Saturday, April 27, 2024

ਵਾਹਿਗੁਰੂ

spot_img
spot_img

ਸਿਸਟਮ ’ਚ ਰਹੋ, ਜਥੇਦਾਰੀਆਂ ਮਾਣੋ, ਨਹੀਂ ਤਾਂ ਚੱਲੋ ਹਰਿਆਣੇ ਨੂੰ – ਐੱਚ.ਐੱਸ.ਬਾਵਾ ਦਾ ਪ੍ਰੋ: ਬਡੂੰਗਰ ਦੇ ਨਾਂਅ ਖ਼ਤ

- Advertisement -

ਸਤਿਕਾਰਯੋਗ ਬਡੂੰਗਰ ਸਾਹਿਬ,

ਫ਼ਤਹਿ ਪ੍ਰਵਾਨ ਕਰਨੀ ਜੀ।

ਆਪ ਜੀ ਨੂੰ ਯਾਦ ਹੋਵੇ ਤਾਂ ਆਪ ਦੇ ਸ਼੍ਰੋਮਣੀ ਕਮੇਟੀ ਜਿਹੀ ਅਜ਼ੀਮ ਸੰਸਥਾ ਦੇ ਪ੍ਰਧਾਨ ਬਣਨ ’ਤੇ ਮੈਂ ਆਪ ਜੀ ਨੂੰ ਵਧਾਈ ਦੇਣ ਲਈ ਟੈਲੀਫ਼ੋਨ ਕਾਲ ਕੀਤੀ ਸੀ ਕਿਉਂਕਿ ਮੇਰਾ ਤੁਹਾਡੇ ਬਾਰੇ ਪ੍ਰਭਾਵ ਬਹੁਤ ਚੰਗਾ ਰਿਹਾ ਹੈ। ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੰਦ ਇਕ ਚੰਗੇ ਪੜ੍ਹੇ ਲਿਖ਼ੇ, ਸੂਝਵਾਨ, ਵਿਚਾਰਵਾਨ ਅਤੇ ਆਪਣੀ ਗੱਲ ਕਹਿ ਸਕਣ ਵਾਲੇ ਆਗੂਆਂ ਵਿਚੋਂ ਇਕ ਮੰਨਿਆਂ ਜਾਂਦਾ ਹੈ। ਇਸੇ ਕਰਕੇ ਮੇਰੀ ਵਧਾਈ ਮਾਤਰ ਵਧਾਈ ਨਹੀਂ ਸੀ। ਉਸ ਮਗਰ ਇਕ ਆਸ ਵੀ ਛਿਪੀ ਹੋਈ ਸੀ ਕਿ ਬਡੂੰਗਰ ਸਾਹਿਬ ਦੀ ਅਗਵਾਈ ਕਮੇਟੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰ ਸਕੇਗੀ।

ਸ਼੍ਰੋਮਣੀ ਕਮੇਟੀ ਨੂੰ ਇਸ ਵੇਲੇ ਵੱਡੇ ਜਾਂ ਬਹੁਤੇ ਗੁਰਦੁਆਰਿਆਂ, ਉੱਚਿਆਂ ਗੁੰਬਦਾਂ ਅਤੇ ਸੋਨੇ ਦੀ ਕਾਰ ਸੇਵਾ ਨਾਲੋਂ ਕਿਤੇ ਵਧੇਰੇ ਕਈ ਹੋਰ ਲੋੜਾਂ ਹਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲੀ ਲੋੜ ਹੈ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਬਦਲਣ ਦੀ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੈ ਅਤੇ ਵਿਸ਼ਵ ਭਰ ਦੇ ਸਿੱਖ ਇਸ ਵੱਲ ਆਸ ਨਾਲ ਵੇਖ਼ਦੇ ਹਨ ਪਰ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਦੇ ਢੰਗ, ਖ਼ਾਸਕਰ ਜਥੇਦਾਰਾਂ ਦੀਆਂ ਨਿਯੁਕਤੀਆਂ, ਉਨ੍ਹਾਂ ਦੇ ਕਾਰ ਵਿਹਾਰ ਬਾਰੇ ਸ਼੍ਰੋਮਣੀ ਕਮੇਟੀ ਦੀ ਪਹੁੰਚ ਅਤੇ ਫ਼ਿਰ ਜਥੇਦਾਰਾਂ ਨੂੰ ਹਟਾਏ ਜਾਣ ਦੇ ਵਿਵਾਦਿਤ ਅਮਲਾਂ ਸਦਕਾ ਸ਼੍ਰੋਮਣੀ ਕਮੇਟੀ ਸਿੱਖਾਂ ਦਾ ਉਸ ਤਰ੍ਹਾਂ ਦਾ ਵਿਸ਼ਵਾਸ ਹਾਸਿਲ ਨਹੀਂ ਕਰ ਸਕੀ ਜਿਸ ਤਰ੍ਹਾਂ ਦਾ ਇਕ ਧਾਰਮਿਕ ਸੰਸਥਾ ਵਿਚ ਹੋਣਾ ਚਾਹੀਦਾ ਹੈ।

ਇਹ ਸਾਰੇ ਹੀ ਜਾਣਦੇ ਹਨ ਕਿ ਇਸਦੇ ਕਾਰਨ ਕੋਈ ਧਾਰਮਿਕ ਨਹੀਂ ਸਗੋਂ ਸਿਆਸੀ ਹਨ। ਸੜਕ ਕਿਨਾਰੇ ਖੇਡ ਵਿਖਾਉਂਦਾ ਨਿੱਕਾ ਜਿਹਾ ਬੱਚਾ ਜਦ ਸਿਰ ’ਤੇ ਸੋਟੀ ਟਿਕਾ ਦੋਹਾਂ ਪਾਸਿਉਂ ਬੰਨ੍ਹੀਂ ਰੱਸੀ ਉੱਤੇ ਤੁਰਦਾ ਹੈ ਤਾਂ ਕੰਮ ਬੜਾ ਔਖਾ ਜਾਪਦਾ ਹੈ, ਪਰ ਫ਼ਿਰ ਵੀ ਉਹ ਤੁਰਦਾ ਹੈ। ਬੈਲੈਂਸ ਬਨਾਉਣ ਦੀ ਇਹ ਖ਼ੇਡ ਕੋਈ ਕੋਈ ਹੀ ਵਿਖਾ ਸਕਦਾ ਹੈ ਅਤੇ ਮੇਰਾ ਮੰਨਣਾ ਸੀ ਕਿ ਤੁਹਾਡੇ ਵਿਚ ਇਹ ਸਮਰਥਾ ਹੈ ਕਿ ਤੁਸੀਂ ਚੀਜ਼ਾਂ ਨੂੰ ਇਸ ਤਰ੍ਹਾਂ ਬੈਲੈਂਸ ਕਰ ਸਕੋ ਕਿ ਜਿਨ੍ਹਾਂ ਦੀ ਕ੍ਰਿਪਾ ਨਾਲ ਪ੍ਰਧਾਨਗੀ ਆਈ ਹੈ ਉਨ੍ਹਾਂ ’ਤੇ ਵੀ ਕੋਈ ਆਂਚ ਨਾ ਆਵੇ ਅਤੇ ਸੰਗਤਾਂ ਨੂੰ ਵੀ ਇਹ ਮਹਿਸੂਸ ਨਾ ਹੋਵੇ ਕਿ ਕੁਝ ਗ਼ਲਤ ਹੋਇਆ ਹੈ।

ਅਫ਼ਸੋਸ ਕਿ ਇੰਜ ਨਹੀਂ ਹੋ ਸਕਿਆ। ਇਹ ਨਿਰਾਸ਼ਾ ਕੇਵਲ ਮੇਰੀ ਨਹੀਂ ਹੈ। ਸਿੱਖ ਸੰਗਤ ਦਾ ਇਕ ਵੱਡਾ ਹਿੱਸਾ ਤੁਹਾਡੇ ਤੋਂ ਇਹ ਆਸ ਨਹੀਂ ਕਰ ਰਿਹਾ ਸੀ। ਤੇਜ਼ੀ ਨਾਲ ਬਦਲਦੇ ਸਮਿਆਂ ਵਿਚ ਅਤੇ ਸੋਸ਼ਲ ਮੀਡੀਆ ਦੇ ਯੁਗ ਵਿਚ ਸਵਾਲਾਂ ’ਤੇ ਰੋਕ ਨਹੀਂ ਲਾਈ ਜਾ ਸਕਦੀ, ਪ੍ਰਸ਼ਨਾਂ ਤੋਂ ਭੱਜਿਆ ਨਹੀਂ ਜਾ ਸਕਦਾ, ਉਨ੍ਹਾਂ ਦੇ ਜੁਆਬ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ ਹਾਲਾਂਕਿ ਮੈਂ ਇਹ ਵੀ ਸਮਝਦਾ ਹਾਂ ਕਿ ਕਈ ਵਾਰ ਸਵਾਲ ਹੀ ਐਸੇ ਹੁੰਦੇ ਹਨ ਕਿ ਉਨ੍ਹਾਂ ਦਾ ਕੋਈ ਜਵਾਬ ਹੀ ਨਹੀਂ ਹੁੰਦਾ।

ਗਿਆਨੀ ਗੁਰਮੁਖ ਸਿੰਘ ਦੇ ਮਾਮਲੇ ਵਿਚ ਵੀ ਇੰਜ ਹੀ ਜਾਪਦਾ ਹੈ। ਜੋ ਕੁਝ ਹੋਇਆ ਹੈ, ਉਹ ਕੋਈ ਵੱਖਰਾ ਨਹੀਂ ਹੋਇਆ। ਉਨ੍ਹਾਂ ਵੱਲੋਂ ਕੁਝ ਸਨਸਨੀਖੇਜ਼ ਖੁਲਾਸੇ ਕੀਤੇ ਜਾਣ ਮਗਰੋਂ ਹਰ ਆਮ ਸਿੱਖ ਵੀ ਇਹ ਸਮਝ ਹੀ ਰਿਹਾ ਸੀ ਕਿ ਕੋਈ ਜੁਆਬ ਨਹੀਂ ਆਉਣਾ, ਸਗੋਂ ਉਨ੍ਹਾਂ ਨੂੰ ਹੀ ਜਾਣਾ ਪਵੇਗਾ। ਸ਼੍ਰੋਮਣੀ ਕਮੇਟੀ ਹੁਣ ਤਕ ਇੰਜ ਹੀ ਕਰਦੀ ਆਈ ਹੈ, ਬਡੂੰਗਰ ਸਾਹਿਬ ਦੇ ਆਇਆਂ ਵੀ ਇੰਜ ਹੀ ਕਰੇਗੀ, ਇਹ ਹੁਣ ਹੀ ਪਤਾ ਲੱਗਾ ਹੈ। ਇਹ ਆਸ ਨਹੀਂ ਸੀ ਕਿ ਬਡੂੰਗਰ ਸਾਹਿਬ ਇੰਨੇ ਸੰਵੇਦਨਸ਼ੀਲ ਮਸਲੇ ਨੂੰ ਇੰਨੇ ਗੈਰ ਸੰਵੇਦਨਸ਼ੀਲ ਤਰੀਕੇ ਨਾਲ ਅਤੇ ਇੰਨੀ ਤੇਜ਼ੀ ਨਾਲ ਹੱਲ ਕਰਨਗੇ। ਤੁਹਾਡੀ ‘ਲਾਇਲਟੀ’ ਦੀ ਕਦਰ ਕਰਨੀ ਬਣਦੀ ਹੈ ਪਰ ਮੈਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਤੁਸੀਂ ਆਪਣੀ ਕਾਰਵਾਈ ਦੇ ਢੰਗ ਤਰੀਕੇ ਨਾਲ ਨਾ ਕੇਵਲ ਆਪਣੇ ਅਕਸ, ਸ਼੍ਰੋਮਣੀ ਕਮੇਟੀ ਦੇ ਵਕਾਰ ਅਤੇ ਉਨ੍ਹਾਂ ਧਾਰਮਿਕ ਅਤੇ ਰਾਜਸੀ ਹਸਤੀਆਂ ਦੀ ਦਿੱਖ ਨੂੰ ਵੀ ਨੁਕਸਾਨ ਪੁਚਾਇਆ ਹੈ ਜਿਹੜੀਆਂ ਗਿਆਨੀ ਗੁਰਮੁਖ ਸਿੰਘ ਦੀ ਕਹਾਣੀ ਦੇ ਬੜੇ ਅਹਿਮ ਪਾਤਰ ਹਨ।

ਮੈਨੂੰ ਇਹ ਅਫ਼ਸੋਸ ਰਹੇਗਾ ਕਿ ਤੁਸਾਂ ਉਹ ਮੌਕਾ ਖੁੰਝਾ ਦਿੱਤਾ ਜਿਸਨੂੰ ਵਰਤ ਕੇ ਤੁਸੀਂ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਬਾਰੇ, ਸ਼੍ਰੋਮਣੀ ਕਮੇਟੀ ਦੇ ਢੰਗ ਤਰੀਕਿਆਂ ਬਾਰੇ ਬਣੀ ਰਾਇ ਨੂੰ ਬਦਲ ਸਕਦੇ ਸੀ। ਜਿਵੇਂ ਗਿਆਨੀ ਗੁਰਮੁਖ ਸਿੰਘ ਨੂੂੰ ਬਦਲਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨਾਲ ਸਗੋਂ ਇਹ ਪ੍ਰਭਾਵ ਗਿਆ ਹੈ ਕਿ ਸਿੱਖ ਚੰਗਾ ਸਮਝਣ ਜਾਂ ਬੁਰਾ, ਸ਼੍ਰੋਮਣੀ ਕਮੇਟੀ ਉਂਜ ਹੀ ਚੱਲੇਗੀ ਜਿਵੇਂ ਚੱਲਦੀ ਸੀ। ਗੱਲਾਂ ਦੋ ਹੀ ਹੋਣੀਆਂ ਸਨ। ਜਾਂ ਤਾਂ ਬਡੂੰਗਰ ਸਾਹਿਬ ਇਸ ਦੇ ਢੰਗ ਤਰੀਕਿਆਂ ਵਿਚ ਸਾਕਾਰਾਤਮਕ ਤਬਦੀਲੀ ਲਿਆਉਣ ਲਈ ਆਪਣੀ ਤਾਣ ਲਾ ਦਿੰਦੇ ਅਤੇ ਸੰਗਤਾਂ ਦੇ ਵੱਡੇ ਹਿੱਸੇ ਨੂੰ ਇਸ ਕਮੇਟੀ ਦੇ ‘ਅਲੋਚਕਾਂ’ ਦੀ ਸ਼੍ਰੇਣੀ ਵਿਚੋਂ ਕੱਢ ਕੇ ਕਮੇਟੀ ਨਾਲ ਜੋੜਨ ਦੀ ਭੂਮਿਕਾ ਅਦਾ ਕਰ ਲੈਂਦੇ ਜਾਂ ਫ਼ਿਰ ਆਪ ਹੀ ਇਸ ਦੇ ਸਿਸਟਮ ਵਿਚ ਫਿੱਟ ਬੈਠ ਜਾਂਦੇ। ਮੁਆਫ਼ ਕਰਨਾ, ਸਿਸਟਮ ਵਿਚ ਫਿੱਟ ਬਹਿਣਾ ਹਮੇਸ਼ਾ ਸੌਖਾ ਹੁੰਦਾ ਹੈ ਅਤੇ ਅਫ਼ਸੋਸ ਹੈ ਕਿ ਤੁਸਾਂ ਬਦਲਾਅ ਬਾਰੇ ਸੋਚਣ ਨਾਲੋਂ ਸਿਸਟਮ ਵਿਚ ਫਿੱਟ ਬੈਠ ਜਾਣ ਨੂੰ ਤਰਜੀਹ ਦਿੱਤੀ ਹੈ।

ਆਪ ਬੜੀਆਂ ਸੂਖ਼ਮ ਗੱਲਾਂ ਕਰਨ ਅਤੇ ਸਮਝਣ ਵਾਲੇ ਹੋ ਪਰ ਮੇਰਾ ਤਜਰਬਾ ਹੈ ਕਿ ਕਈ ਵਾਰ ਕਿਸੇ ਉੱਚੀ ਥਾਂਵੇਂ ਬੈਠਿਆਂ, ਹੇਠਾਂ ਦਾ ‘ਵਿਊ’ ਸਹੀ ਨਹੀਂ ਮਿਲਦਾ। ਮੇਰਾ ਦਿਲ ਕਰਦੈ, ਮੈਂ ਤੁਹਾਡਾ ਸਾਰਥੀ ਬਣ ਕੇ ਤੁਹਾਨੂੰ ਜ਼ਮੀਨੀ ‘ਵਿਊ’ ਨੂੰ ਦੇਖ਼ਣ ਵਿਚ ਤੁਹਾਡਾ ਸਹਾਇਕ ਹੋਵਾਂ।

ਹੋ ਸਕਦੈ ਗਿਆਨੀ ਗੁਰਮੁਖ ਸਿੰਘ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੋਵੇ ਕਿ ਉਨ੍ਹਾਂ ਨੂੰ ਹਟਾਏ ਜਾਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਕੋਲ ਕੋਈ ਰਾਹ ਨਾ ਬਚਿਆ ਹੋਵੇ ਪਰ ਕਈ ਵਾਰ ਕਿਸੇ ਨੂੰ ਸਜ਼ਾ ਸੁਨਾਉਣ ਲੱਗਿਆਂ ‘ਜੱਜਾਂ’ ਨੂੰ ਵੀ ਇਹ ਖ਼ਿਆਲ ਕਰਨਾ ਪੈਂਦੈ ਕਿ ਕੋਈ ਐਸਾ ਫ਼ੈਸਲਾ ਨਾ ਸੁਣਾਇਆ ਜਾਵੇ ਜਿਸ ਨਾਲ ਅਦਾਲਤ ਦੇ ਅਕਸ ਨੂੰ ਹੀ ਢਾਹ ਲੱਗਦੀ ਹੋਵੇ ਅਤੇ ਇਹ ਨਾ ਹੋਵੇ ਕਿ ਜੱਜਾਂ ਦੀ ਸੂਝ ਬੂਝ ਅਤੇ ਨਿਰਣਾ ਲੈਣ ਦੀ ਸਮਰੱਥਾ ’ਤੇ ਹੀ ਸਵਾਲ ਖੜ੍ਹੇ ਹੋ ਜਾਣ।

ਲੋਕਤੰਤਰ ਵੀ ਵੱਖ ਵੱਖ ਥਾਈਂ ਵੱਖ ਵੱਖ ਰੂਪ ਰੱਖਦਾ ਹੈ ਅਤੇ ਲੋਕਤੰਤਰ ਨੂੰ ਵੱਖ ਵੱਖ ਥਾਈਂ ਵੱਖ ਵੱਖ ਤਰ੍ਹਾਂ ਨਾਲ ਵਰਤਿਆ ਜਾਂਦੈ ਪਰ ਫ਼ਿਰ ਵੀ ਇਹ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਲੋਕਤੰਤਰਿਕ ਤਰੀਕੇ ਨਾਲ ਚੁਣੀ ਹੋਈ ਸੰਸਥਾ ਹੈ ਭਾਵੇਂ ਇਸ ਦੇ ਅੰਦਰ ਲੋਕਤੰਤਰਿਕ ਪ੍ਰੰਪਰਾਵਾਂ ਕਿੰਨੀਆਂ ਕੁ ਪ੍ਰਪੱਕ ਹਨ, ਇਸ ਬਾਰੇ ਵੱਖ ਵੱਖ ਰਾਵਾਂ ਹਨ।

ਕੀ ਤਹੁਾਨੂੰ ਨਹੀਂ ਲੱਗਦਾ ਕਿ ਜਿਸ ਵਿਅਕਤੀ ਨੂੰ ਕੁਝ ਹੀ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਪੰਜ ਤਖ਼ਤਾਂ ਵਿਚੋਂ ਇਕ ਦਾ ਜਥੇਦਾਰ ਹੋਣ ਕਾਬਿਲ ਸਮਝਿਆ ਹੋਵੇ, ਉਸੇ ਜਥੇਦਾਰ ਤੋਂ ਜਥੇਦਾਰੀ ਦੀ ਸੇਵਾ ਵਾਪਿਸ ਲੈਣ ਲੱਗਿਆਂ ਘੱਟੋ ਘੱਟ ਉਸਨੂੰ ਇਕ ਮੌਕਾ ਦੇਣਾ ਚਾਹੀਦਾ ਸੀ ਕਿ ਉਸਨੇ ਜਿਹੜੇ ‘ਗੈਰ ਮਰਿਆਦਤ’ ਕੰਮ ਕੀਤੇ ਹਨ, ਉਹ ਉਨ੍ਹਾਂ ਨੂੰ ਮਰਿਆਦਾ ਕਿਵੇਂ ਅਤੇ ਕਿਉਂ ਮੰਨੀ ਬੈਠਾ ਸੀ? ਜੇ ਇੰਜ ਕੀਤਾ ਜਾਂਦਾ ਤਾਂ ਇਹ ਸ਼ਾਇਦ ਸ਼੍ਰੋਮਣੀ ਕਮੇਟੀ ਵਿਚ ਲੋਕਤੰਤਰ ਹੋਣ ਜਾਂ ਨਾ ਹੋਣ ਬਾਰੇ ਲੋਕਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਦਾ ਪਰ ਤੁਸਾਂ ਬਿਨਾਂ ਗਿਆਨੀ ਗੁਰਮੁਖ ਸਿੰਘ ਨੂੰ ਮੌਕਾ ਦਿੱਤਿਆਂ, ਬਿਨਾਂ ਉਨ੍ਹਾਂ ਨੂੰ ਸੁਣਿਆਂ, ਬਿਨ੍ਹਾਂ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਿਆਂ, ਉਨ੍ਹਾਂ ਨੂੰ ਸਜ਼ਾ ਸੁਣਾ ਕੇ ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਅਲੋਚਕਾਂ ਦੀ ਗੱਲ ’ਤੇ ਮੋਹਰ ਲਾ ਛੱਡੀ ਹੈ ਜਿਹੜੇ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਸ਼੍ਰੋਮਣੀ ਕਮੇਟੀ ਕੇਵਲ ਉੱਤੋਂ ਆਏ ਹੁਕਮਾਂ ’ਤੇ ਹੀ ਚੱਲਦੀ ਹੈ। ਤੁਸੀਂ ਕੀ ਚਾਹੁੰਦੇ ਸੀ, ਇਹ ਨਹੀਂ ਪਤਾ, ਪਰ ਪ੍ਰਭਾਵ ਇਹ ਚਲਾ ਗਿਆ ਹੈ ਕਿ ਸੇਵਾ ਵਾਪਸ ਨਹੀਂ ਲਈ ਗਈ, ਸੇਵਾ ਖੋਹੀ ਗਈ ਹੈ।

ਹੋ ਸਕਦੈ ਤੁਹਾਡਾ ਜਵਾਬ ਇਹ ਹੋਵੇ ਕਿ ਇਹੀ ਸ਼੍ਰੋਮਣੀ ਕਮੇਟੀ ਦਾ ਲੋਕਤੰਤਰ ਹੈ। ਕਿ ਅੰਤਿ੍ਰੰਗ ਕਮੇਟੀ ਜੋ ਫ਼ੈਸਲਾ ਲੈਂਦੀ ਹੈ, ਉਹੀ ਸ਼੍ਰੋਮਣੀ ਕਮੇਟੀ ਦਾ ਫ਼ੈਸਲਾ ਹੁੰਦਾ ਹੈ। ਇਹ ਤਕਨੀਕੀ ਤੌਰ ’ਤੇ ਸਹੀ ਗੱਲ ਹੋ ਸਕਦੀ ਹੈ। ਪਰ ਵੇਖਿਉ, ਸੰਭਲ ਸੰਭਲ ਪਬ ਧਰਿਉ, ਜੇ ਤੁਹਾਡਾ ਇਕ ਵੀ ਕਦਮ ਲੀਕ ਤੋਂ ਇਧਰ ਉੱਧਰ ਪਿਆ ਤਾਂ ਹੋ ਸਕਦੈ ਕਿ ਅੰਤ੍ਰਿੰਗ ਕਮੇਟੀ ਦੀ ਕਿਸੇ ਮੀਟਿੰਗ ਮਗਰੋਂ ਕੋਈ ਸੀਨੀਅਰ ਮੈਂਬਰ ਇਹ ਐਲਾਨ ਕਰਦਾ ਨਜ਼ਰ ਆਵੇ ਕਿ ਅੰਤ੍ਰਿੰਗ ਕਮੇਟੀ ਨੇ ਫ਼ੈਸਲਾ ਲੈ ਲਿਆ ਹੈ ਕਿ ਹੁਣ ਬਡੂੰਗਰ ਸਾਹਿਬ ਪ੍ਰਧਾਨ ਨਹੀਂ ਰਹੇ।

ਬਡੂੰਗਰ ਸਾਹਿਬ, ਇਹ ਸ਼੍ਰੋਮਣੀ ਕਮੇਟੀ ਜੋ ਰੋਜ਼ ਕੇਂਦਰ ਸਰਕਾਰ, ਦੂਜੇ ਸੂਬਿਆਂ ਅਤੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲਾਂ ਕਰਦੀ ਹੈ, ਦਲੀਲਾਂ ਦਿੰਦੀ ਹੈ ਕਿ ਸਿੱਖਾਂ ਨਾਲ ਠੀਕ ਵਿਉਹਾਰ ਕਰੋ, ਸਿੱਖਾਂ ਨਾਲ ਧੱਕਾ ਨਾ ਕਰੋ, ਆਪਣੇ ਹੀ ਥਾਪੇ ਹੋਏ ਕਿਸੇ ਜੱਥੇਦਾਰ ਨਾਲ ਇੱਡਾ ਵੱਡਾ ਧੱਕਾ ਕਿਵੇਂ ਕਰ ਸਕਦੀ ਹੈ ਕਿ ਉਸਨੂੰ ਬਿਨਾ ਕਿਸੇ ਨੋਟਿਸ ਦਿੱਤਿਆਂ, ਬਿਨਾਂ ਸਪਸ਼ਟੀਕਰਨ ਮੰਗਿਆਂ ਅਤੇ ਬਿਨਾਂ ਉਸਦਾ ਪੱਖ ਸੁਣਿਆਂ ਹੀ ਸਜ਼ਾ ਸੁਣਾ ਦਿੱਤੀ ਜਾਵੇ।

ਪੰਥ ਨੂੰ ਜਥੇਦਾਰਾਂ ਦੀ ਲੋੜ ਹੈ, ਕਠਪੁਤਲੀਆਂ ਦੀ ਨਹੀਂ। ਜਥੇਦਾਰਾਂ ਦੀ ਲੋੜ ਇਸ ਲਈ ਹੈ, ਕਿਉਂਕਿ ਜਥੇਦਾਰਾਂ ਦੀਆਂ ਜਿੰਮੇਵਾਰੀਆਂ ਬੜੀਆਂ ਵੱਡੀਆਂ ਹਨ, ਉਨ੍ਹਾਂ ਦੀਆਂ ਸ਼ਕਤੀਆਂ ਅਥਾਹ ਹਨ। ਉਹਨਾਂ ਦੇ ਚਾਹੁਣ ਤਕ ਹੀ ਕੋਈ ਸਿੱਖ ਹੁੰਦਾ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਜੇ ਕੋਈ ਸਿੱਖੀ ਵਿਚੋਂ ਹੀ ਛੇਕਿਆ ਜਾਵੇ ਤਾਂ ਫ਼ਿਰ ਸਿੱਖ ਹੋਣਾ ਬੜਾ ਔਖਾ ਹੁੰਦਾ ਹੈ। ਅਕਾਲ ਤਖ਼ਤ ਸਾਹਿਬ ਦਾ ਸਨਮਾਨ ਹੈ, ਪਰ ਅਕਾਲ ਤਖ਼ਤ ’ਤੇ ਹੁੰਦੇ ਫੈਸਲਿਆਂ ਬਾਰੇ ਮੇਰਾ ਪੱਖ ਇਹ ਵੀ ਹੈ ਕਿ ਘੱਟੋ ਘੱਟ ਉੱਥੇ ਜੋ ਵੀ ਹੋਵੇ, ਉਹ ਅਲੋਚਨਾਦਾਇਕ ਨਾ ਹੋ ਕੇ ਪ੍ਰੇਰਣਾਦਾਇਕ ਹੋਣਾ ਚਾਹੀਦਾ ਹੈ। ਮੇਰੀ ਇਹ ਉਮੀਦ ਸੀ, ਕਿ ਤੁਹਾਡੇ ਆਉਣ ਤੋਂ ਬਾਅਦ ਸ਼ਾਇਦ ਇਸ ਬਾਰੇ ਕੁਝ ਸੋਚਿਆ ਜਾਵੇਗਾ।

ਗਿਆਨੀ ਗੁਰਮੁਖ ਸਿੰਘ ਦਾ ਦੋਸ਼ ਹੈ ਕਿ ਡੇਰਾ ਸਿਰਸਾ ਮੁਖੀ ਦਾ ਮਾਮਲਾ ਰਫ਼ਾ ਦਫ਼ਾ ਕਰਵਾਉਣ ਲਈ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਤਿੰਨ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮਾਮਲੇ ’ਤੇ ਬਾਕੀ ਸਿੰਘ ਸਾਹਿਬਾਨ ਦੇ ਰਾਜ਼ੀ ਹੋ ਜਾਣ ਉਪਰੰਤ ਉਨ੍ਹਾਂ ’ਤੇ ਵੀ ਰਾਜ਼ੀ ਹੋ ਜਾਣ ਲਈ ਲਗਾਤਾਰ ਦਬਾਅ ਬਣਾਇਆ ਗਿਆ। ਪਾਤਰ ਬੜੇ ਮਹੱਤਵਪੂਰਨ, ਬੜੇ ਅਹਿਮ, ਬੜੇ ਸ਼ਕਤੀਸ਼ਾਲੀ, ਬੜੇ ਰੁਤਬਿਆਂ ਵਾਲੇ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਣੇ ਹੋਰਨਾਂ ਤਖ਼ਤ ਸਾਹਿਬ ਦੇ ਜਥੇਦਾਰ, ਇਕ ਮੌਕੇ ਦਾ ਮੁੱਖ ਮੰਤਰੀ, ਇਕ ਉਪ ਮੁੱਖ ਮੰਤਰੀ। ਇਹ ਤਾਂ ਸਪਸ਼ਟ ਹੈ ਕਿ ਗਿਆਨੀ ਗੁਰਮੁਖ ਸਿੰਘ ਤੋਂ ਕੁਝ ਨਹੀਂ ਪੁੱਛਿਆ ਗਿਆ ਪਰ ਸੰਗਤਾਂ ਨੂੰ ਇੰਨਾ ਤਾਂ ਦੱਸਣਾ ਹੀ ਬਣਦਾ ਸੀ ਕਿ ਕੀ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਾਰੀਆਂ ਸ਼ਖਸੀਅਤਾਂ ਤੋਂ ਪੁੱਛ ਲਿਆ ਸੀ ਕਿ ਗਿਆਨੀ ਗੁਰਮੁਖ ਸਿੰਘ ਝੂਠ ਬੋਲ ਰਹੇ ਨੇ ਜਾਂ ਸੱਚ। ਤੁਸਾਂ ਤਾਂ ਇਨ੍ਹਾਂ ਨਾਲ ਵੀ ਇਨਸਾਫ਼ ਨਾ ਕੀਤਾ।

ਸ਼੍ਰੋਮਣੀ ਕਮੇਟੀ ਵੱਲੋਂ ਕਲ੍ਹ ਦੀ ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਆਪ ਜੀ ਵੱਲੋਂ ਗਿਆਨੀ ਗੁਰਮੁਖ ਸਿੰਘ ਤੋਂ ਸੇਵਾ ਵਾਪਿਸ ਲਏ ਜਾਣ ਸੰਬੰਧੀ ਇੰਨਾ ਹੀ ਸਪਸ਼ਟ ਕੀਤਾ ਗਿਆ ਹੈ ਕਿ ਸਿੰਘ ਸਾਹਿਬਾਨ ਦਾ ਕਾਰਜ ਖ਼ੇਤਰ ਧਾਰਮਿਕ ਹੁੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਗਿਆਨੀ ਗੁਰਮੁਖ ਸਿੰਘ ਮਰਿਆਦਾ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕਰ ਰਹੇ ਸਨ। ਤੁਸਾਂ ਕਿਤੇ ਵੀ ਇਹ ਨਹੀਂ ਕਿਹਾ, ਤਖ਼ਤ ਸਾਹਿਬਾਨ ਦੇ ਬਾਕੀ ਜਥੇਦਾਰਾਂ ਅਤੇ ਹੋਰ ਸਨਮਾਨਿਤ ਸ਼ਖਸ਼ੀਅਤਾਂ ਨੇ ਵੀ ਅਜੇ ਤਾਈਂ ਇਹ ਨਹੀਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਝੂਠ ਬੋਲ ਰਹੇ ਹਨ। ਸਵਾਲ ਤਾਂ ਇਹ ਹੈ ਕਿ ਉਹ ਜੋ ਆਖ਼ ਰਹੇ ਹਨ ਉਹ ਸੱਚ ਹੈ ਕਿ ਝੂਠ?

ਆਾਪ ਮਰਿਆਦਾ ਦਾ ਖ਼ਿਆਲ ਰੱਖਦੇ ਹੋ, ਮਰਿਆਦਾ ਦੀ ਬਹਾਲੀ ਲਈ ਪਹਿਰਾ ਦਿੰਦੇ ਹੋ ਇਹ ਚੰਗੀ ਗੱਲ ਹੈ। ਪਰ ਤਲਬ ਕਰਨ ਵਾਲਿਆਂ ਅਤੇ ਤਲਬ ਹੋਣ ਵਾਲੇ ਜਥੇਦਾਰਾਂ ਨੇ ਕਿਹੜੀ ਮਰਿਆਦਾ ਨਿਭਾਈ ਸੀ? ਅਕਾਲ ਤਖ਼ਤ ’ਤੇ ਡੇਰਾ ਮੁਖੀ ਦਾ ਪੱਤਰ ਕੌਣ ਲੈ ਕੇ ਆਇਆ, ਇਹ ਨਾ ਦੱਸ ਕੇ ਕਿਹੜੀ ਮਰਿਆਦਾ ਨਿਭਾਈ ਜਾ ਰਹੀ ਹੈ?ਜਿਹੜੇ ਜਥੇਦਾਰਾਂ ਨੇ ਡੇਰਾ ਮੁਖ਼ੀ ਨੂੰ ਪਹਿਲਾਂ ‘ਕਲੀਨ ਚਿੱਟ’ ਦਿੱਤੀ ’ਤੇ ਮੁੜ ਪੰਥ ਵਿਚ ਵਾਵੇਲਾ ਖੜ੍ਹਾ ਹੋ ਜਾਣ ਮਗਰੋਂ ਪੈਰ ਪਿਛਾਂਹ ਖਿੱਚ ਲਏ, ਉਨ੍ਹਾਂ ਕਿਹੜੀ ਮਰਿਆਦਾ ਨਿਭਾਈ ਸੀ? ਪਰ ਹਾਂ, ਉਨ੍ਹਾਂ ਮਰਿਆਦਾ ਨਿਭਾਈ ਸੀ, ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਇਸ ਲਈ ਨਹੀਂ ਕਰਨੀ ਬਣਦੀ ਕਿਉਂਕਿ ਉਨ੍ਹਾਂ ‘ਕਲੀਨ ਚਿੱਟ’ ਵੀ ਆਪ ਨਹੀਂ ਸੀ ਦਿੱਤੀ ਅਤੇ ਰੌਲਾ ਪੈ ਜਾਣ ਮਗਰੋਂ ਪੈਰ ਪਿਛਾਂਹ ਵੀ ਆਪਣੀ ਮਰਜ਼ੀ ਨਾਲ ਨਹੀਂ ਸਨ ਖਿੱਚੇ। ਉਹ ‘ਸਿਸਟਮ’ ਵਿਚ ਸਨ।

ਆਪਣੇ ਕਲ੍ਹ ਵਾਲੇ ਫ਼ੈਸਲੇ ਨਾਲ ਜੇ ਤੁਹਾਨੂੰ ਜਾਪਦਾ ਹੋਵੇ ਕਿ ਤੁਸਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਮਦਦ ਕਰ ਲਈ ਹੈ ਤਾਂ ਵੀ ਸ਼ਾਇਦ ਆਪਣੇ ਦੋਹਾਂ ਦੇ ਸੋਚਣ ਵਿਚ ਕੋਈ ਵਖਰੇਵਾਂ ਹੀ ਹੋਵੇ। ਜਿਹੜੇ ਡੇਰਾ ਮੁਖੀ ਦੀ ਚੋਣਾਂ ਵਿਚ ਹਮਾਇਤ ਦੇ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਸਿੱਖ ਵੋਟਰਾਂ ਵਿਚ ਲਹਿਰ ਵਹਿ ਤੁਰਦੀ ਹੈ, ਉਸੇ ਦੇ ਮਾਮਲੇ ਵਿਚ ਇਕ ਤਖ਼ਤ ਦੇ ਜਥੇਦਾਰ ਨੂੰ ਬਰਖਾਸਤ ਕਰਕੇ ਜੇ ਤੁਸੀਂ ਇਹ ਸੋਚ ਰਹੇ ਹੋਵੇ ਕਿ ਹੁਣ ਇਸ ਫੈਸਲੇ ਨਾਲ ਅਕਾਲੀ ਦਲ ਦੇ ਹੱਕ ਵਿਚ ਲਹਿਰ ਵਹਿ ਤੁਰੇਗੀ, ਇਹ ਕੋਈ ਖੁਸ਼ਫ਼ਹਿਮੀ ਤਾਂ ਹੋ ਸਕਦੀ ਹੈ, ਭਰਮ ਭੁਲੇਖਾ ਨਹੀਂ।

ਗਿਆਨੀ ਗੁਰਮੁਖ ਸਿੰਘ ਪਹਿਲਾਂ ਵੀ ’ਤੇ ਹੁਣ ਵੀ ਦੋ ਗੱਲਾਂ ਕਰ ਰਹੇ ਨੇ। ਜੇ ਇਨ੍ਹਾਂ ਦੋਹਾਂ ਦਾ ਜਵਾਬ ਮਿਲ ਜਾਵੇ ਤਾਂ ਸ਼ਾਇਦ ਸੰਗਤ ਗਿਆਨੀ ਗੁਰਮੁਖ ਸਿੰਘ ਦੇ ਸੱਚ ਝੂਠ ਦਾ ਨਿਤਾਰਾ ਵੀ ਕਰ ਸਕੇ। ਗਿਆਨੀ ਗੁਰਮੁਖ ਸਿੰਘ ਨੇ ਤਿੰਨਾਂ ਸਿੰਘ ਸਾਹਿਬਾਨ ਨੂੰ ਤਲਬ ਕੀਤੇ ਜਾਣ ਸੰਬੰਧੀ ਤਾਰੀਖ਼ ਅਤੇ ਸਮੇਂ ਦਾ ਹਵਾਲਾ ਦਿੰਦਿਆਂ ਹੁਣ ਫ਼ਿਰ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਐਂਟਰੀ ਸੰਬੰਧੀ ਰਿਕਾਰਡ ਵਿਚੋਂ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਤਿੰਨੇ ਸਿੰਘ ਸਾਹਿਬਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਕਾਰ ਵਿਚ ਉਕਤ ਦਿਨ ਅੰਦਰ ਬੁਲਾਏ ਗਏ ਸਨ ਜਾਂ ਨਹੀਂ।

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਹੋ ਗਏ ਜਥੇਦਾਰ ਗਿਆਨੀ ਗੁਰਮੁਖ ਸਿੰਘ ਦਾ ਇਕ ਰੋਸਾ ਇਹ ਸੀ ਕਿ ਉਨ੍ਹਾਂ ਦਾ ਨਾਂਅ ਬਿਨਾਂ ਵਜ੍ਹਾ ਇਸ ਮਾਮਲੇ ਵਿਚ ਇਹ ਕਹਿ ਕੇ ਜੋੜਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੀ ਮੁਆਫ਼ੀ ਵਾਲਾ ਪੱਤਰ ਉਹ ਆਪ ਮੁੰਬਈ ਜਾ ਕੇ ਫ਼ਿਲਮ ਸਟਾਰ ਅਕਸ਼ੈ ਕੁਮਾਰ ਦੀ ਕੋਠੀ ਵਿਚੋਂ ਲੈ ਕੇ ਆਏ ਸਨ। ਗਿਆਨੀ ਗੁਰਮੁਖ ਸਿੰਘ ਨੇ ਕੇਵਲ ਇਹੀ ਨਹੀਂ ਦੱਸਿਆ ਕਿ ਉਕਤ ਦੱਸੇ ਜਾਂਦੇ ਦਿਨਾਂ ਵਿਚ ਉਹ ਕਿੱਥੇ ਸਨ ਸਗੋਂ ਇਹ ਵੀ ਕਿਹਾ ਹੈ ਕਿ ਜੇ ਉਹ ਉਸ ਦਿਨ ਮੁੰਬਈ ਗਏ ਸਨ ਤਾਂ ਉਨ੍ਹਾਂ ਦੇ ਨਾਂਅ ’ਤੇ ਹਵਾਈ ਅਤੇ ਰੇਲ ਟਿਕਟਾਂ ਤੋਂ ਇਲਾਵਾ ਹਵਾਈ ਅੱਡਿਆਂ ’ਤੇ ਉਨ੍ਹਾਂ ਦੇ ਉਤਰਣ ਅਤੇ ਆਉਣ ਜਾਣ ਦੀ ਸੀ.ਸੀ.ਟੀ.ਵੀ. ਰਿਕਾਰਡਿੰਗ ਵੀ ਹੋਵੇਗੀ, ਉਹ ਕਢਵਾ ਲਈ ਜਾਵੇ। ਇੰਨੀਆਂ ਗੰਭੀਰ ਗੱਲਾਂ ਦੇ ਕੋਈ ਜਵਾਬ ਨਾ ਤਲਾਸ਼ਣੇ, ਸ਼ਾਇਦ ਸ਼੍ਰੋਮਣੀ ਕਮੇਟੀ ਕੋਲ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਲਈ ਸਮਾਂ ਨਹੀਂ ਹੈ।

ਡੇਰਾ ਮੁਖੀ ਦੀ ਮੁਆਫ਼ੀ ਵਾਲਾ ਪੱਤਰ ਅਕਾਲ ਤਖ਼ਤ ’ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੁੱਜਾ ਸੀ। ਕੀ ਸੰਗਤ ਨੂੰ ਇਹ ਜਾਨਣ ਦਾ ਹੱਕ ਨਹੀਂ ਕਿ ਇਹ ਪੱਤਰ ਅਕਾਲ ਤਖ਼ਤ ’ਤੇ ਕਿਵੇਂ ਪੁੱਜਾ, ਕਿਸਨੇ ਪੁਚਾਇਆ। ਇਸ ਸੰਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਜ਼ਿਆਦਾ ਕੌਣ ਜਾਣਦਾ ਹੋਵੇਗਾ। ਬਡੂੰਗਰ ਸਾਹਿਬ, ਤੁਹਾਡੇ ਕੰਨ ਵਿਚ ਸ਼ਾਇਦ ਇਹ ਗੱਲ ਪਈ ਹੀ ਹੋਵੇ ਜਾਂ ਫ਼ਿਰ ਤੁਸੀਂ ਘੋਖਿਆ ਹੀ ਹੋਵੇ ਕਿ ਇਹ ਪੱਤਰ ਕੌਣ, ਕਿਵੇਂ ਅਤੇ ਕਦੋਂ ਲਿਆਇਆ। ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ, ਇਕ ਸਿੱਖ ਵਜੋਂ ਇਹ ਤੁਹਾਡਾ ਫਰਜ਼ ਨਹੀਂ ਕਿ ਇਹ ਗੱਲ ਤੁਸੀਂ ਸੰਗਤ ਨਾਲ ਸਾਂਝੀ ਕਰ ਲਵੋ।

ਸੰਦੇਸ਼ ਕੀ ਹੈ? ਇਕ ਹੋਰ ਸਵਾਲ ਇਹ ਹੈ ਕਿ ਗਿਆਨੀ ਗੁਰਮੁਖ ਸਿੰਘ ਦੇ ਖਿਲਾਫ਼ ਹੋਈ ਕਾਰਵਾਈ ਦਾ ਸੰਦੇਸ਼ ਕੀ ਹੈ? ਸਮਝ ਆਪੋ ਆਪਣੀ ਹੋ ਸਕਦੀ ਹੈ, ਪਰ ਮੈਂ ਤਾਂ ਇਸ ਦਾ ਇਹੀ ਮਤਲਬ ਕੱਢ ਸਕਿਆ ਹਾਂ ਕਿ ‘ਸਾਡੇ ਨਾਲ ਰਹੋ, ਸਾਡੇ ਸਿਸਟਮ ਵਿਚ ਰਹੋ ਤਾਂ ਜਥੇਦਾਰੀਆਂ ਮਾਣੋ, ਨਹੀਂ ਤਾਂ ਚੱਲੋ ਹਰਿਆਣੇ ਨੂੰ’। ਨਾਲ ਨਿਭਣ ਵਾਲਿਆਂ ਦੀਆਂ ਇਮਾਰਤਾਂ ’ਤੇ ਹੋਟਲਾਂ ਦੀ ਸ਼ਾਨੌ ਸ਼ੌਕਤ ਅਤੇ ਨਾਲ ਨਾ ਨਿਭਣ ਵਾਲਿਆਂ ਦੇ ਅੰਜਾਮ ਬਾਰੇ ਮੋਹਰ ਤਾਂ ਅੱਗੇ ਹੀ ਲੱਗੀ ਹੋਈ ਸੀ, ਬਸ ਤੁਸਾਂ ਰਹਿੰਦੀ ਕਸਰ ‘ਬਡੂੰਗਰ ਮੋਹਰ’ ਲਾ ਕੇ ਕੱਢ ਦਿੱਤੀ ਹੈ।

ਬਡੂੰਗਰ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਇਕ ਗੱਲ ਮੈਂ ਇਸੇ ਪੱਤਰ ਰਾਹੀਂ ਗਿਆਨੀ ਗੁਰਮੁਖ ਸਿੰਘ ਨਾਲ ਵੀ ਕਰਨਾ ਚਾਹੁੰਦਾ ਹਾਂ। ‘ਟਾਪ’ ਅਕਾਲੀ ਲੀਡਰਸ਼ਿਪ ਦੇ ਇਕ ‘ਟਾਪਮ ਟਾਪ’ ਸਲਾਹਕਾਰ ਨੇ ਜਦ ਉਨ੍ਹਾਂ ਨੂੰ ਫ਼ੋਨ ਕਰਕੇ ਡੇਰਾ ਸਿਰਸਾ ਮਾਮਲੇ ’ਤੇ ਮਦਦ ਨਾ ਮਿਲਦੀ ਵੇਖ ਕਿਹਾ ਸੀ ਕਿ ਚੋਣਾਂ ਵਿਚ ਜੇ ਔਖੇ ਅਸੀਂ ਹੋਏ ਤਾਂ ਜਥੇਦਾਰੀ ਤੁਹਾਡੀ ਵੀ ਜਾਂਦੀ ਰਹੂ ਤਾਂ ਗਿਆਨੀ ਗੁਰਮੁਖ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਤੁਹਾਡਾ ਕਾਰਖ਼ਾਨਾ ਨਹੀਂ ਅਤੇ ਮੈਂ ਤੁਹਾਡੇ ਕਾਰਖ਼ਾਨੇ ਦਾ ਮੁਲਾਜ਼ਮ ਨਹੀਂ, ਤਖ਼ਤਾਂ ਦੀ ਇਹ ਜਥੇਦਾਰੀ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਹੈ। ਮੇਰਾ ਖ਼ਿਆਲ ਹੈ ਹੁਣ ਗਿਆਨੀ ਗੁਰਮੁਖ ਸਿੰਘ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਧਾਰਮਿਕ ਸਥਾਨ ਤਾਂ ਧਾਰਮਿਕ ਸਥਾਨ ਹਨ, ਤਖ਼ਤ ਸਾਹਿਬਾਨ ਵੀ ਤਖ਼ਤ ਸਾਹਿਬਾਨ ਹਨ, ਪਰ ਜਿਨ੍ਹਾਂ ਦੇ ਹੱਥ ਵੱਸ ਹੈ, ਉਨ੍ਹਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਬਈ ਤੁਸੀਂ ਇਸਨੂੰ ਜੋ ਮਰਜ਼ੀ ਸਮਝੋ, ਅਸੀਂ ਇੱਥੇ ਜਥੇਦਾਰ ਲਾਉਂਦੇ ’ਤੇ ਲਾਹੁੰਦੇ ਉਵੇਂ ਹੀ ਹਾਂ ਜਿਵੇਂ ਕਾਰਖ਼ਾਨਿਆਂ ਦੇ ਮੁਲਾਜ਼ਮ।

ਆਪ ਤਾਂ ਪ੍ਰਫ਼ੈਸਰ ਹੋ ਬਡੂੰਗਰ ਸਾਹਿਬ। ਆਪ ਤੋਂ ਤਾਂ ਲੋਕ ਸਮਝਦੇ ਹੋਣਗੇ ਕਿ ਚੁੱਪ ਬੜਾ ਕੁਝ ਲੁਕਾ ਲੈਂਦੀ ਹੈ ਪਰ ਚੁੱਪ ਬੜਾ ਕੁਝ ਜ਼ਾਹਿਰ ਵੀ ਕਰ ਦਿੰਦੀ ਹੈ। ਗਿਆਨੀ ਗੁਰਮੁਖ ਸਿੰਘ ਦੇ ਦੋਸ਼ਾਂ ਬਾਰੇ ਚੁੱਪ ਕੁਝ ਲੁਕਾ ਨਹੀਂ ਰਹੀ, ਬੜਾ ਕੁਝ ਜ਼ਾਹਿਰ ਕਰ ਰਹੀ ਹੈ।

ਆਪ ਜੀ ਦੀ ਅਗਵਾਈ ਵਿਚ ਪੰਥ ਦੀ ਇਹ ਮਾਣਮੱਤੀ ਸੰਸਥਾ, ਸ਼੍ਰੋਮਣੀ ਕਮੇਟੀ ਪੰਥ ਦੀ ਚੜ੍ਹਦੀ ਕਲਾ ਲਈ ਉਪਰਾਲੇ ਜਾਰੀ ਰੱਖੇ, ਇਹ ਕਾਮਨਾ ਕਰਨ ਵਿਚ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਆਖ਼ਰ ਉਮੀਦ ’ਤੇ ਦੁਨੀਆਂ ਜਿਉਂਦੀ ਹੈ।

ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ।

ਭੁੱਲਾਂ ਚੁੱਕਾਂ ਦੀ ਖ਼ਿਮਾ

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

April 22, 2017

HS Bawa can be reached at [email protected]

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...