Thursday, May 9, 2024

ਵਾਹਿਗੁਰੂ

spot_img
spot_img

ਪੰਜਾਬ ਪੁਲਿਸ ਦਾ ਅਕਸ ਅਤੇ ‘ਕਾਟੋ ਕਲੇਸ਼’ – ਕੈਪਟਨ ਅਮਰਿੰਦਰ ਕੋਈ ਕਦਮ ਚੁੱਕਣਗੇ? – ਐੱਚ.ਐੱਸ.ਬਾਵਾ

- Advertisement -

ਕੀ ਪੰਜਾਬ ਪੁਲਿਸ ਦੀ ਸਾਖ਼ ਬਹਾਲ ਕਰਨ ਦਾ ਸਮਾਂ ਆ ਗਿਆ ਹੈ? ਇਸ ਬਾਰੇ ਵੱਖ ਵੱਖ ਰਾਵਾਂ ਹੋ ਸਕਦੀਆਂ ਹਨ।

ਜਾਂ ਤਾਂ ਇਹ ਸਮੇਂ ਤੋਂ ਪਹਿਲਾਂ ਦਾ ਸਵਾਲ ਹੈ। ਭਾਵ ਐਸੀ ਕੋਈ ਗੱਲ ਨਹੀਂ ਹੈ। ਭਾਵ ਕੁਝ ਨਹੀਂ ਹੋਇਆ ਪੰਜਾਬ ਪੁਲਿਸ ਦੀ ਸਾਖ਼ ਨੂੰ, ਚੰਗੀ ਭਲੀ ਤਾਂ ਹੈ, ਹੋਇਆ ਕੀ ਹੈ? ਜਾਂ ਫ਼ਿਰ ਇਹ ਕਾਫ਼ੀ ਦੇਰੀ ਨਾਲ ਪੁੱਛਿਆ ਜਾ ਰਿਹਾ ਸਵਾਲ ਹੈ। ਕਾਫ਼ੀ ਦੇਰ ਤੋਂ ਸਾਖ਼ ਬਹਾਲ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਸਨ। ਪਹਿਲਾਂ ਹੀ ਕਾਫ਼ੀ ਪਾਣੀ ਪੁਲਾਂ ਹੇਠੋਂ ਨਹੀਂ ਲੰਘ ਚੁੱਕਿਆ ਸਗੋਂ ਪਾਣੀ ਸਿਰ ਨੂੰ ਆ ਗਿਆ ਹੈ। ਹੁਣ ਵੀ ਸਾਖ਼ ਬਹਾਲੀ ਲਈ ਯਤਨ ਨਹੀਂ ਹੋਣਗੇ ਤਾਂ ਕਦ ਹੋਣਗੇ?

ਹੋ ਸਕਦੈ ਕਿਸੇ ਕੋਲ ਕੋਈ ਤੀਜੀ ਦਲੀਲ ਵੀ ਹੋਵੇ ਪਰ ਅੱਜ ਹਕੀਕਤ ਇਹ ਹੈ ਕਿ ਹਾਲਾਤ ਗੰਭੀਰ ਰੁਖ਼ ਅਖ਼ਤਿਆਰ ਕਰ ਚੁੱਕੇ ਹਨ। ਗੱਲ ਹੁਣ ਕਿਸੇ ਹਾਰੀ ਸਾਰੀ ਵੱਲੋਂ ਪੁਲਿਸ ’ਤ ਲਗਾਏ ਗਏ ਦੋਸ਼ਾਂ ਦੀ ਨਹੀਂ ਰਹਿ ਗਈ। ਗੱਲ ਕਿਸੇ ‘ਫ਼ਸੇ ਜਾਂ ਫ਼ਸਾਏ’ ਸਧਾਰਣ ਵਿਅਕਤੀ ਜਾਂ ਕਹਿ ਲਉ ਅਪਰਾਧੀ ਦੇ ਦੋਸ਼ਾਂ ਤੇ ਹੀ ਨਹੀਂ ਖੜ੍ਹੀ। ਗੱਲ ਕਾਫ਼ੀ ਅਗਾਂਹ ਲੰਘ ਗਈ ਹੈ।

ਡਰੱਗ ਸਮਗਲਿੰਗ ਦੇ ਦੋਸ਼ੀਆਂ ਨੂੰ ਫ਼ੜਨ ਦਾ ਮਾਹਿਰ ਇਕ ਇੰਸਪੈਕਟਰ ਫ਼ੜਿਆ ਜਾਂਦਾ ਹੈ। ਉਸਤੋਂ ਏ.ਕੇ.47, 4 ਕਿੱਲੋ ਹੈਰੋਇਨ, 16 ਲੱਖ ਨਕਦੀ ਅਤੇ ਹੋਰ ਕਈ ਕੁਝ ਨਾਜਾਇਜ਼ ਬਰਾਮਦ ਹੁੰਦਾ ਹੈ। ਫ਼ੜਦੀ ਹੈ ਮੁੱਖ ਮੰਤਰੀ ਵੱਲੋਂ ਬਣਾਈ ਐਸ.ਟੀ.ਐਫ. ਜਿਸਦਾ ਮੁਖ਼ੀ ਪੰਜਾਬੋਂ ਬਾਹਰ ਡੈਪੂਟੇਸ਼ਨ ’ਤੇ ਹੋਣ ਕਰਕੇ ਵਾਪਿਸ ਬੁਲਾਇਆ ਗਿਆ ਸੀ। ‘ਸਪੈਸ਼ਲ ਐਸਾਈਨਮੈਂਟ’ ’ਤੇ ਲਿਆਂਦਾ ਇਸ ਲਈ ਗਿਆ ਕਿ ਮੁੱਖ ਮੰਤਰੀ ਨੂੰ ਭਰੋਸਾ ਹੈ ਕਿ ਉਹ ਉਨ੍ਹਾਂ ਵੱਲੋਂ ਪੰਜਾਬ ਵਿਚ ਨਸ਼ਿਆਂ ਬਾਰੇ ਗੁਟਕਾ ਸਾਹਿਬ ਹੱਥ ਵਿਚ ਫ਼ੜ ਕੇ ਜਨਤਕ ਰੈਲੀ ਵਿਚ ਚੁੱਕੀ, ਅਖ਼ਬਾਰਾਂ ਦੇ ਪਹਿਲੇ ਸਫ਼ਿਆਂ’ਤੇ ਛਪੀ ਅਤੇ ਸਮਾਂ ਆਉਣ’ਤੇ ‘ਵਾਇਰਲ’ ਕਰਨ ਲਈ ਵੀਡੀਉ ਦੇ ਰੂਪ ਵਿਚ ਸਾਂਭੀ ਸਹੁੰ ਦੀ ਲੱਜ ਪਾਲਣ ਲਈ ਮਦਦਗਾਰ ਸਾਬਿਤ ਹੋਵੇਗਾ।

ਇੰਸਪੈਕਟਰ ਆਖ਼ਦੈ ਬਈ ਉਸਨੂੰ ਫ਼ਸਾਇਆ ਗਿਐ, ਉਸਦੇ ਵਿਰੋਧੀਆਂ ਵੱਲੋਂ। ਇਹ ਵਿਰੋਧੀ ਵੀ ਕੋਈ ਪੁਲਿਸ ਵਿਚੋਂ ਹੀ ਹੋਣਗੇ, ਜਿਹੜੇ ਇੱਡੇ ਧੜੱਲੇਦਾਰ ਇੰਸਪੈਕਟਰ ਨੂੰ ਜਿਹੜਾ ਕਈਆਂ ਵੱਡੇ ਅਫ਼ਸਰਾਂ ਦਾ ‘ਬਗਲਗੀਰ’ ਰਿਹਾ ਹੋਵੇ, ‘ਫ਼ਸਾਉਂਦੇ’ ਨੇ।

ਇਸੇ ਮਾਮਲੇ ’ਚ ਗੱਲ ਚਲੀ ਗਈ ਇਕ ਐਸ.ਐਸ.ਪੀ. ਵੱਲ। ਐਸ.ਐਸ.ਪੀ.ਦੇ ਖਿਲਾਫ਼ ‘ਇਕੁੰਆਰੀ’ ਖੁਲ੍ਹ ਗਈ। ਖ਼ੁਦ ਐਸ.ਐਸ.ਪੀ.ਸਾਹਿਬ ਜਾਂਚ ਦੇ ਘੇਰੇ ’ਚ ਆ ਗਏ। ਉਨ੍ਹਾਂ ਦਾ ਬਿਆਨ ਸੁਣ ਲਉ। ਅਖ਼ੇ ਮੈਨੂੰ ਐਸ.ਟੀ.ਐਫ. ਵਾਲੇ ਏ.ਡੀ.ਜੀ.ਪੀ. ’ਤੇ ਇਤਬਾਰ ਨਹੀਂ, ਮੇਰੇ ਨਾਲ ਇਨਸਾਫ਼ ਨਹੀਂ ਹੋਣਾ, ਜਾਂਚ ਕਿਸੇ ਹੋਰ ਨੂੰ ਸੌਂਪੀ ਜਾਵੇ।

ਹੁਣ ਐਸ.ਐਸ.ਪੀ.ਨੂੰ ਏ.ਡੀ.ਜੀ.ਪੀ.’ਤੇ ਇਤਬਾਰ ਨਹੀਂ, ਅਖ਼ੇ ਮੈਨੂੰ ਫ਼ਸਾ ਮਾਰੇਗਾ। ਅਸੀਂ ਤਾਂ ਫ਼ਿਰ ਵੀ ਅਖ਼ਬਾਰ ਇੱਧਰੋਂ ਚੁੱਕੀ, ਪੜ੍ਹੀ ਤੇ ਦੂਜੇ ਬੰਨੇ ਰੱਖ ਦਿੱਤੀ। ਉਂਜ ਗੱਲ ਤਾਂ ਕਮਾਲ ਐ ਨਾ ਬਈ ਜਿਸ ’ਤੇ ਮੁੱਖ ਮੰਤਰੀ ਇੰਨਾ ਇਤਬਾਰ ਕੀਤੀ ਬੈਠੇ ਨੇ, ਸਾਰੇ ਪੰਜਾਬ ਨੂੰ ਉਹਦੀ ਕਾਬਲੀਅਤ ’ਤੇ, ਉਹਦੀ ਸਮਰੱਥਾ ’ਤੇ ਇਤਬਾਰ ਕਰਨ ਲਈ ਕਹਿ ਰਹੇ ਨੇ, ਉਸ ’ਤੇ ਐਸ.ਐਸ.ਪੀ.ਨੂੰ ਇਤਬਾਰ ਨਹੀਂ।

ਪਰ ਆਹ ਹੁਣ ਤਾਂ ਹੱਦ ਹੀ ਹੋ ਗਈ। ਇਕ ਡੀ.ਜੀ.ਪੀ. ਸਾਹਿਬ ਕਹਿੰਦੇ ਨੇ ਕਿ ਦੋ ਹੋਰ ਡੀ.ਜੀ.ਪੀ.ਸਾਹਿਬਾਨ ਇਕ ਆਈ.ਜੀ. ਰਾਹੀਂ ਉਨ੍ਹਾਂ ਨੂੰ ਫ਼ਸਾਉਣ ਦੀਆਂ ਘਾੜਤਾਂ ਘੜ ਰਹੇ ਨੇ। ਉਨ੍ਹਾਂ ਤਾਂ ਇਹ ਵੀ ਦੱਸ ਦਿੱਤੈ ਬਈ ਇਹ ਇੰਦਰਜੀਤ ਸਿੰਘ ਚੱਢਾ ਖੁਦਕੁਸ਼ੀ ਕੇਸ ਵਿਚ ਉਨ੍ਹਾਂ ਨੂੰ ਫ਼ਸਾਉਣ ਲਈ ਜਾਲ ਕਿਉਂ ਵਿਛਾਇਆ ਜਾ ਰਿਹੈ।

ਵਰਨਣਯੋਗ ਹੈ ਕਿ ਐਸ.ਐਸ.ਪੀ.ਦੀ ਡਰੱਗਜ਼ ਮਾਮਲੇ ਵਿਚ ਭੂਮਿਕਾ ਬਾਰੇ ਜਾਂਚ ਐਸ.ਟੀ.ਐਫ.ਮੁਖੀ ਤੋਂ ਵਾਪਿਸ ਲੈ ਕੇ ਹਾਈ ਕੋਰਟ ਦੇ ਆਦੇਸ਼ਾਂ ’ਤੇ ਇਸ ਡੀ.ਜੀ.ਪੀ. ਨੂੰ ਸੌਂਪੀ ਗਈ ਸੀ ਅਤੇ ਉਹ ਜਾਂਚ ਕਰ ਰਹੇ ਹਨ। ਡੀ.ਜੀ.ਪੀ.ਦਾ ਦੋਸ਼ ਹੈ ਕਿ ਐਸ.ਐਸ.ਪੀ.ਦੇ ਖਿਲਾਫ਼ ਜਾਂਚ ਤੁਰਦੀ ਫ਼ਿਰਦੀ ਤੇ ਘੁੰਮਦੀ ਘੁਮਾਉਂਦੀ ਦੋਹਾਂ ਡੀ.ਜੀ.ਪੀਜ਼ ਵੱਲ ਨੂੰ ਘੁੰਮ ਗਈ ਹੈ ਅਤੇ ਹੁਣ ਇਹ ਲਗਪਗ ਸਪਸ਼ਟ ਹੋ ਰਿਹਾ ਹੈ ਕਿ ਦੋਵੇਂ ਡੀ.ਜੀ.ਪੀ.ਸਾਹਿਬਾਨ ਐਸ.ਐਸ.ਪੀ. ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਕਿਉਂ ਹਨ। ਦੋਹਾਂ ਵਿਚੋਂ ਇਕ ਡੀ.ਜੀ.ਪੀ. ਦੀ ਬੇਨਾਮੀ ਕੋਠੀ ਦਾ ਕੱਚਾ ਚਿੱਠਾ ਵੀ ਹੁਣ ਇਸ ਡੀ.ਜੀ.ਪੀ. ਦੇ ਕੋਲ ਹੈ ਅਤੇ ਹੋਰ ਵੀ ਵਾਹਵਾ ਕੁਝ।

ਯਾਦ ਰੱਖਿਉ ਇਹ ਗੱਲ ਉਕਤ ਡੀ.ਜੀ.ਪੀ. ਨੇ ਮੇਰੇ ਕੰਨ ਵਿਚ ਜਾਂ ਆਪਣੇ ਕਿਸੇ ਮਿੱਤਰ ਸੱਜਣ ਦੇ ਕੰਨ ਵਿਚ ਨਹੀਂ ਜੇ ਆਖ਼ੀ। ਇਹ ਗੱਲ ਉਨ੍ਹਾਂ ਨੇ 10 ਸਫ਼ਿਆਂ ਦੀ ਪਟੀਸ਼ਨ ਵਿਚ ਲਿਖ਼ ਕੇ 6 ਦਸਤਾਵੇਜ਼ਾਂ ਨੂੰ ‘ਸੀਲਡ’ ਲਿਫ਼ਾਫੇ ਵਿਚ ‘ਅਨੈਕਸਚਰ’ ਵਜੋਂ ਨੱਥੀ ਕਰਕੇ ਹਾਈ ਕੋਰਟ ਵਿਚ ਦਿੱਤੀ ਜੇ।

ਡੀ.ਜੀ.ਪੀ. ਹੀ ਦੋ ਡੀ.ਜੀ.ਪੀਜ਼. ਦੇ ਖਿਲਾਫ਼ ਹਾਈਕੋਰਟ ਨੂੰ ਸ਼ਿਕਾਇਤ ਦੇ ਰਿਹੈ। ਇਹ ਕਹਿ ਰਿਹੈ ਕਿ ਉਸਨੂੰ ਖੁਦੁਕੁਸ਼ੀ ਨਾਲ ਸੰਬੰਧਤ ਝੂਠੇ ਕੇਸ ਵਿਚ ਫ਼ਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਸ ਉੱਤੇ ਦਬਾਅ ਪਾਇਆ ਜਾ ਰਿਹੈ ਕਿ ਉਹ ਐਸ.ਐਸ.ਪੀ. ਦੇ ਖਿਲਾਫ਼ ਅਤੇ ਅੱਗੋ ਜੁੜਦੀਆਂ ਕੜੀਆਂ ਜਿਨ੍ਹਾਂ ਵਿਚ ਖ਼ੁਦ ਦੋ ਡੀ.ਜੀ.ਪੀ. ਕਥਿਤ ਤੌਰ ’ਤੇ ਸ਼ਾਮਿਲ ਹੋ ਸਕਦੇ ਹਨ, ਬਾਰੇ ‘ਕਲੀਨ ਚਿੱਟ’ ਦੇ ਦੇਵੇ।

ਹਨੇਰ ਸਾਂਈਂ ਦਾ, ਇਕ ਡੀ.ਜੀ.ਪੀ.ਹੀ ਕਹਿ ਰਿਹੈ ਕਿ ਦੋ ਦੂਜੇ ਡੀ.ਜੀ.ਪੀ. ਕਹਿ ਰਹੇ ਨੇ ਕਿ ਜੇ ‘ਡਰੱਗਜ਼’ ਮਾਮਲੇ ਵਿਚ ਸੱਚ ਬੋਲਿਆ ਤਾਂ ਤੈਨੂੰ ‘ਝੂਠੇ’ ਕੇਸ ਵਿਚ ਫ਼ਸਾ ਦਿਆਂਗੇ।

ਇਹ ਨਹੀਂ ਕਿ ਸਾਰੀ ਪੰਜਾਬ ਪੁਲਿਸ ਦਾ ਹੀ ‘ਆਵਾ ਊਤਿਆ ਪਿਐ’ ਅਤੇ ਸਾਰੀ ਫ਼ੋਰਸ ਵਿਚ ਕੋਈ ਭਲੇ ਬੰਦੇ ਨਹੀਂ ਹਨ ਪਰ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਅੰਦਰ ਭਾਰੂ ਕੀ ਹੈ ਅਤੇ ਬਾਹਰ ਇਸਦਾ ਪ੍ਰਭਾਵ ਕੀ ਹੈ। ਪੁਲਿਸ ਦਾ ਪ੍ਰਭਾਵ ਕੋਈ ਬਹੁਤਾ ਖ਼ਰਾ ਨਹੀਂ ਹੈ। ਇਹ ਠੀਕ ਹੈ ਕਿ ਪੁਲਿਸ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਕੰਮ ਕਰਦੀ ਹੈ ਪਰ ਦੂਜੇ ਬੰਨੇ ਇਹ ਵੀ ਹੈ ਕਿ ਪੁਲਿਸ ਦੇ ਰਵੱਈਏ ਕਰਕੇ ਆਮ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ, ਉਹ ਕੋਈ ‘ਤਜਰਬੇਕਾਰ’ ਹੀ ਦੱਸ ਸਕਦੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੁਲਿਸ ਨੇ ਕਈ ਮਾਅਰਕੇ ਮਾਰੇ ਹਨ ਅਤੇ ਕਈ ਪ੍ਰਾਪਤੀਆਂ ਕੀਤੀਆਂ ਹਨ ਪਰ ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ‘ਕਮਿਊਨਿਟੀ ਪੁਲਿਸੰਗ’ ਜਿਹੇ ਕਈ ਪ੍ਰਾਜੈਕਟ ਸ਼ੁਰੂ ਕਰਨ ਦੇ ਬਾਵਜੂਦ ਪੁਲਿਸ ਆਪਣਾ ਅਕਸ ਸੁਧਾਰਣ ਵਿਚ ਕਾਮਯਾਬ ਨਹੀਂ ਹੋਈ।

ਇਹ ਪ੍ਰਭਾਵ ਆਮ ਹੈ ਕਿ ਇਕ ਆਮ, ਸ਼ਰੀਫ਼ ਵਿਅਕਤੀ ਜਾਂ ਪੀੜਤ ਲੋਕ ਤਾਂ ਪੁਲਿਸ ਸਾਹਮਣੇ ਜਾਣੋਂ ਘਬਰਾਉਂਦੇ ਹਨ ਜਦਕਿ ਅਪਰਾਧੀ ਕਿਸਮ ਦੇ ਲੋਕ ਪੁਲਿਸ ਨਾਲ ਅੱਖਾਂ ’ਚ ਅੱਖਾਂ ਪਾ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਇਹ ਪ੍ਰਭਾਵ ਲੋਕ ਮਨਾਂ ਵਿਚ ਕਿਸੇ ਹੋਰ ਨੇ ਨਹੀਂ ਸਗੋਂ ਪੁਲਿਸ ਨੇ ਹੀ ਸਿਰਜਿਆ ਹੈ ਅਤੇ ਇਸ ਪ੍ਰਭਾਵ ਨੂੰ ਖ਼ਤਮ ਕਰਕੇ ਲੋਕ ਮਨਾਂ ਵਿਚ ਜਗ੍ਹਾ ਬਨਾਉਣ ਦਾ ਕੰਮ ਜਦ ਵੀ ਕਰਨਾ ਹੋਇਆ, ਪੁਲਿਸ ਨੂੰ ਹੀ ਕਰਨਾ ਪੈਣਾ ਹੈ।

ਇਕ ਇੰਸਪੈਕਟਰ ਦੇ ਆਪਣੀ ਹੀ ਫ਼ੋਰਸ ’ਤੇ ਦੋਸ਼, ਐਸ.ਐਸ.ਪੀ. ਦੀ ਆਪਣੇ ਹੀ ਏ.ਡੀ.ਜੀ.ਪੀ.’ਤੇ ਬੇਇਤਬਾਰੀ ਅਤੇ ਇਨਸਾਫ਼ ਨਾ ਮਿਲ ਸਕਣ ਦੀ ਕਹਾਣੀ ਅਤੇ ਡੀ.ਜੀ.ਪੀ. ਦੀ ਦੋ ਡੀ.ਜੀ.ਪੀਜ਼ ’ਤੇ ਉਸ ਨੂੰ ਫ਼ਸਾਉਣ ਦੀ ਕੋਸ਼ਿਸ਼ ਬਾਰੇ ਪਟੀਸ਼ਨ ਕੀ ਉਨ੍ਹਾਂ ਲੋਕਾਂ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਜਿਹੜੇ ਕਹਿੰਦੇ ਹਨ ਕਿ ਪੁਲਿਸ ਨੇ ‘ਨਾਜਾਇਜ਼ ਕੇਸ ਵਿਚ ਫ਼ਸਾਉਣ ਦੀ ਕੋਸ਼ਿਸ਼ ਕੀਤੀ’ ਜਾਂ ਫ਼ਿਰ ‘ਨਾਜਾਇਜ਼ ਕੇਸ ਵਿਚ ਫ਼ਸਾ ਦਿੱਤਾ।’

ਅੱਜ ਜਦ ਫ਼ੋਰਸ ਦੇ ਆਪਣੇ ਹੀ ਲੋਕ, ਆਪਣੇ ਹੀ ਲੋਕ ਨਹੀਂ, ਆਪਣੇ ਹੀ ਉੱਚ ਅਧਿਕਾਰੀ ਇਸ ‘ਦਬਾਅ ਬਨਾਉਣ’, ‘ਝੂਠੇ ਪਰਚੇ ਪਾਉਣ’ ਜਾਂ ‘ਫ਼ਸਾਉਣ’ ਦੇ ਵਰਤਾਰੇ ਨੂੰ ਜਨਤਕ ਕਰ ਰਹੇ ਹਨ, ਜਾਂ ਕਿਹਾ ਜਾਵੇ ਕਿ ਕਰਨ ਲਈ ਮਜਬੂਰ ਹੋ ਰਹੇ ਹਨ ਤਾਂ ਉਨ੍ਹਾਂ ਦੇ ਲਗਾਏ ਇਹ ਦੋਸ਼ ਜਨਤਾ ਦੇ ਉਨ੍ਹਾਂ ਦੋਸ਼ਾਂ ਅਤੇ ਖ਼ਦਸ਼ਿਆਂ ਨੂੰ ਸਾਬਿਤ ਕਰਨ ਵਾਲੇ ਹੀ ਸਿੱਧ ਹੋਣਗੇ ਜਿਨ੍ਹਾਂ ਰਾਹੀਂ ਇਹ ਕਿਹਾ ਜਾਂਦੈ ਕਿ ਪੁਲਿਸ ਇਉਂ ਕਰਦੀ ਹੈ।

ਆਪਾਂ ਗੱਲ ਸ਼ੁਰੂ ਇੱਥੋਂ ਕੀਤੀ ਸੀ ਕਿ ਕੀ ਪੰਜਾਬ ਪੁਲਿਸ ਦੀ ਸਾਖ਼ ਬਹਾਲ ਕਰਨ ਦਾ ਸਮਾਂ ਆ ਗਿਆ ਹੈ। ਮੈਂ ਸਮਝਦਾ ਹਾਂ ਕਿ ਹੁਣ ਜਦ ਗੱਲ ਇਸ ਸਿਖ਼ਰ ਜਾਂ ਇਸ ਨਿਵਾਣ ਤਕ ਆ ਪੁੱਜੀ ਹੈ ਕਿ ਦੋ ਡੀ.ਜੀ.ਪੀਜ਼.ਨੂੰ ਆਪਣੇ ਸਾਥੀ ਡੀ.ਜੀ.ਪੀ. ਦੇ ਇੰਨੇ ਗੰਭੀਰ ਲਿਖ਼ਤੀ ਤੌਰ ’ਤੇ ਅਦਾਲਤ ਵਿਚ ਸੌਂਪੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇਹ ਮੰਨ ਹੀ ਲਿਆ ਜਾਣਾ ਚਾਹੀਦੈ ਕਿ ਸਾਖ਼ ਵਿਚ ਸੁਧਾਰ ਦੀ ਲੋੜ ਹੈ, ਕਿ ਸਮਾਂ ਆ ਗਿਆ ਹੈ।

ਕਈ ਲੋਕ ਇਸ ਨੂੰ ਵੱਡੇ ਅਫ਼ਸਰਾਂ ਦੀ, ਜਾਂ ਫ਼ਿਰ ਡੀ.ਜੀ.ਪੀ.ਦੀ ਕੁਰਸੀ ਲਈ ਲੜਾਈ ਵਜੋਂ ਵੀ ਪੇਸ਼ ਕਰ ਰਹੇ ਹਨ। ਜੇ ਇਹ ਕੁਰਸੀ ਜਾਂ ‘ਈਗੋ’ ਦੀ ਲੜਾਈ ਵੀ ਹੋਵੇ ਤਾਂ ਵੀ ਦੋਸ਼ ਤਾਂ ਉਹੀ ਨੇ ਨਾ ਕਿ ‘ਦਬਾਅ ਬਣਾਇਆ ਜਾ ਰਿਹੈ’ ਕਿ ‘ਫ਼ਸਾਉਣ ਦੀ ਕੋਸ਼ਿਸ਼ ਹੋ ਰਹੀ ਹੈ’ਅਤੇ ‘ਡਰੱਗਜ਼ ਮਾਮਲੇ ’ਤੇ ਮਿੱਟੀ ਪਾਉਣ ਲਈ ਦੋ ਡੀ.ਜੀ.ਪੀ. ਤਾਣ ਲਾ ਰਹੇ ਹਨ।’

ਇਹ ਅਫ਼ਸਰਾਂ ਦੀ ਲੜਾਈ ਹੋਵੇ ਜਾਂ ਫ਼ਿਰ ਕੁਝ ਹੋਰ, ਇਸ ਘਟਨਾ¬ਕ੍ਰਮ ਨੇ ਪੁਲਿਸ ਦੇ ਅੰਦਰਲੇ ਸੱਚ ਨੂੰ ਬਾਹਰ ਲਿਆਉਣ ਦੇ ਨਾਲ ਨਾਲ ਪੁਲਿਸ ਫ਼ੋਰਸ ਦੇ ਅੰਦਰ ਹੀ ਕਿਸੇ ‘ਜੰਗ’ ਦੇ ਖ਼ਤਰੇ ਦਾ ‘ਸਾਇਰਨ’ ਵੀ ਵਜਾ ਦਿੱਤਾ ਹੈ। ਪੁਲਿਸ ਮਹਿਕਮੇ ਅੰਦਰ ਚੱਲਦੀ ਠੰਢੀ ਜੰਗ ਹੁਣ ਸਿੱਧੀ ਜੰਗ ਵਿਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਇਹ ਖ਼ਤਰਨਾਕ ਹੋ ਸਕਦੀ ਹੈ।

ਇਸ ਖਿੱਲਰਦੀ ਜਾਂਦੀ ਖਿੱਦੋ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਉਸ ਵੇਲੇ ਹੋਰ ਵੀ ਜ਼ਰੂਰੀ ਹੈ ਜਦ ਪੰਜਾਬ ਅੰਦਰ ਆਮ ਲੋਕ ਹੀ ਨਹੀਂ, ਵਿਰੋਧੀ ਧਿਰਾਂ ਵੀ ਪੁਲਿਸ ਦੇ ਇਸ ‘ਨਾਜਾਇਜ਼ ਪਰਚਿਆਂ’ ਅਤੇ ‘ਪਰਚਿਆਂ ਦੇ ਦਬਕਿਆਂ’ ਵਾਲੇ ਵਰਤਾਰੇ ਬਾਰੇ ਖੁਲ੍ਹ ਕੇ ਵਿਚਾਰ ਚਰਚਾ ਕਰਦੀਆਂ ਹਨ। ਇੱਥੇ ਹੀ ਬੱਸ ਨਹੀਂ, ਸਗੋਂ ਵਿਦੇਸ਼ਾਂ ਤਕ ਵਿਚ ਇਹ ਦੋਸ਼ ਧੜੱਲੇ ਨਾਲ ਲਗਾਏ ਜਾ ਰਹੇ ਹਨ ਕਿ ਪੰਜਾਬ ਅੰਦਰ ਲੋਕਾਂ ਨੂੰ ਨਾਜਾਇਜ਼ ਕੇਸਾਂ ਵਿਚ ਫ਼ਸਾਇਆ ਜਾਂਦੈ, ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਜਾਂਦੈ ਅਤੇ ਹਿਰਾਸਤ ਵਿਚ ਅਣਮਨੁੱਖੀ ਤਸ਼ੇਂਦਦ ਢਾਹਿਆ ਜਾਂਦਾ ਹੈ।

ਭਾਵੇਂ ਇਹ ਗੱਲ ਇਕੱਲੀ ਪੰਜਾਬ ਪੁਲਿਸ ਤਕ ਸੀਮਤ ਨਹੀਂ ਹੈ ਪਰ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸਭ ਤੋਂ ਵੱਧ ਸ਼ਿਕਾਇਤਾਂ ਪੁਲਿਸ ਵਿਭਾਗ ਦੇ ਖਿਲਾਫ਼ ਹੀ ਆ ਢੁੱਕੇਦੀਆਂ ਆਪਣੇ ਆਪ ਵਿਚ ਹੀ ਪੁਲਿਸ ਦੀ ਕਾਰਜਪ੍ਰਣਾਲੀ ਦੇ ਬਾਰੇ ਵਿਚ ਇਕ ‘ਕੁਮੈਂਟ’ ਹੈ ਕਿਉਂਕਿ ਅਸਲ ਵਿਚ ਤਾਂ ਪੁਲਿਸ ਦਾ ਕੰਮ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦਾ ਹੈ।

ਗੱਲ ਵਿਜੀਲੈਂਸ ਵੱਲੋਂ ਸਿਪਾਹੀਆਂ, ਹੌਲਦਾਰਾਂ ਤੇ ਛੋਟੇ ਥਾਣੇਦਾਰਾਂਨੂੰ ਤਿੰਨ, ਪੰਜ, ਦੱਸ ਹਜ਼ਾਰ ਨਾਲ ਫ਼ੜਣ ਤੋਂ ਕਿਸੇ ਡੀ.ਜੀ.ਪੀ. ਦੀ ਬੇਨਾਮੀ ਕੋਠੀ ਅਤੇ ਡਰੱਗ ਮਾਮਲੇ ਨੂੰ ਦਬਾਉਣ ਲਈ ਦੂਜੇ ਡੀ.ਜੀ.ਪੀ. ਨੂੰ ਕੇਸ ਵਿਚ ਉਲਝਾ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਤਕ ਆ ਗਈ ਹੈ ਤਾਂ ਨਿਸਚੇ ਹੀ ਪੁਲਿਸ ਦੀ ਭਰੋਸੇਯੋਗਤਾ ਖ਼ਤਰੇ ਵਿਚ ਹੈ। ਇੱਸ ਪੱਧਰ ਦੇ ਅਧਿਕਾਰੀਆਂ ’ਤੇ ਇਤਨੇ ਗੰਭੀਰ ਦੋਸ਼ ਲੱਗਣੇ, ਇਨ੍ਹਾਂ ਦੀ ਕਾਰਜਸ਼ੈਲੀ ’ਤੇ ਸਵਾਲ ਉੱਠਣੇ ਨਿਸਚੇ ਹੀ ਇਕ ਵੱਡੇ ‘ਕਰੈਡਿਬਿਲਟੀ ਕਰਾਈਸਿਸ’ ਦੀ ਨਿਸ਼ਾਨੀ ਹਨ।

ਹੱਥਲੇ ਮਾਮਲੇ ਵਿਚ ਆਖ਼ਰੀ ਚਾਲ ਕੌਣ ਚੱਲੇਗਾ, ਆਖ਼ਰੀ ਪੱਤਾ ਕੌਣ ਸੁੱਟੇਗਾ, ਚਿੱਤ ਕਿਸ ਦੀ ਹੋਵੇਗੀ ’ਤੇ ਪੱਟ ਕਿਸਦੀ, ਕੌਣ ਹਾਰੇਗਾ, ਕੌਣ ਜਿੱਤੇਗਾ, ਇਸ ਗੱਲ ਨਾਲ ਆਮ ਲੋਕਾਂ ਦਾ ਕੋਈ ਬਹੁਤਾ ਸਰੋਕਾਰ ਹੋਣਾ ਨਹੀਂ ਚਾਹੀਦਾ। ਹਾਂ ਇੰਨਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਪੁਲਿਸ ਦੇ ਜਿਹੜੇ ਢੰਗ ਤਰੀਕੇ ਆਮ ਲੋਕਾਂ ’ਤੇ ਅਜ਼ਮਾਏ ਜਾਂਦੇ ਨੇ, ਜਿਨ੍ਹਾਂ ਕਰਕੇ ਕਈ ਵਾਰ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ, ਉਹ ਤਰੀਕੇ ਇਕ ਵਾਰ ਪੁਲਿਸ ਵੱਲੋਂ ਆਪਣਿਆਂ ’ਤੇ ਵਰਤੇ ਜਾਣ ਕਾਰਨ ‘ਫ਼ੋਕਸ’ ਵਿਚ ਆਏ ਹਨ। ਪੁਲਿਸ ਨੂੰ ਨਿਸਚੇ ਹੀ ਆਤਮ ਮੰਥਨ ਦੀ ਲੋੜ ਹੈ।

ਉਪਰਲੇ ਘਟਨਾ¬ਕ੍ਰਮ ਵਿਚਲੇ ਸਾਰੇ ਪਾਤਰਾਂ ਬਾਰੇ ਸਾਰੇ ਜਾਗਰੂਕ ਪੰਜਾਬੀ ਜਾਣਦੇ ਹੀ ਹਨ। ਨਾਂਅ ਨਾ ਲਿਖ਼ਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਨਾ ਤਾਂਅਸੀਂ ਕਿਸੇ ਧਿਰ ਵੱਲ ਖੜ੍ਹੇ ਹਾਂ ਅਤੇ ਗੱਲ ਕਿਸੇ ਅਫ਼ਸਰ ਜਾਂ ਅਫ਼ਸਰਾਂ ਦੀ ਨਹੀਂ ਹੋ ਰਹੀ, ਗੱਲ ਹੋ ਰਹੀ ਹੈ ਪੰਜਾਬ ਪੁਲਿਸ ਦੀ, ਉਸ ਦੇ ਅਕਸ ਦੀ ਅਤੇ ਪੰਜਾਬ ਦੇ ਲੋਕਾਂ ਦੀ ਹੋਣੀ ਦੀ।

ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ’ਤੇ ਦੋਹਰੀ ਜ਼ਿੰਮੇਵਾਰੀ ਹੈ। ਉਹ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ ਅਤੇ ਮੁੱਖ ਮੰਤਰੀ ਵੀ। ਉਹਨਾਂ ਦੀ ਕਮਾਨ ਹੇਠਲੀ ਫ਼ੋਰਸ ਵਿਚ ਕੀ ਹੋ ਰਿਹਾ ਹੈ, ਉਸ ਫ਼ੋਰਸ ਦਾ ਕੀ ਪ੍ਰਭਾਵ ਹੈ, ਇਸ ਬਾਰੇ ਉਹ ਚਿੰਤਾ ਕਰਨ ਤਾਂ ਇਹ ਕੋਈ ਮਾੜੀ ਨਹੀਂ ਚੰਗੀ ਖ਼ਬਰ ਹੋਵੇਗੀ ਕਿਉਂਕਿ ਲੋਕ ਫ਼ਤਵੇ ਅਨੁਸਾਰ ਉਨ੍ਹਾਂ ਅਜੇ ਚਾਰ ਸਾਲ ਇਸੇ ਫ਼ੋਰਸ ਤੋਂ ਹੀ ਪੰਜਾਬ ਅੰਦਰ ‘ਲਾਅ ਐਂਡ ਆਰਡਰ’ ਨੂੰ ਸਹੀ ਰੱਖਣਦਾ ਕੰਮ ਲੈਣਾ ਹੈ। ਇਸ ਫ਼ੋਰਸ ਦਾ ਅਕਸ ਸੁਧਾਰਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਸੂਬੇ ਦੇ ਅਕਸ ਵਿਚ ਸੁਧਾਰ ਲਈ, ਉੱਥੇ ਜਿਉਣ ਲਈ ਚੰਗੇ ਹਾਲਾਤ ਬਨਾਉਣ ਲਈ ਪੁਲਿਸ ਦੀ ਭੂਮਿਕਾ ਹੀ ਅਹਿਮ ਨਹੀਂ ਹੁੰਦੀ ਹੈ, ਸਗੋਂ ਵਧੇਰੇ ਕਰਕੇ ਪੁਲਿਸ ਦੇ ਅਕਸ ਨਾਲ ਹੀ ਸੂਬੇ ਦਾ ਅਕਸ ਪਛਾਣਿਆ ਜਾਂਦਾ ਹੈ। ਕਿਸੇ ਚੰਗੀ ਗੱਲ ਲਈ ਉਮੀਦ ਕਰਨੀ ਕੋਈ ਮਾੜੀ ਗੱਲ ਨਹੀ ਹੁੰਦੀ। ਉਂਜ ਵੀ ਉਮੀਦ ’ਤੇ ਦੁਨੀਆਂ ਕਾਇਮ ਹੈ। ਰੱਬ ਮਿਹਰ ਕਰੇ, ਪੰਜਾਬ ’ਤੇ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ ਡਾਟ ਕਾਮ

7 ਅਪ੍ਰੈਲ, 2018

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,136FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...