ਯੈੱਸ ਪੰਜਾਬ
ਜਲੰਧਰ, 30 ਜੂਨ, 2022 –
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ, ਜੀ.ਐਸ.ਟੀ. ਦੀਆਂ ਦਰਾਂ ‘ਚ ਅਥਾਹ ਵਾਧਾ ਕਰ ਕੇ, ਦੇਸ਼ ਦੀ ਮੁਸੀਬਤਜ਼ਦਾ ਲੋਕਾਈ ਸਿਰ ਟੈਕਸਾਂ ਦਾ ਅਸਹਿ ਭਾਰ ਲੱਦਣ ਦੇ, ਮੋਦੀ ਸਰਕਾਰ ਦੇ ਫੈਸਲੇ ਦੀ ਕਰੜੀ ਨਿਖੇਧੀ ਕਰਦਿਆਂ ਉਕਤ ਵਾਧਾ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ।
ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਐਕਟਿੰਗ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਥਾਰਮਨ ਦੀ ਪ੍ਰਧਾਨਗੀ ਹੇਠ ਹੋਈ ਜੀ.ਐਸ.ਟੀ. ਕੌਂਸਲ ਦਾ ਉਕਤ ਲੋਕ ਮਾਰੂ ਫੈਸਲਾ ਮੋਦੀ ਧਨਾਢਾਂ ਨੂੰ ਹਰ ਕਿਸਮ ਦੀਆਂ ਰਿਆਇਤਾਂ ਤੇ ਟੈਕਸ ਛੋਟਾਂ ਦੇਣ ਅਤੇ ਆਮ ਲੋਕਾਈ ਸਿਰ ਟੈਕਸਾਂ ਦਾ ਬੋਝ ਲੱਦਣ ਦੀ 2014 ਤੋਂ ਜਾਰੀ ਮੋਦੀ ਸਰਕਾਰ ਦੀ ਗਰੀਬ ਵਿਰੋਧੀ ਨੀਤੀ ਦੀ ਹੀ ਨਵੀਨਤਮ ਕੜੀ ਹੈ।
ਉਨ੍ਹਾਂ ਕਿ ਉਕਤ ਫੈਸਲੇ ਨਾਲ ਪਹਿਲਾਂ ਹੀ ਘੋਰ ਆਰਥਕ ਮੁਸ਼ਕਿਲਾਂ ‘ਤੇ ਘਿਰੀ ਦੇਸ਼ ਦੀ ਆਮ ਲੋਕਾਈ, ਖਾਸ ਕਰਕੇ ਮਜ਼ਦੂਰਾਂ, ਖੇਤੀ ਕਾਮਿਆਂ, ਗਰੀਬ ਕਿਸਾਨਾਂ ਅਤੇ ਨਿਮਨ ਵਰਗ ਦਾ ਹੋਰ ਕਚੂੰਮਰ ਨਿਕਲੇਗਾ।
ਆਗੂਆਂ ਨੇ ਪਾਰਟੀ ਇਕਾਈਆਂ ਅਤੇ ਜਨ ਸੰਗਠਨਾਂ ਨੂੰ ਉਕਤ ਜ਼ਾਲਿਮਾਨਾ ਪ੍ਰਸ਼ਾਸਕੀ ਲੁੱਟ ਖਿਲਾਫ਼ ਜ਼ੋਰਦਾਰ ਜਨ ਪ੍ਰਤੀਰੋਧ ਉਸਾਰਨ ਦਾ ਸੱਦਾ ਦਿੱਤਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ