ਯੈੱਸ ਪੰਜਾਬ
ਸਿੰਘੂ ਬਾਰਡਰ, 15 ਅਪ੍ਰੈਲ, 2021:
ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਗਰਮੀ ਨੂੰ ਵੇਖ਼ਦਿਆਂ ਕਿਸਾਨਾਂ ਵੱਲੋਂ ਬਣਾਏ ਆਰਜ਼ੀ ਮਕਾਨਾਂ ਨੂੰ ਅੱਜ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਨਾਲ ਮੌਕੇ ’ਤੇ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣ ਗਿਆ।
ਇਸ ਘਟਨਾ ਦੌਰਾਨ ਚੰਗੇ ਭਾਗੀਂ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਅਤੇ ਨਾ ਹੀ ਕੋਈ ਵਿਅਕਤੀ ਜ਼ਖ਼ਮੀ ਹੋਇਆ ਪਰ ਕਿਸਾਨਾਂ ਵੱਲੋਂ ਮਿਹਨਤ ਨਾਲ ਬਣਾਏ ਆਰਜ਼ੀ ਮਕਾਨ ਅਤੇ ਉਨ੍ਹਾਂ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ। ਤੇਜ਼ ਹਵਾ ਕਾਰਨ ਅੱਗ ਇਕਦਮ ਭੜਕੀ ਜਿਸ ਨਾਲ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਵੀਰਵਾਰ ਦੁਪਹਿਰ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਆਰਜ਼ੀ ਮਕਾਨਾਂ ਨੂੰ ਅੱਗ ਲਗਾਈ ਅਤੇ ਘਟਨਾ ਸਥਾਨ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਜਗਜੀਤ ਸਿੰਘ ਡੱਲੇਵਾਲ ਆਦਿ ਮੌਕੇ ’ਤੇ ਪੁੱਜੇ। ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਵੇਖ਼ਕੇ ਬੌਖ਼ਲਾਈ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਰਾਹੀਂ ਇਹ ਕਾਰਾ ਕਰਵਾਇਆ ਗਿਆ ਹੈ ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ।