ਯੈੱਸ ਪੰਜਾਬ
ਜਲੰਧਰ, 17 ਜਨਵਰੀ, 2022:
ਪੰਜਾਬ ਵਿੱਚ ਵੋਟਾਂ ਦੀ ਤਾਰੀਖ਼ ਅੱਗੇ ਪਾਉਣ ਦੀ ਮੰਗ ਨੂੰ ਲੈ ਕੇ ਜਲੰਧਰ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਨੇ ‘ਹਾਈਵੇਅ’ ਜਾਮ ਕਰ ਦਿੱਤਾ ਹੈ। ਹਾਲਾਂਕਿ ਇਹ ਕਿਹਾ ਗਿਆ ਸੀ ਕਿ ਧਰਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ ਪਰ ਪੁਲਿਸ ਅਤੇ ਜਥੇਬੰਦੀਆਂ ਦੇ ਵਿਚਾਲੇ ਚੱਲਦੀ ਗੱਲਬਾਤ ਤੋਂ ਬਾਅਦ ਇਹ ਧਰਨਾ ਲਗਪਗ 1 ਵਜੇ ਸ਼ੁਰੂ ਕੀਤਾ ਗਿਆ ਜਿਹੜਾ 4 ਵਜੇ ਤੱਕ ਲੱਗੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ 16 ਫ਼ਰਵਰੀ ਦੇ ਮੱਦੇਨਜ਼ਰ ਸ਼ਰਧਾਲੂਆਂ ਅਤੇ ਜੱਥੇਬੰਦੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਚੋਣਾਂ ਦਾ ਅਮਲ ਅੱਗੇ ਪਾ ਦਿੱਤਾ ਜਾਵੇ।
ਇਸੇ ਮੰਗ ਨੂੰ ਲੈ ਕੇ ਅੱਜ ਜਲੰਧਰ ਦੇ ਪੀ.ਏ.ਪੀ.ਚੌੌਂਕ ਵਿੱਚ ਜਥੇਬੰਦੀਆਂ ਵੱਲੋਂ ਧਰਨਾ ਦੇ ਦਿੱਤੇ ਜਾਣ ਨਾਲ ਕੌਮੀ ਮੁੱਖ ਮਾਰਗ ਜਾਮ ਹੋ ਗਿਆ ਹੈ ਅਤੇ ਸਾਰੇ ਆਉਣ ਜਾਣ ਵਾਲੇ ਰਸਤਿਆਂ ’ਤੇ ਵੱਡੇ ਜਾਮ ਵੇਖ਼ਣ ਨੂੰ ਮਿਲ ਰਹੇ ਹਨ।
ਜ਼ਿਕਰਯੋਗ ਹੈ ਕਿ ਪੀ.ਏ.ਪੀ.ਚੌਂਕ ਬਹੁਤ ਹੀ ਮਹੱਤਵਪੂਰਨ ਹੈ ਜਿੱਥੇ ਜਾਮ ਲਗਾਏ ਜਾਣ ਨਾਲ ਨਾ ਕੇਵਲ ਜਲੰਧਰ ਅੰਮ੍ਰਿਤਸਰ ਹਾਈਵੇਅ ਜਾਮ ਹੋ ਜਾਂਦਾ ਹੈ ਸਗੋਂ ਜੰਮੂ-ਕਸ਼ਮੀਰ ਲਈ ਵੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਹਿੱਸਿਆਂ ਨੂੰ ਆਣ ਜਾਣ ਲਈ ਵੀ ਇਹੀ ਰਾਹ ਮੁੱਖ ਤੌਰ ’ਤੇ ਵਰਤਿਆ ਜਾਂਦਾ ਹੈ ਜਿਸ ਕਰਕੇ ਵੱਡੇ ਜਾਮ ਲੱਗਣੇ ਸੁਭਾਵਿਕ ਹੀ ਹਨ।
ਕਿਉਂਕਿ ਸੜਕਾਂ ਜਾਮ ਕਰਨ ਦਾ ਸੱਦਾ ਬੀਤੀ ਸ਼ਾਮ ਹੀ ਦੇ ਦਿੱਤਾ ਗਿਆ ਸੀ ਇਸ ਲਈ ਪੁਲਿਸ ਵੱਲੋਂ ਭਾਰੀ ਸੁਰੱਖ਼ਿਆ ਪ੍ਰਬੰਧ ਮੌਕੇ ’ਤੇ ਕੀਤੇ ਗਏ ਹਨ ਪਰ ਧਰਨਾਕਾਰੀਆਂ ਦੇ ਡਟੇ ਹੋਣ ਕਾਰਨ ਜਾਮ ਵਿੱਚ ਫ਼ਸੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਤਾਂ ਬਦਲਵੇਂ ਰੂਟਾਂ ਤੋਂ ਜਾਣ ਲਈ ਮਜਬੂਰ ਹੋ ਰਹੇ ਹਨ।
ਜਥੇਬੰਦੀਆਂ ਵੱਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਦਾ ਬੰਦ ਦਾ ਸੱਦਾ ਦਿੰਦੇ ਹੋਏ ਇਹ ਮੰਗ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਆਪਣੇ 14 ਫ਼ਰਵਰੀ ਨੂੰ ਵੋਟਿੰਗ ਕਰਾਉਣ ਵਾਲੇ ਫ਼ੈਸਲੇ ਨੂੰ ਵਾਪਿਸ ਲੈ ਕੇ ਚੋਣਾਂ ਇਕ ਹਫ਼ਤੇ ਦੇ ਕਰੀਬ ਅੱਗੇ ਪਾਵੇ ਤਾਂ ਜੋ 16 ਫ਼ਰਵਰੀ ਨੂੰ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਬਨਾਰਸ ਜਾਣ ਵਾਲੀ ਸੰਗਤ ਵੋਟਾਂ ਪਾਉਣ ਤੋਂ ਵਾਂਝੀ ਨਾ ਰਹਿ ਜਾਵੇ। ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਨਮ ਦਿਹਾੜੇ ਮੌਕੇ ਬਨਾਰਸ ਜਾਂਦੇ ਹਨ। ਉਹ ਜਨਮ ਦਿਹਾੜੇ ਤੋਂ ਇਕ ਦੋ ਦਿਨ ਪਹਿਲਾਂ ਜਾਂਦੇ ਹਨ ਅਤੇ ਇਕ ਦੋ ਦਿਨ ਬਾਅਦ ਮੁੜਦੇ ਹਨ ਜਿਸ ਲਈ ਇਹ ਮੰਗ ਕੀਤੀ ਜਾ ਰਹੀ ਹੈ ਕਿ 14 ਫ਼ਰਵਰੀ ਨੂੰ ਵੋਟਾਂ ਹੋਈਆਂ ਤਾਂ ਉਨ੍ਹਾਂ ਦਾ ਜਾਂ ਤਾਂ ਬਨਾਰਸ ਜਾਣਾ ਸੰਭਵ ਨਹੀਂ ਹੋਵੇਗਾ ਅਤੇ ਜਾਂ ਫ਼ਿਰ ਵੋਟ ਪਾਉਣਾ ਸੰਭਵ ਨਹੀਂ ਹੋਵੇਗਾ।
ਇਹ ਵੀ ਜ਼ਿਕਰਯੋਗ ਹੈ ਕਿ ਹੁਣ ਪੰਜਾਬ ਦੀਆਂ ਲਗਪਗ ਸਾਰੀਆਂ ਪਾਰਟੀਆਂ ਨੇ ਵੀ ਚੋਣ ਕਮਿਸ਼ਨ ਤੋਂ ਇਹ ਮੰਗ ਕਰ ਦਿੱਤੀ ਹੋਈ ਹੈ ਕਿ ਜਨਮ ਦਿਹਾੜੇ ਦੇ ਮੱਦੇਨਜ਼ਰ ਚੋਣਾਂ ਅੱਗੇ ਪਾਈਆਂ ਜਾਣ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ