ਯੈੱਸ ਪੰਜਾਬ
ਜਲੰਧਰ, 18 ਅਕਤੂਬਰ, 2021 –
ਆਬਕਾਰੀ ਵਿਭਾਗ ਵੱਲੋਂ ਇਕ ਵਿਸ਼ੇਸ਼ ਅਚਨਚੇਤ ਚੈਕਿੰਗ ਦੌਰਾਨ ਐਸ.ਬੀ.ਐਸ. ਨਗਰ ਅਧਾਰਿਤ ਸ਼ਰਾਬ ਦੇ ਠੇਕੇਦਾਰ ਦੀ ਇਕ ਦੁਕਾਨ ਵਿੱਚੋਂ ਅਜਿਹੀ ਸ਼ਰਾਬ, ਜਿਸ ‘ਤੇ ਆਬਕਾਰੀ ਡਿਊਟੀ ਅਦਾ ਨਹੀਂ ਕੀਤੀ ਗਈ, ਬਰਾਮਦ ਹੋਣ ਉਪਰੰਤ ਉਸ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਗਈ ਹੈ।
ਡਵੀਜ਼ਨਲ ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ (ਡੀ.ਈ.ਟੀ.ਸੀ.) ਸ੍ਰੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਪੰਜਾਬ ਸ੍ਰੀ ਰਜਤ ਅਗਰਵਾਲ ਦੇ ਨਿਰਦੇਸ਼ਾਂ ‘ਤੇ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ‘ਤੇ ਚੈਕਿੰਗ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਿਰੀਖਣ ਟੀਮਾਂ ਵੱਲੋਂ ਚੀਵਾਸ ਰੀਗਲ ਅਤੇ ਬੈਲੇਨਟਾਈਨ ਸਮੇਤ 17 ਬੋਤਲਾਂ ਸ਼ਰਾਬ ਸ਼ਰਾਬ ਬਰਾਮਦ ਕੀਤੀ ਗਈ, ਜਿਸ ‘ਤੇ ਆਬਕਾਰੀ ਡਿਊਟੀ ਅਦਾ ਨਹੀਂ ਕੀਤੀ ਗਈ, ਜਿਸ ਨਾਲ ਟੈਕਸ ਚੋਰੀ ਦਾ ਖੁਲਾਸਾ ਹੋਇਆ। ਡੀ.ਈ.ਟੀ.ਸੀ. ਨੇ ਅੱਗੇ ਦੱਸਿਆ ਕਿ ਇਹ ਠੇਕੇ ਸੋਹਣ ਸਿੰਘ ਉੱਪਲ ਅਤੇ ਐਸੋਸੀਏਟਸ ਲਾਇਸੈਂਸਧਾਰਕ ਵੱਲੋਂ ਚਲਾਏ ਜਾ ਰਹੇ ਹਨ।
ਡੀ.ਈ.ਟੀ.ਸੀ. ਨੇ ਕਿਹਾ ਕਿ ਆਯਾਤ ਕੀਤੇ ਬ੍ਰਾਂਡਾਂ ਦੀਆਂ ਬਰਾਮਦ ਕੀਤੀਆਂ ਬੋਤਲਾਂ ਨੂੰ ਟੈਸਟਿੰਗ ਲਈ ਭੇਜਿਆ ਗਿਆ ਹੈ ਤਾਂ ਜੋ ਇਸ ਦੇ ਅਸਲੀ ਹੋਣ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਵੱਲੋਂ ਲਾਇਸੈਂਸਧਾਰਕ ਵਿਰੁੱਧ ਪੰਜਾਬ ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪੁਲਿਸ ਵਿਭਾਗ ਵੱਲੋਂ ਮੁਲਜ਼ਮਾਂ ਖਿਲਾਫ਼ ਆਈਪੀਸੀ ਅਤੇ ਆਬਕਾਰੀ ਐਕਟ ਦੀਆਂ ਵੱਖ -ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ