ਯੈੱਸ ਪੰਜਾਬ
ਨਵੀਂ ਦਿੱਲੀ, 11 ਜਨਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਅੱਜ ਕਿਸਾਨਾਂ ਦੇ ਹੱਕ ਵਿਚ ਦਿੱਤੇ ਹੁਕਮਾਂ ਨਾਲ ਕਿਸਾਨ ਅੰਦੋਲਨ ਨੂੰ ਪਾਕਿਸਤਾਨੀ ਤੇ ਚੀਨ ਦੀ ਹਮਾਇਤ ਪ੍ਰਾਪਤ ਦੱਸਣ ਵਾਲਿਆਂ ਦੀਆਂ ਅੱਖਾਂ ਖੁੱਲ ਗਈਆਂ ਹਨ।
ਸੁਪਰੀਮ ਕੋਰਟ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਸਪਸ਼ਟ ਆਖ ਦਿੱਤਾ ਹੈ ਕਿ ਕਿਸਾਨਾਂ ਨੂੰ ਧਰਨਾ ਜਾਰੀ ਰੱਖਣ ਦਾ ਪੂਰਾ ਹੱਕ ਹੈ।
ਉਹਨਾਂ ਕਿਹਾ ਕਿ ਦੇਸ਼ ਦੀ ਸਰਵ ਉਚ ਅਦਾਲਤ ਦੇ ਫੈਸਲੇ ਨਾਲ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਬੋਲਤੀ ਬੰਦ ਹੋ ਜਾਵੇਗੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਤਾਂ ਇਹ ਵੀ ਆਖ ਦਿੱਤਾ ਹੈ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨੀ ਮਸਲਾ ਹੱਲ ਨਹੀਂ ਕਰ ਰਹੀ।
ਸ੍ਰੀ ਸਿਰਸਾ ਨੇ ਕਿਹਾ ਕਿ ਇਸ ਸੰਕਟ ਦਾ ਇਕੋ ਇਕ ਹੱਲ ਤਿੰਨ ਕਾਲੇ ਕਾਨੂੰਨ ਰੱਦ ਕਰਨਾ ਹੈ ਤੇ ਜਿੰਨਾ ਛੇਤੀ ਸਰਕਾਰ ਇਹ ਸਮਝ ਕੇ ਕਾਨੂੰਨ ਰੱਦ ਕਰ ਦੇਵੇਗੀ ਤਾਂ ਮਸਲਾ ਹੱਲ ਹੋ ਜਾਵੇਗਾ।
ਉਹਨਾਂ ਕਿਹਾ ਕਿ ਪਹਿਲਾਂ ਇਸ ਸੰਘਰਸ਼ ਨੂੰ ਸਿਰਫ ਪੰਜਾਬ ਦਾ ਦੱਸਿਆ ਜਾ ਰਿਹਾ ਸੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਕਿਸਾਨ ਅੰਦੋਲਨ ਵਿਚ ਨਾ ਹੋਣ ਦੇ ਵੱਡੇ ਵੱਡੇ ਦਾਅਵੇਵੀ ਕੀਤੇ ਸੀ ਪਰ ਹੁਣ ਖੁਦ ਸਾਰਾ ਦੇਸ਼ ਵੇਖ ਰਿਹਾ ਹੈ ਕਿ ਹਰਿਆਣਾ ਦੇ ਕਿਸਾਨ ਕਿਸ ਤਰੀਕੇ ਮੁੱਖ ਮੰਤਰੀ ਦੇ ਹੀ ਖਿਲਾਫ ਹੋ ਗਏ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਜਿਸਦੇ ਸੰਘਰਸ਼ ਨੂੰ ਪੂਰੀ ਦੁਨੀਆਂ ਦੇ ਲੋਕਾਂ ਨੇ ਵੇਖਿਆ ਹੈ ਤੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਸੁਪਰੀਮ ਕੋਰਟ ਦੀ ਹਮਾਇਤ ਮਗਰੋਂ ਆਸ ਹੈ ਕਿ ਸਰਕਾਰ ਜਲਦੀ ਹੀ ਆਪਣੀ ਜ਼ਿੰਮੇਵਾਰੀ ਸਮਝੇਗੀ ਤੇ ਕਿਸਾਨਾਂ ਦੀ ਇੱਛਾ ਮੁਤਾਬਕ ਕਾਨੂੰਨ ਰੱਦ ਕਰ ਦੇਵੇਗੀ।