ਯੈੱਸ ਪੰਜਾਬ
ਮੋਹਾਲੀ, 19 ਜੁਲਾਈ, 2022:
ਮੋਹਾਲੀ ਵਿੱਚ ਮੰਗਲਵਾਰ ਸ਼ਾਮ ਹੋਏ ਇਕ ਹਾਦਸੇ ਦੌਰਾਨ ਪੰਜਾਬੀ ਗੀਤਕਾਰ ਜਾਨੀ ਦੀ ਫ਼ਾਰਚੂਨਰ ਨੇ ਸੜਕ ’ਤੇ ਕਈ ਪਲਟੀਆਂ ਮਾਰੀਆਂ। ਇਸ ਵਕਤ ਫਾਰਚੂਨਰ ਵਿੱਚ ਜਾਨੀ ਤੋਂ ਇਲਾਵਾ ਉਸਦਾ ਇਕ ਦੋਸਤ ਅਤੇ ਡਰਾਈਵਰ ਸਨ।
ਸਮਝਿਆ ਜਾਂਦਾ ਹੈ ਕਿ ਇਹ ਹਾਦਸਾ ਫ਼ਾਰਚੂਨਰ ਦੀ ਤੇਜ਼ ਸਪੀਡ ਹੋਣ ਕਰਕੇ ਗੱਡੀ ਦੇ ਕਾਬੂ ਤੋਂ ਬਾਹਰ ਹੋ ਜਾਣ ਕਾਰਨ ਵਾਪਰਿਆ ਪਰ ਚੰਗੇ ਭਾਗੀਂ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਰੁਕਣ ਤੋਂ ਪਹਿਲਾਂ ਫ਼ਾਰਚੂਨਰ 3-4 ਪਲਟੀਆਂ ਖ਼ਾ ਗਈ।
ਪਲਟੀਆਂ ਖ਼ਾਂਦੇ ਸਮੇਂ ਇਹ ਗੱਡੀ ਕੁਝ ਹੋਰ ਵਾਹਨਾਂ ਵਿੱਚ ਵੀ ਵੱਜੀ ਪਰ ਉਨ੍ਹਾਂ ਵਿੱਚ ਸਵਾਰ ਲੋਕਾਂ ਨੂੰ ਵੀ ਕੋਈ ਗੰਭੀਰ ਚੋਟ ਨਹੀਂ ਆਈ।
ਫ਼ਾਰਚੂਨਰ ਦਾ ਹਾਦਸਾ ਹੁੰਦੇ ਹੀ ਏਅਰਬੈਗ ਖੁਲ੍ਹ ਜਾਣ ਨੂੰ ਹੀ ਬਚਾਅ ਦਾ ਕਾਰਨ ਸਮਝਿਆ ਜਾ ਰਿਹਾ ਹੈ ਹਾਲਾਂਕਿ ਜਾਨੀ ਸਣੇ ਗੱਡੀ ਵਿੱਚ ਸਵਾਰ ਤਿੰਨਾਂ ਲੋਕਾਂ ਨੂੰ ਸੱਟਾਂ ਲੱਗੀਆਂ ਹਨ।
ਗਿੱਦੜਬਾਹਾ ਦੇ ਰਹਿਣ ਵਾਲੇ 33 ਸਾਲਾ ਜਾਨੀ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਾਨੀ ਨੂੰ ਗਰਦਨ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ