Friday, April 26, 2024

ਵਾਹਿਗੁਰੂ

spot_img
spot_img

ਨਵਜੋਤ ਸਿੱਧੂ ਤੋਂ ਲਉ ਪੈਨ ਉਧਾਰਾ – ਐੱਚ.ਐੱਸ.ਬਾਵਾ ਦਾ ਅਰੁਣਾ ਚੌਧਰੀ ਦੇ ਨਾਂਅ ਖ਼ਤ

- Advertisement -

ਸਤਿਕਾਰਯੋਗ ਅਰੁਣਾ ਚੌਧਰੀ ਜੀ,

ਸਿੱਖਿਆ ਮੰਤਰੀ, ਪੰਜਾਬ।

ਮੰਤਰੀ ਸਾਹਿਬਾ,

ਆਪ ਜੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਮਹਿਕਮਾ ਦਿੱਤਾ ਹੈ, ਜਿਹੜਾ ਸਿੱਧੇ ਤੌਰ ’ਤੇ ਸੂਬੇ ਅਤੇ ਦੇਸ਼ ਦੇ ਭਵਿੱਖ ਭਾਵ ਬੱਚਿਆਂ ਦੀ ਸਿੱਖਿਆ ਨਾਲ ਜੁੜਿਆ ਹੋਇਆ ਹੈ। ਜੇ ਬੱਚਿਆਂ ਨੂੰ ਸਕੂਲਾਂ ਤੋਂ ਚੰਗੀ ਵਿਦਿਆ, ਚੰਗੇ ਸੰਸਕਾਰ ਹਾਸਿਲ ਹੋ ਗਏ ਤਾਂ ਦੇਸ਼ ਦਾ ਭਵਿੱਖ ਬਣ ਸਕਦਾ ਹੈ ਅਤੇ ਉਨ੍ਹਾਂ ਦਾ ਆਪਣਾ ਵੀ। ਮਾਪਿਆਂ ਦੀ ਕਿਸਮਤ ਸੰਵਰ ਸਕਦੀ ਹੈ।

ਇਕ ਪੁਰਾਣਾ ਅਤੇ ਬਹੁਤ ਖ਼ੂਬਸੂਰਤ ਗਾਣਾ ਸੀ ‘ਮੁਹੱਬਤ ਅਬ ਤਿਜਾਰਤ ਬਣ ਗਈ ਹੈ’। ਬੜਾ ਸੋਹਣਾ ਨਿਹੋਰਾ ਸੀ। ਪਰ ਸਮਾਂ ਬਦਲਦੇ ਬਦਲਦੇ ਇਹ ਆਹ ਗਿਆ ਹੈ ਕਿ ਸਿੱਖਿਆ ਹੀ ਤਿਜਾਰਤ ਬਣ ਗਈ ਹੈ। ਕਿਉਂਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈਆਂ ਹਨ। ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਕਾਂਗਰਸ ਸਰਕਾਰ ਦੀ ਗੱਲ ਨਹੀਂ ਕਰ ਰਿਹਾ। ਸਰਕਾਰ ਕੇਂਦਰ ਦੀ ਹੋਵੇ ਜਾਂ ਦੇਸ਼ ਦੇ ਕਿਸੇ ਵੀ ਸੂਬੇ ਦੀ, ਕਿਸੇ ਵੀ ਪਾਰਟੀ ਦੀ, ਸਭ ਨੇ ਸਿੱਖਿਆ ਦੇ ਵਪਾਰੀਕਰਨ ਨੂੰ ਮਾਨਤਾ ਦੇ ਦਿੱਤੀ ਹੈ ’ਤੇ ਵੱਡੀ ਗੱਲ ਇਹ ਵੀ ਹੈ ਕਿ ਜਿਵੇਂ ਕਿਵੇਂ ਹੌਲੇ ਹੌਲੇ ਦੇਸ਼ ਦੇ ਲੋਕਾਂ ਨੇ ਇਹ ਗੱਲ ਪ੍ਰਵਾਨ ਵੀ ਕਰ ਲਈ ਹੈ। ਉਂਜ ਸਿੱਖਿਆ ਦਾ ਇਹ ਵਪਾਰੀਕਰਨ ਵਿਦਿਆ ਦੇ ਖ਼ੇਤਰ ਨਾਲ ਜੁੜੇ ਲੋਕ ਕਰਦੇ ਤਾਂ ਸ਼ਾਇਦ ਗੱਲ ਕੁਝ ਹੋਰ ਹੁੰਦੀ। ਹੋਇਆ ਇਹ ਹੈ ਕਿ ਵਪਾਰੀਆਂ ਨੇ ਸਿੱਖਿਆ ਦੀਆਂ ਦੁਕਾਨਾਂ ਖੜੀਆਂ ਕਰ ਲਈਆਂ ਹਨ, ਸਨਅਤਕਾਰਾਂ ਨੇ ਵਿਦਿਆ ਦੇ ਕਾਰਖ਼ਾਨੇ ਖੋਲ੍ਹ ਲਏ ਹਨ। ਜਿਹੜਾ ਮੁੱਲ ਤਾਰੇਗਾ, ਉਸਨੂੰ ਮਿਲੇਗੀ, ਦੂਜੇ ਨੂੰ ਸਤਿ ਸ੍ਰੀ ਅਕਾਲ।

ਗੱਲ ਇੱਥੇ ਵੀ ਨਹੀਂ ਨਿੱਬੜੀ। ਯੁਗ ਮੁਕਾਬਲੇ ਦਾ ਹੈ, ਮੁਨਾਫ਼ੇਬਾਜ਼ੀ ਦਾ ਹੈ। ਇਨਵੈਸਟਮੈਂਟਾਂ ਮੋਟੀਆਂ ਨੇ, ਰਿਟਰਨ ਵੀ ਚੰਗੀ ਚਾਹੀਦੀ ਹੈ। ਇਸ ਲਈ ਮਾਪੇ ਜ਼ਰਾ ਤੰਗ ਨੇ। ਮਾਪੇ ਜ਼ਰਾ ਤੰਗ ਹੋਣ ਦਾ ਬੁਰਾ ਨਹੀਂ ਮਨਾਉਂਦੇ। ਮਾਪੇ ਹੁਣ ਕੁਝ ਵਧੇਰੇ ਤੰਗ ਹੋ ਗਏ ਹੋਣਗੇ ਕਿ ਸੜਕਾਂ ’ਤੇ ਆ ਗਏ ਨੇ। ਸਕੂਲਾਂ ਦੇ ਸਾਹਮਣੇ ਆ ਗਏ ਨੇ। ਮੈਨੂੰ ਲੱਗਦੈ ਕਿ ਬੱਚਿਆਂ ਦੇ ਮਾਪਿਆਂ ਦੇ ਕੋਈ ਸਲਾਹਕਾਰ ਖ਼ਰੇ ਨਹੀਂ ਹੋਣੇ। ਇਹਨਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ ਕਿ ਹਰ ਸ਼ਹਿਰ ਦੇ ਦੱਸ ਵੀਹ ਵੱਡੇ ਸਕੂਲਾਂ ਦੇ ਮਾਲਕ ਸਮੁੱਚੇ ਸ਼ਹਿਰ ਤੋਂ ਵੱਧ ਰਕਮਾਂ ਅਤੇ ਸੰਪੱਤੀਆਂ ਦੇ ਮਾਲਕ ਨੇ। ਉਨ੍ਹਾਂ ਨਾਲ ਤੁਹਾਡਾ ਕੀ ਮੁਕਾਬਲਾ। ਇਸ ਲਈ ਹੁਣ ਜਦ ਮਾਪਿਆਂ ਨੂੰ ਲੱਗਾ ਕਿ ਐਸੋਸੀਏਸ਼ਨਾਂ ਬਣਾ ਕੇ ਖਵਰੇ ਉਹ ਉਸ ਵਰਤਾਰੇ ਨੂੰ ਨੱਥ ਪਾ ਲੈਣਗੇ ਜਿਸਨੂੰ ਉਹ ‘ਲੁੱਟ’ ਆਖ਼ਦੇ ਨੇ, ਤਾਂ ਉਹਨਾਂ ਦੇ ਭੁਲੇਖੇ ਲਹਿਣੇ ਸ਼ੁਰੂ ਹੋ ਗਏ ਨੇ। ਸਮਰੱਥ ਲੋਕਾਂ ਨੇ, ਮਿਲਦੇ ਗਿਲਦੇ ਅਫ਼ਸਰਾਂ ਨਾਲ ਹਮਸਲਾਹ ਹੋ ਕੇ ਗੱਲ ‘ਕਰਾਸ ਪਰਚਿਆਂ’ ਤਕ ਲੈ ਆਂਦੀ ਏ। ਲਉ ਇਹ ਤਾਂ ਹਾਲ ਉਹ ਹੋ ਗਿਆ ਬਈ ਗਏ ਸੀ ਜੇਬ ਨੂੰ ਟਾਂਕਾ ਲੁਆਉਣ ਅਗਿਲਆਂ ਪੈਂਟ ਹੀ ਲੁਹਾ ਲਈ। ਜਦੋਂ ਗੱਲ ਪਰਚਿਆਂ ’ਤੇ ਆਈ ਏ ਤਾਂ ਤੁਹਾਨੂੰ ਇਹ ਨਹੀਂ ਪਤਾ ਮਾਪਿਆਂ ਨੂੰ ਤਾਂ ਇਕ ਵਕੀਲ ਕਰਨ ਲਈ ਆਪੋ ਵਿਚ ਫੰਡ ਇਕੱਠਾ ਕਰਨਾ ਪੈਣੈ, ਇਨ੍ਹਾਂ ਸਕੂਲਾਂ ਵਾਲਿਆਂ ਦੇ ਤਾਂ ਚੰਗੇ ਵਕੀਲ ਪੱਕੇ ਹੀ ਰੱਖੇ ਹੋਏ ਨੇ। ਮਾਪਿਆਂ ਨੂੰ ਇਹ ਵੀ ਸਮਝਣਾ ਚਾਹੀਦਾ ਸੀ ਕਿ ਇੱਡੇ ਇੱਡੇ ਸਕੂਲਾਂ ਦੇ ਮਾਲਕਾਂ ਨੂੰ ਸਰਕਾਰਾਂ ਦੇ ਬਦਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਵੱਡਿਆਂ ਦੇ ਸਾਰੇ ਹੀ ਆਪਣੇ ਹੁੰਦੇ ਨੇ।

ਖ਼ੈਰ, ਗੱਲ ਜ਼ਿਆਦਾ ਕਰਨੀ ਨਹੀਂ ਚਾਹੀਦੀ, ਫ਼ੜੀ ਜਾਂਦੀ ਐ। ਇਹ ਮੈਨੂੰ ਤਾਂ ਮਾੜੀ ਮੋਟੀ ਫ਼ਿਰ ਸਮਝ ਐ ਪਰ ਫਿਰੋਜ਼ਪੁਰ ਦੇ ਸੁਰੇਸ਼ ਕੁਮਾਰ ਅਰੋੜਾ ਨਾਂਅ ਦੇ ਇਕ ਡੀ.ਈ.ਉ. ਨੂੰ ਜੇ ਕਿਸੇ ਇਹ ਗੱਲ ਸਮਝਾਈ ਹੁੰਦੀ ਤਾਂ ਅੱਜ ਇੰਨਾ ਪੰਗਾ ਨਾ ਪਿਆ ਹੁੰਦਾ। ਪਹਿਲਾਂ ਸੁਣੀਂਦਾ ਸੀ, ਲੋਕ ਕਹਿੰਦੇ ਸਨ, ਕੰਧਾਂ ਦੇ ਵੀ ਕੰਨ ਹੁੰਦੇ ਨੇ। ਅੱਜ ਕਲ੍ਹ ਤਾਂ ਭਾਈ ਜਿੰਨੇ ਸੈਲਫ਼ੋਨ ਨੇ, ਉਨੇ ਕੰਨ। ਹਵਾ ਵਿਚ ਵੀ ਕੰਨ ਤੁਰੇ ਫ਼ਿਰਦੇ ਨੇ।

ਡੀ.ਈ.ਉ. ਮੈਂ ਸੁਣਿਐ ਕਹਿੰਦੇ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ। ਜਿਸਨੇ ਜ਼ਿਲ੍ਹੇ ਵਿਚ ਸਿੱਖਿਆ ਦਾ ਵਪਾਰ ਨਹੀਂ ਕਰਾਉਣਾ ਸਗੋਂ ਜ਼ਿਲ੍ਹੇ ਵਿਚ ਸਿੱਖਿਆ ਵਿਚਲੀਆਂ ਖ਼ਾਮੀਆਂ ਨੂੰ ਲੱਭਣਾ, ਉਹਨਾਂ ਨੂੰ ਦੂਰ ਕਰਨਾ, ਬੱਚਿਆਂ ਦੇ ਮਸਲੇ ਹੱਲ ਕਰਨੇ, ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਦੂਰ ਕਰਨੀਆਂ ਤੇ ਚੱਲੋ ਜੇ ਕਿਸੇ ਸਕੂਲ ਦੀ ਵੀ ਕੋਈ ਸਮੱਸਿਆ ਹੋਵੇ ਤਾਂ ਉਹਦਾ ਵੀ ਹੱਲ ਕਰਨਾ ਹੁੰਦਾ ਹੈ।

ਗੁੱਸਾ ਨਾ ਕਰਿਉ, ਵੱਡੇ ਬੰਦਿਆਂ ਦੀ ਹੱਡੀ ਵੀ ਵੱਡੀ ਹੁੰਦੀ ਐ। ਕਈ ਲੋਕ ਤਾਂ ਸਹਿਜੇ ਸਹਿਜੇ ਮੂੰਹ ਮਾਰਦੇ ਨੇ, ਕਈਆਂ ਨੂੰ ਇੰਨਾ ਹਾਬੜਾ ਪਿਆ ਹੁੰਦੈ ਬਈ ਉਹ ਹੱਡੀ ਹੀ ਅੰਦਰ ਲੰਘਾਉਣ ਨੂੰ ਫ਼ਿਰਦੇ ਨੇ। ਹੱਡੀ ਅੰਦਰ ਲੰਘ ਜਾਵੇ ਤਾਂ ਤੰਗ ਕਰਦੀ ਐ।

ਮੰਤਰੀ ਸਾਹਿਬਾ, ਦੋ ਮਿਨਟ ਦਾ ਸਮਾਂ ਹੋਰ ਦਿਉ। ਲਉ ਹੁਣ ਜਿਨ੍ਹਾਂ ਨੂੰ ਕਹਾਣੀ ਨਹੀਂ ਪਤਾ ਉਹਨਾਂ ਨੂੰ ਕਿੱਸਾ ਨਾ ਸੁਣਾਇਆ ਤਾਂ ਗੱਲ ਸਮਝ ਨਹੀਂ ਆਉਣੀ। ਕੁਝ ਮਾਪੇ ਕਿਸੇ ਨਿੱਜੀ ਸਕੂਲ ਤੋਂ ਤੰਗ ਹੋ ਕੁਝ ਦਿਨਾਂ ਤੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਇਕ ਮੈਂਬਰ ਨੇ ਸਮਝਦਾਰੀ ਵਰਤੀ ਬਈ ਡੀ.ਈ.ਉ. ਨੂੰ ਫ਼ੋਨ ਲਾਈਏ ’ਤੇ ਮਸਲਾ ਹੱਲ ਕਰਵਾਈਏ। ਉਹਨੇ ਆਪਣੇ ਫ਼ੋਨ ’ਤੋਂ ਲਾਇਆ ਫ਼ੋਨ ਡੀ.ਈ.ਉ. ਨੂੰ, ਉਹਨੂੰ ਆਪਣੀ ਸਮੱਸਿਆ ਦੱਸੀ ਤੇ ਕਿਹਾ ਬਈ ਸਕੂਲ ਵਾਲਿਆਂ ਨੂੰ ਜ਼ਰਾ ਜ਼ਰੂਰੀ ਨਿਰਦੇਸ਼ ਦੇਵੋ। ਡੀ.ਈ.ਉ. ਸਾਹਿਬ ਨੇ ਕਿਹਾ ਕਰਾਇਉ ਗੱਲ। ਪ੍ਰਿੰਸੀਪਲ ਦੇ ਨਾ ਹੋਣ ਕਾਰਨ ਸਕੂਲ ਦੇ ਇਕ ਹੋਰ ਅਧਿਕਾਰੀ ਨਾਲ ਡੀ.ਈ.ਉ. ਦੀ ਗੱਲ ਕਰਵਾ ਦਿੱਤੀ ਗਈ।

ਪੈਂਦੀ ਸੱਟੇ ਡੀ.ਈ.ਉ. ਸਾਹਿਬ ਕਹਿੰਦੇ ਬਈ ਇਨ੍ਹਾਂ ਤੋਂ ਪਰ੍ਹਾਂ ਜਾਂ ਕੇ ਮੇਰੀ ਗੱਲ ਸੁਣੋ। ਫ਼ਿਰ ਡੀ.ਈ.ੳ. ਸਾਹਿਬ, ਜਿਨ੍ਹਾਂ ਨੂੰ ਇਕ ਵਿਅਕਤੀ ਨੇ ਇਨਸਾਫ਼ ਲਈ ਫ਼ੋਨ ਲਾਇਆ ਸੀ, ਆ ਗਏ ਆਪਣੇ ਰੰਗ ਵਿਚ। ਸਕੁੂਲਾਂ ਵਾਲਿਆਂ ਦਾ ਮਾਲ ਅੰਦਰੋਂ ਬੋਲਿਆ, ‘ਲਾਇਲਟੀ’ ਜਾਗ ਪਈ। ਮੈਂ ਉਹ ਸਾਰੀ ਆਡੀਉ ਸੁਣੀ ਏ। ਸੁਨਣ ਤੋਂ ਬਾਅਦ ਮੇਰਾ ਪ੍ਰਭਾਵ ਸੀ ਇਹ ਤਾਂ ਉਹ ਗੱਲ ਏ ਬਈ ਜਿਵੇਂ ਸਕੂਲ ਵਾਲਿਆਂ ਨੂੰ ਮਾਪਿਆਂ ਨੂੰ ਤੰਗ ਕਰਨ ਦੇ, ਉਹਨਾਂ ਦਾ ਸ਼ੋਸ਼ਣ ਕਰਨ ਦੇ ਤਰੀਕੇ ਸਮਝਾਏ ਜਾ ਰਹੇ ਹੋਣ। ਡੀ.ਈ.ਉ. ਸਾਹਿਬ ਉਨ੍ਹਾਂ ਨੂੰ ਤਰਤੀਬਵਾਰ ਸਮਝਾ ਰਹੇ ਸਨ ਬਈ ਮਾਪਿਆਂ ਦੀ ਐਸੀ ਕੀ ਤੈਸੀ ਕਿਵੇਂ ਫ਼ੇਰੀਦੀ ਏ, ਕਿਵੇਂ ਬੱਚਿਆਂ ਦੇ ਭਵਿੱਖ ਨਾਲ, ਮਾਪਿਆਂ ਦੇ ਅਰਮਾਨਾਂ ਨਾਲ ਖੇਡਿਆ ਜਾ ਸਕਦੈ।

ਅਰੋੜਾ ਸਾਹਿਬ ਨੇ ਬੱਸ ਇੱਥੇ ਹੀ ਨਹੀਂ ਕੀਤੀ। ਉਨ੍ਹਾਂ ਦੇ ਵਾਰਤਾਲਾਪ ਦਾ ਮੈਂ ‘ਕਾਇਲ’ ਹੋ ਗਿਆਂ। ਬੜੀਆਂ ਚੋਂਦੀਆਂ ਚੋਂਦੀਆਂ ਗਾਲ੍ਹਾਂ ਕੱਢ ਲੈਂਦੇ ਜੇ ਮਾਂ ਭੈਣ ਦੀਆਂ। ਮਾਪਿਆਂ ਦੀ ਮਾਂ ਭੈਣ ਇਕ ਕਰਨ ’ਚ ਉਨ੍ਹਾਂ ਕੋਈ ਕਸਰ ਨਹੀਂ ਛੱਡੀ। ਕਿਸਮਤ ਮਾੜੀ ਉਨ੍ਹਾਂ ਦੀ ਇਹ ਬਈ ਤਕਨਾਲੋਜੀ ਬੜੀ ਤਰੱਕੀ ਕਰ ਗਈ ਏ। ਉਨ੍ਹਾਂ ਦੇ ਸਾਰੇ ਬਚਨ-ਬਿਲਾਸ ਫ਼ੋਨ ਵਿਚ ਰਿਕਾਰਡ ਹੋ ਗਏ ਤੇ ਜਦ ਉਸ ਵਿਅਕਤੀ ਨੇ ਕਿਤੇ ਲਾਂਭੇ ਹੋ ਕੇ ਆਪਣੇ ਫ਼ੋਨ ਦੀ ਰਿਕਾਰਡਿੰਗ ਸੁਣੀ ਬਈ ਡੀ.ਈ.ਉ. ਸਾਹਿਬ ਨੇ ਸਾਡੀ ਸਿਫਾਰਿਸ਼ ਕਿਹੜੇ ਲਫ਼ਜ਼ਾਂ ਵਿਚ ਕੀਤੀ ਹੈ ਤਾਂ ਉਨ੍ਹਾਂ ਮਾਂ ਦੀ, ਭੈਣ ਦੀ ਅਰੋੜਾ ਜੀ ਦੀ ਭਾਜੀ ਮੋੜਦਿਆਂ ਉਨ੍ਹਾਂ ਦੀ ਉਹ ਆਡੀਉ ਸੋਸ਼ਲ ਮੀਡੀਆ ’ਤੇ ਚਲਾ ਦਿੱਤੀ, ਜਿਹੜੀ ਪਿਛਲੇ ਤਿੰਨਾਂ ਚਹੁੰਆਂ ਦਿਨਾਂ ਤੋਂ ਵਾਇਰਲ ਹੋਈ ਪਈ ਹੈ।

ਪਿਛਲੇ ਤਿੰਨਾਂ ਚਹੁੰਆਂ ਦਿਨਾਂ ਤੋਂ ਜਿਹੜੇ ਮਹਿਕਮੇ ਦੀ ਤੋਏ ਤੋਏ ਸੋਸ਼ਲ ਮੀਡੀਆ ’ਤੇ ਨਕਦੋ ਨਕਦ ਹੋਣ ਡਹੀ ਏ, ਤੁਸੀਂ ਮੰਤਰੀ ਸਾਹਿਬਾ, ਉਸ ਮਹਿਮਕੇ ਦੇ ਪਾਲਣਹਾਰ ਹੋਣ ਦੇ ਬਾਵਜੂਦ ਇਸ ’ਤੇ ਗੌਰ ਕਰਨ ਦੀ ਕੋਈ ਲੋੜ ਨਹੀਂ ਸਮਝੀ। ਹੈਰਾਨੀ ਹੀ ਹੋਵੇਗੀ, ਜੇ ਮਸਲਾ ਤੁਹਾਡੇ ਧਿਆਨ ਵਿਚ ਨਾ ਹੋਵੇ, ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਇਕ ਫ਼ਾਈਲ ਖੋਲ੍ਹ ਲਈ ਏ ’ਤੇ ਇਨਕੁਆਰੀ ਮਾਰਕ ਕਰ ਦਿੱਤੀ ਏ। ਲਗਪਗ ਸੱਤ ਦਹਾਕਿਆਂ ਦੀ ਅਜ਼ਾਦੀ ਤੋਂ ਬਾਅਦ ਵੀ ਦੇਸ਼ ਅੰਦਰ ਨਾ ਤਾਂ ਗਰੀਬੀ ਮੁੱਕੀ ਏ ਤੇ ਨਾ ਇਨਕੁਆਰੀਆਂ। ਗਰੀਬੀ ਦੀ ਜਗ੍ਹਾ ਗਰੀਬ ਮੁਕਾਉਣ ’ਤੇ ਜ਼ੋਰ ਲੱਗਾ ਪਿਆ ਏ, ’ਤੇ ਇਨਕੁਆਰੀ ਦਾ ਮਤਲਬ ਮਾਮਲੇ ’ਤੇ ਮਿੱਟੀ ਪਾਉਣਾ ਹੋ ਗਿਆ ਏ।

ਡੀ.ਈ.ਉ. ਵੱਲੋਂ ਮਾਪਿਆਂ ਦੇ ਵਿਰੁੱਧ ਭੁਗਤਣ ਅਤੇ ਉਨ੍ਹਾਂ ਨੂੰ ਗਾਲ੍ਹਾ ਕੱਢਣ ਦਾ ਮਾਮਲਾ ਇੰਨਾ ਉਛਲਣ ਦੇ ਬਾਅਦ ਵੀ ਅਜੇ ਇਹ ਡੀ.ਈ.ਉ. ਸਿੱਖਿਆ ਮਹਿਕਮੇ ਦੀ ਗੋਦੀ ਵਿਚ ਹੀ ਬੈਠਾ ਏ ਅਤੇ ਸਿੱਖਿਆ ਮਹਿਕਮੇ ਦੀ ਮੰਤਰੀ ਵਜੋਂ ਅਜੇ ਤੁਸਾਂ ‘ਸੀ’ ਤਕ ਨਹੀਂ ਉਚਰੀ। ਸੰਦੇਸ਼ ਕੀ ਹੈ। ਹਮ ਦੇਖੇਂਗੇ, ਹਮ ਦੇਖ ਰਹੇ ਹੈ, ਹਮ ਦੇਖ਼ਤੇ ਰਹੇਂਗੇ ਔਰ ਆਪ ਭੀ ਬਸ ਦੇਖ਼ਤੇ ਹੀ ਰਹਿਣਾ।

ਇਨਸਾਫ਼ ਇਹ ਹੁੰਦਾ ਕਿ ਜਿਵੇਂ ਹੀ ਇਹ ਆਡੀਉ ਵਾਇਰਲ ਹੋਈ ਸੀ, ਇਸ ਗਾਲੀ ਗਲੋਚ ਸਪੈਸ਼ਲਿਸਟ ਡੀ.ਈ.ਉ. ਨੂੰ ਘੱਟੋ ਘੱਟ ਮੁਅੱਤਲ ਕੀਤਾ ਜਾਂਦਾ ’ਤੇ ਫ਼ਿਰ ਕੋਈ ਇਨਕੁਆਰੀ ਹੁੰਦੀ। ਮੰਤਰੀ ਸਾਹਿਬਾ ਤੁਹਾਡੀ ਚੁੱਪ ਕਮਾਲ ਐ। ਸਮਝਿਆ ਜਾ ਸਕਦੈ ਕਿ ਨਵੇਂ ਹੋ, ਸਿਸਟਮ ਸਮਝ ਰਹੇ ਹੋ ਪਰ ਇਹਦੇ ਵਿਚ ਸਿਸਟਮ ਵੀ ਕੀ ਸਮਝਣਾ ਏ। ਜੇ ਮਾਪਿਆਂ ਨੂੰ ਗਾਲ੍ਹਾਂ ਕੱਢਣ ਵਾਲੇ ਡੀ.ਈ.ਉ. ਬਾਰੇ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਅਧਿਕਾਰੀ ਬਾਰੇ ਵੀ ਅਜੇ ਕੁਝ ਸਮਝਣਾ ਹੀ ਹੈ ਫ਼ਿਰ ਤਾਂ ਰੱਬ ਹੀ ਮਾਲਕ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਆਪ ਤੁਰਤ ਫ਼ੈਸਲੇ ਲੈਣ ਵਾਲੇ ਨੇ, ਉਨ੍ਹਾਂ ਸੰਗਰੂਰ ਰਿਸ਼ਵਤ ਕਾਂਡ ਅਤੇ ਹੋਰਨਾਂ ਕਈ ਮਾਮਲਿਆਂ ਵਿਚ ਤੁਰਤ ਫੈਸਲੇ ਲਏ ਨੇ। ਮਨਪ੍ਰੀਤ ਬਾਦਲ ਸੜਕ ’ਤੇ ਖੜ੍ਹ ਕੇ ਰਿਸ਼ਵਤਖ਼ੋਰ ਪੁਲਿਸ ਵਾਲੇ ਦੀ ਵੀਡੀਉ ਬਣਾ ਹਟੇ ਨੇ, ਉਸਨੂੰ ਸਸਪੈਂਡ ਕਰਾ ਹਟੇ ਨੇ ਅਤੇ ਨਵਜੋਤ ਸਿੰਘ ਸਿੱਧੂ ਨੇ ਗੱਲ ਸਮਝ ਆਉਂਦੇ ਸਾਰ ਇਕ ਐਸ.ਡੀ.ਉ. ਨੂੰ ਸਸਪੈਂਡ ਕਰਕੇ ਦੱਸ ਦਿੱਤੈ ਕਿ ਸਰਕਾਰ ਕਿੰਜ ਚੱਲਣੀ ਚਾਹੀਦੀ ਐ ਅਤੇ ਸਰਕਾਰ ਕਿੰਜ ਚੱਲੇਗੀ।

ਉਂਜ ‘ਡਿਸਮਿਸਡ’ ਅਤੇ ‘ਸਸਪੈਂਡਿਡ’ ਦੇ ਸਪੈÇਲੰਗ ਤਾਂ ਬਹੁਤੇ ਔਖੇ ਨਹੀਂ ਹੁੰਦੇ ਪਰ ਇਹ ਲਿਖ਼ਣ ਲਈ ਉੱਚੇ ਅਹੁਦਿਆਂ ’ਤੇ ਬੈਠੇ ਹੋਣ ਦੇ ਬਾਵਜੂਦ ਜਿਗਰਾ ਚਾਹੀਦੈ ’ਤੇ ਕਲਮ ਵਿਚ ਤਾਕਤ। ਮੈਂ ਇਹ ਨਹੀਂ ਕਹਿ ਰਿਹਾ ਅਰੁਣਾ ਚੌਧਰੀ ਜੀ, ਕਿ ਤੁਹਾਡੇ ਕੋਲ ਇਨ੍ਹਾਂ ਦੋਨਾਂ ਵਿਚੋਂ ਕੁਝ ਨਹੀਂ ਹੈ ਪਰ ਜੇ ਅਜੇ ਆਪਣੀ ਕਲਮ ਰਵਾਂ ਨਹੀਂ ਹੋਈ ਤਾਂ, ਤਾਂ ਆਪਣੇ ਮੰਤਰੀ ਸਾਥੀ ਨਵਜੋਤ ਸਿੱਧੂ ਹੋਰਾਂ ਤੋਂ ਦੱਸਾਂ ਮਿੰਟਾਂ ਲਈ ਫ਼ੜੋ ਕਲਮ ’ਤੇ ਇਕ ਵੇਰਾਂ ਚਲਾ ਕੇ ਵੇਖੋ। ਮੰਤਰੀਆਂ ਦੀਆਂ ਕਲਮਾਂ ਬਣੀਆਂ ਹੀ ਇਨਸਾਫ਼ ਲਈ ਹੁੰਦੀਆਂ ਨੇ, ਉਂਜ ਕਈ ਵਾਰ ਇਹ ਹੋਰ ਬੜੇ ਕੰਮ ਦੇ ਜਾਂਦੀਆਂ ਨੇ।

ਮੰਤਰੀ ਸਾਹਿਬਾ, ਇਹ ਮੈਂ ਨਹੀਂ ਜੇ ਕਹਿ ਰਿਹਾ, ਲੋਕ ਪੁੱਛ ਰਹੇ ਨੇ, ਕਿ ਸਰਕਾਰ ਚੁੱਪ ਕਿਉਂ ਹੈ, ਸਿੱਖਿਆ ਮੰਤਰੀ ਦੀ ਚੁੱਪੀ ਦੇ ਅਰਥ ਕੀ ਨੇ। ਹੋ ਸਕਦੈ ਅਰੋੜਾ ਸਾਹਿਬ ਦੇ ਖੈਰਖ਼ਵਾਹ ਕੋਈ ਵੱਡੇ ਹੋਣ ਜਿਹੜਾ ਤੁਹਾਨੂੰ ਨਾ ਤਾਂ ਇਸ ਕਿੱਸੇ ਦਾ ਨੋਟਿਸ ਲੈਣ ਦਾ ਵਿਹਲ ਮਿਲਿਆ ਹੈ ਅਤੇ ਨਾ ਹੀ ਕਿਸੇ ਕਾਰਵਾਈ ਕਰਨ ਦਾ।

ਕਾਰਵਾਈ ਨਾ ਹੋਣਾ ਮੇਰੇ ਲਈ ਹੋਰ ਵੀ ਹੈਰਾਨੀਜਨਕ ਇਸ ਲਈ ਹੈ ਕਿਉਂਕਿ ਤੁਸੀਂ ਇਕ ਔਰਤ ਮੰਤਰੀ ਹੋ ਅਤੇ ਤੁਹਾਡੇ ਮਹਿਕਮੇ ਦਾ ਇਕ ਵਿਅਕਤੀ ਬੱਚਿਆਂ ਪ੍ਰਤੀ ਸਾਜ਼ਿਸ਼ੀ ਰਵੱਈਆ ਅਪਨਾ ਰਿਹਾ ਹੈ, ਮਾਪਿਆਂ ਤੇ ਬੱਚਿਆਂ ਨੂੰ ਗਾਲੀ ਗਲੋਚ ਕਰ ਰਿਹਾ ਹੈ। ਮੇਰਾ ਮੰਨਣਾ ਹੈ ਕਿ ਔਰਤਾਂ ਨੂੰ ਤਾਂ ਗਾਲੀ ਗਲੋਚ ਵਾਲੇ ਅਧਿਕਾਰੀਆਂ ਤੋਂ ਜ਼ਿਆਦਾ ਤਕਲੀਫ਼ ਹੁੰਦੀ ਹੈ, ਇਸ ਮਾਮਲੇ ਵਿਚ ਉਹ ਗੱਲ ਵੀ ਸਾਹਮਣੇ ਨਹੀਂ ਆਈ।

ਸਰਕਾਰਾਂ ਦੇ ਅਕਸ ਜੇ ਜਲੰਧਰ ਦੇ ਰੈਣਕ ਬਜ਼ਾਰ ਜਾਂ ਲੁਧਿਆਣੇ ਦੇ ਚੌੜਾ ਬਜ਼ਾਰ ਵਿਚੋਂ ਮਿਲਦੇ ਹੁੰਦੇ ਤਾਂ ਕਦੇ ਕੋਈ ਸਰਕਾਰ ਫ਼ੇਲ੍ਹ ਨਾ ਹੁੰਦੀ। ਸਰਕਾਰਾਂ ਦੇ ਅਕਸ ਆਪਣੇ ਕੰਮ ਕਾਜ ਨਾਲ ਬਨਾਉਣੇ ਪੈਂਦੇ ਨੇ। ਲੋਕਾਂ ਦਾ ਵਿਸ਼ਵਾਸ ਜਿੱਤਣਾ ਪੈਂਦਾ ਹੈ। ਮੰਤਰੀ ਸਾਹਿਬਾ ਲੋਕਾਂ ਦੀਆਂ ਭੋਲੀਆਂ ਸੂਰਤਾਂ ਤੇ ਨਾ ਜਾਇਉ, ਵੇਖਣ ਵਿਚ ਹੀ ਭੋਲੇ ਭਾਲੇ ਲਗਦੇ ਨੇ, ਉਂਜ ਮੈਨੂੰ ਪੁੱਛੋ ਤਾਂ ‘ਯੇ ਜੋ ਪਬਲਿਕ ਹੈ, ਯੇ ਸਬ ਜਾਨਤੀ ਹੈ।’

ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ।

ਭੁੱਲਾਂ ਚੁੱਕਾਂ ਦੀ ਖ਼ਿਮਾ।

ਐੱਚ.ਐੱਸ.ਬਾਵਾ

ਸੰਪਾਦਕ ਯੈੱਸ ਪੰਜਾਬ ਡਾਟ ਕਾਮ

HS Bawa can be reached at [email protected]

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...