
ਇਹ ਮੁਲਾਕਾਤ ਹੋਰ ਵੀ ਦਿਲਚਸਪ ਇਸ ਕਰਕੇ ਰਹੀ ਕਿ ਦਿਹਾੜੀ ਪਹਿਲਾਂ ਲੰਚ ਦੇ ਸੱਦੇ ਬਾਰੇ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਵੱਲੋਂ ‘ਫ਼ਲੈਸ਼’ ਅਨੁਵਾਨ ਹੇਠ ਇਕ ਟਵੀਟ ਕਰ ਕੇ ਲੋਕਾਂ ਨਾਲ ਸਾਂਝੀ ਕੀਤੀ ਗਈ ਅਤੇ ਜਿਵੇਂ ਹੀ ਸ: ਸਿੱਧੂ ਮੁੱਖ ਮੰਤਰੀ ਨੂੰ ਮਿਲ ਕੇ ਨਿਕਲੇ, ਇਕ ਹੋਰ ਟਵੀਟ ਰਾਹੀਂ ਸ੍ਰੀ ਠੁਕਰਾਲ ਨੇ ਇਹ ਜਾਣਕਾਰੀ ਦਿੱਤੀ ਕਿ ਦੋਹਾਂ ਆਗੂਆਂ ਨੇ ਸੁਖ਼ਾਵੇਂ ਮਾਹੌਲ ਵਿੱਚ ਇਕ ਘੰਟੇ ਤੋਂ ਵੱਧ ਸਮਾਂ ਕੌਮੀ ਅਤੇ ਸੂਬਾਈ ਮੁੱਦਿਆਂ ’ਤੇ ਚਰਚਾ ਕੀਤੀ।
ਸੂਤਰਾਂ ਦੀ ਮੰਨੀਏ ਤਾਂ ਇਸ ਮੁਲਾਕਾਤ ਨੇ ਨਾ ਕੇਵਲ ਦੋਹਾਂ ਵਿਚਾਲੇ ਦੂਰੀਆਂ ਨੂੰ ਘਟਾਉਣ ਦਾ ਕੰਮ ਕੀਤਾ ਹੈ, ਸਗੋਂ ਸ: ਸਿੱਧੂ ਦੀ ਕੈਬਨਿਟ ਵਿੱਚ ਵਾਪਸੀ ਲਈ ਰਾਹ ਜਨਤਕ ਤੌਰ ’ਤੇ ਖੋਲ੍ਹ ਦਿੱਤਾ ਹੈ। ਉਂਜ ਅਜੇ ਇਹ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਤੋਂ ਇਲਾਵਾ ਕਾਂਗਰਸ ਹਾਈਕਮਾਨ ਹੀ ਜਾਣਦੀ ਹੋਵੇਗੀ ਕਿ ਸ: ਸਿੱਧੂ ਕਿਸ ਤਰ੍ਹਾਂ ਦੀ ਭੂਮਿਕਾ ਵਿੱਚ ਸਰਕਾਰ ਦਾ ਹਿੱਸਾ ਬਣਦੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਮਹਿਕਮੇ ਨਾਲ ਨਿਵਾਜਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਦੋਹਾਂ ਆਗੂਆਂ ਵਿੱਚ ਪੈਦਾ ਹੋਈਆਂ ਦੂਰੀਆਂ ਨੂੰ ਨੇੜਤਾ ਵਿੱਚ ਬਦਲਣ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇ ਇੰਚਾਰਜ ਅਤੇ ਉੱਤਰਾਖ਼ੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਨੇ ਪੁਲ ਦਾ ਕੰਮ ਕੀਤਾ।