Saturday, April 27, 2024

ਵਾਹਿਗੁਰੂ

spot_img
spot_img

ਕੀ ਇਨ੍ਹਾਂ ਨਫ਼ਰਤ ਦੇ ਵਣਜਾਰਿਆਂ ਖਿਲਾਫ਼ ਬਣਦੀ ਹੈ ਐਫ.ਆਈ.ਆਰ.?- ਐੱਚ.ਐੱਸ.ਬਾਵਾ ਦੀ ਡੀ.ਜੀ.ਪੀ. ਨੂੰ ਚਿੱਠੀ

- Advertisement -

ਮਾਨਯੋਗ ਸ੍ਰੀ ਦਿਨਕਰ ਗੁਪਤਾ ਜੀ,
ਡੀ.ਜੀ.ਪੀ. ਪੰਜਾਬ,
ਚੰਡੀਗੜ੍ਹ।

ਵਿਸ਼ਾ: ਹਜ਼ੂਰ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂਆਂ ਦੇ ਖਿਲਾਫ਼ ਜ਼ਹਿਰੀਲਾ ਪਰਚਾਰ ਕਰਨ ਵਾਲੇ ਨਫ਼ਰਤ ਦੇ ਵਣਜਾਰਿਆਂ ਖਿਲਾਫ਼ ਪਰਚੇ ਦਰਜ ਕਰਨ ਦੀ ਸੰਭਾਵਨਾ ਤਲਾਸ਼ਣ ਸੰਬੰਧੀ।

ਸਤਿਕਾਰਯੋਗ ਗੁਪਤਾ ਜੀ,
ਸਤਿ ਸ੍ਰੀ ਅਕਾਲ।

ਕੁਦਰਤ ਦੀ ਆਫ਼ਤ ਬਣ ਕੇ ਪੰਜਾਬ ਸਣੇ ਸਮੁੱਚੇ ਵਿਸ਼ਵ ਦੀਆਂ ਬਰੂਹਾਂ ’ਤੇ ਆ ਢੁੱਕੀ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਆਪੋ ਆਪਣੀ ਭੂਮਿਕਾ ਅਦਾ ਕਰ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਦਾ ਸੇਵਾ ਕਰਨ ਵਾਲਾ ਮਨੁੱਖੀ ਚਿਹਰਾ ਵੀ ਸਾਡੇ ਸਾਹਮਣੇ ਆਇਆ ਹੈ। ਦੁਆ ਕਰਾਂਗਾ ਕਿ ਇਹ ਚਿਹਰਾ ਚਿਰਸਦੀਵੀ ਹੋਵੇ।

ਤੁਹਾਨੂੰ ਲਿਖ਼ੀ ਆਪਣੀ ਪਹਿਲੀ ਚਿੱਠੀ ਵਿਚ ਮੈਂ ਮੁੱਦੇ ਤੋਂ ਭਟਕਣਾ ਨਹੀਂ ਚਾਹੁੰਦਾ। ਸਮਾਂ ਆਪ ਕੋਲ ਵੀ ਬੜਾ ਘੱਟ ਹੈ, ਇਨ੍ਹਾਂ ਕਠਿਨ ਹਾਲਾਤ ਵਿਚ ਆਪ ਨੇ ਸਾਰਾ ਸੂਬਾ ਸਾਂਭਣਾ ਹੈ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ‘ਲਾਕਡਾਊਨ’ ਦੇ ਐਲਾਨ ਅਤੇ ਇਸ ‘ਲਾਕਡਾਊਨ’ ਦੇ ਲਾਗੂ ਹੋਣ ਵਿਚ ਚੰਦ ਘੰਟਿਆਂ ਦਾ ਸਮਾਂ ਦਿੱਤੇ ਜਾਣ ਕਾਰਨ ਜੋ ਜਿੱਥੇ ਸੀ, ਰੁਕ ਗਿਆ। ਚੰਗਾ ਹੁੰਦਾ ਜੇ ‘ਨੋਟਬੰਦੀ’ ਦੇ ਐਲਾਨ ਅਤੇ ‘ਲਾਕਡਾਊਨ’ ਦੇ ਐਲਾਨ ਵਿਚਲੇ ਫ਼ਰਕ ਨੂੰ ਸਮਝ ਵਿਚਾਰ ਲਿਆ ਗਿਆ ਹੁੰਦਾ ਅਤੇ ਲੋਕਾਂ ਨੂੂੰ ਆਪੋ ਆਪਣੇ ਘਰੀਂ ਪੁੱਜਣ ਲਈ ਦਿਹਾੜੀ-ਦੋ ਦਾ ਸਮਾਂ ਦਿੱਤਾ ਜਾਂਦਾ ਪਰ ਕੇਂਦਰ ਦਾ ਫ਼ੈਸਲਾ ਲੋਕਾਂ ਸਿਰ ਮੱਥੇ ਮੰਨ ਲਿਆ।

ਇਹ ਫ਼ੈਸਲਾ ਸਿਰ ਮੱਥੇ ਮੰਨਣ ਵਾਲੇ ਦੇਸ਼ ਦੇ ਅਨੁਸ਼ਾਸਿਤ ਨਾਗਰਿਕਾਂ ਵਿਚ 3 ਹਜ਼ਾਰ ਦੇ ਲਗਪਗ ਉਹ ਲੋਕ ਵੀ ਸ਼ਾਮਿਲ ਸਨ ਜਿਹੜੇ ਪੰਜਾਬ ਤੋਂ ਆਪਣੇ ਗੁਰੂ ਦੇ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਮਹਾਰਾਸ਼ਟਰ ਵਿਚ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਗਏ ਹੋਏ ਸਨ। ‘ਲਾਕਡਾਊਨ’ ਹੋ ਗਿਆ ਤਾਂ ਦੇਸ਼ ਭਰ ਵਿਚ ਵੱਖ ਵੱਖ ਥਾਈਂ ‘ਫ਼ਸ ਗਏ’ ਲੋਕਾਂ ਵਾਂਗ ਇਹ ਵੀ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੀ ਚਾਰਦੀਵਾਰੀ ਵਿਚ ਰਹਿ ਗਏ ਅਤੇ ਇਨ੍ਹਾਂ ਨੂੰ ਉੱਥੇ ਟਿਕਣਾ ਪਿਆ।

ਹੁਣ ਇਹ ਲੋਕ ਪੰਜਾਬ ਵਿਚ ਵਾਪਸ ਆਏ ਹਨ ਤਾਂ ਸਾਡੇ ਹੀ ਪੇਸ਼ੇ ਦੇ ਕੁਝ ਗੈਰ-ਜ਼ਿੰਮੇਵਾਰ ਸਾਥੀ ਜਿਹੜੇ ਮੁੱਦਿਆਂ ਨੂੰ ਸਮਝਣ ਵਿਚ ਘੱਟ ਅਤੇ ਵਿਸ ਘੋਲਣ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਪਿਛਲੇ ਕਈ ਦਿਨਾਂ ਤੋਂ ਤਵੇ ’ਤੇ ਸੂਈ ਟਿਕਾਈ ਬੈਠੇ ਹਨ ਕਿ ਇਨ੍ਹਾਂ ਸ਼ਰਧਾਲੂਆਂ ਦੀ ਪੰਜਾਬ ਆਮਦ ਨਾਲ ਪੰਜਾਬ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਇਨ੍ਹਾਂ ਦੇ ਆਉਣ ਤੋਂ ਬਾਅਦ ਪੰਜਾਬ ਮੌਤ ਦੇ ਮੁਹਾਣੇ ਆ ਖੜ੍ਹਾ ਹੋਇਆ ਹੈ, ਕਿ ਇਨ੍ਹਾਂ ਦੇ ਆਉਣ ਨਾਲ ਹੁਣ ਤਕ ਕਰਫ਼ਿਊ ਹੰਡਾ ਰਹੇ ਲੋਕਾਂ ਦੀ ਮੁਸ਼ਕਿਲ ਵਧ ਗਈ ਹੈ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵਿੱਚਰਦੇ ਕੁਝ ਛੁਲਛੁਲੇ, ਜਿਹੜੇ ਮੁੱਦੇ ਨੂੂੰ ਸਮਝਣ ਤੋਂ ਪਹਿਲਾਂ ਕੁਮੈਂਟ ਕਰਨ ਵਿਚ ਵਿਸ਼ਵਾਸ ਰੱਖਦੇ ਹਨ, ਵੀ ਇਸ ਨੂੰ ਹਵਾ ਦੇ ਰਹੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਇਕ ਵੱਡੀ ਗਿਣਤੀ ਪੰਜਾਬ ਵਿਚ ਆ ਕੇ ‘ਪਾਜ਼ਿਟਿਵ’ ਪਾਈ ਗਈ ਹੈ ਜਿਸ ਨਾਲ ਪੰਜਾਬ ਵਿਚ ਇਸ ਮਹਾਮਾਰੀ ਦਾ ਅਸਰ ਵਧਿਆ ਹੈ। 40 ਦਿਨ ਦਾ ਪ੍ਰਵਾਸ ਕੱਟ ਕੇ ਪੰਜਾਬ ਪਰਤੇੇ ਇਨ੍ਹਾਂ ਲੋਕਾਂ ਨੂੰ ਭੰਡਣ ਦੇ ਰਾਹੇ ਪੈ ਕੇ ਪੂਰੀ ਕੌਮ ਨੂੰ ਨਿਸ਼ਾਨਾ ਬਣਾਉਣ ਦਾ ਵਰਤਾਰਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਡੀ.ਜੀ.ਪੀ.ਸਾਹਿਬ ਕੋਰੋਨਾ ਇਕ ਬੜਾ ‘ਸੈਕੂਲਰ’ ਵਾਇਰਸ ਮੰਨਿਆ ਜਾ ਰਿਹੈ। ਇਹ ਕਿਸੇ ਧਰਮ, ਜਾਤ, ਵਰਗ, ਫ਼ਿਰਕੇ ਵਿਚ ਫ਼ਰਕ ਨਹੀਂ ਕਰ ਰਿਹਾ। ਅਮੀਰਾਂ, ਗਰੀਬਾਂ, ਰਾਜਿਆਂ, ਰਾਣਿਆਂ, ਹਮਾਤੜਾ ਤੇ ਰੰਕਾਂ ਨੂੰ ਇਕ ਨਜ਼ਰ ਨਾਲ ਵੇਖ਼ ਰਿਹਾ ਹੈ। ਇਹ ਆਪਣੇ ਸੂਬੇ ਵਿਚ ਹੀ ਨਹੀਂ ਪੂਰੇ ਵਿਸ਼ਵ ਵਿਚ ਆਦਮ ਬੋਅ ਆਦਮ ਬੋਅ ਕਰਦਾ ਤੁਰਿਆ ਫ਼ਿਰਦਾ ਹੈ।


ਇਸ ਨੂੰ ਵੀ ਪੜ੍ਹੋ:
ਪੰਜਾਬ ਵਿਚ ਅੱਜ ਕਿੰਨੇ ਪਾਜ਼ਿਟਿਵ? ਜਿੰਨੀਆਂ ਅਖ਼ਬਾਰਾਂ ਉਨੇ ਮੂੰਹ!


ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਦ ਬੂਹੇ ਮੌਤ ਆ ਖ਼ਲੋਤੀ ਹੈ ਅਤੇ ਪਤਾ ਨਹੀਂ ਕਰੋਨਾ ਤੋਂ ਬਾਅਦ ਕਿਸ ਨੇ ਰਹਿ ਜਾਣਾ ਹੈ ਤੇ ਕਿਸ ਨੇ ਤੁਰ ਜਾਣਾ ਹੈ, ਉਸ ਵੇਲੇ ਵੀ ਕੁਝ ਲੋਕ ਰੱਬ ਰੱਬ ਕਰਨ ਦੀ ਬਜਾਏ ਧਰਮਾਂ, ਜਾਤਾਂ ਦੇ ਆਧਾਰ ’ਤੇ ਵੰਡੀਆਂ ਪਾਉਣ ਵਾਲੀ ਸੋਚ ਨੂੰ ਹੀ ਪੱਠੇ ਪਾਈ ਤੁਰੇ ਆਉਂਦੇ ਹਨ, ਉਨ੍ਹਾਂ ਦੀ ‘ਨੈਗੇਟਿਵ’ ਏਜੰਡਿਆਂ ’ਤੇ ਪਕੜ ਹੀ ਸ਼ਾਇਦ ਇੰਨੀ ਮਜ਼ਬੂਤ ਹੋ ਗਈ ਹੈ, ਉਨ੍ਹਾਂ ਦੀ ਤਬੀਅਤ ਵਿਚ ਇਸ ਤਰ੍ਹਾਂ ਰਚ ਗਈ ਹੈ ਕਿ ਜੇ ਹੁਣ ਉਹ ਚਾਹੁਣ ਵੀ ਤਾਂ ਇਸ ਵਿਚੋਂ ਬਾਹਰ ਨਹੀਂ ਨਿਕਲ ਸਕਦੇ।

ਮੇਰੀ ਇਨ੍ਹਾਂ ਲੋਕਾਂ ਪ੍ਰਤੀ ਕੋਈ ਨਫ਼ਰਤ ਨਹੀਂ। ਸ਼ਾਇਦ ਇਹ ਲੋਕ ਅਜੇ ਇਹ ਸਮਝ ਨਹੀਂ ਸਕੇ ਕਿ ਪਤਾ ਨਹੀਂ ਕੋਰੋਨਾ ਨੇ ਕਿਧਰ ਨੂੰ ਮੂੰਹ ਕਰ ਲੈਣਾ ਹੈ ਅਤੇ ਕਿਹਦੇ ਘਰ ਜਾ ਵੜਣਾ ਹੈ। ਫ਼ਿਰ ਵੀ ਇਨ੍ਹਾਂ ਲੋਕਾਂ ਨੇ ਗੁਰੂ ਘਰ ਦਰਸ਼ਨ ਕਰਨ ਗਏ ਅਤੇ ‘ਲਾਕਡਾਊਨ’ ਦੌਰਾਨ ਘਰਾਂ ਤੋਂ ਲੰਬਾ ਸਮਾਂ ਦੂਰ ਰਹਿ ਗਏ ਲੋਕਾਂ ਪ੍ਰਤੀ ਸੰਵੇਦਨਾਵਾਂ ਤਾਂ ਕੀ ਵਿਖ਼ਾਉਣੀਆਂ ਸਨ, ਉਨ੍ਹਾਂ ਪ੍ਰਤੀ ਨਫ਼ਰਤੀ ਜ਼ਹਿਰ ਉਗਲਿਆ ਜਿਸਨੂੰ ਅੰਗਰੇਜ਼ੀ ਵਾਲੇ ‘ਹੇਟ ¬ਕ੍ਰਾਈਮ’ ਕਹਿ ਲੈਂਦੇ ਹਨ। ਇੱਦਾਂ ਹੀ ਕੌਮਾਂ ਪ੍ਰਤੀ ਨਫ਼ਰਤ ਫ਼ੈਲਾਉਣ ਵਾਲਿਆਂ ਖਿਲਾਫ਼ ਦੇਸ਼ ਅੰਦਰ ‘ਦੇਸ਼ਧ੍ਰੋਹ’ ਦੇ ਮੁਕੱਦਮੇ ਜਿਸਨੂੰ ਅੰਗਰੇਜ਼ੀ ਵਿਚ ‘ਸਿਡੀਸ਼ਨ’ ਕਹਿ ਲੈਂਦੇ ਹਾਂ, ਦਰਜ ਹੋਏ ਹਨ।

ਉਂਜ ਮੈਨੂੰ ਇਨ੍ਹਾਂ ਲੋਕਾਂ ’ਤੇ ਗੁੱਸਾ ਘੱਟ ’ਤੇ ਤਰਸ ਜ਼ਿਆਦਾ ਆਇਆ ਹੈ, ਕਿਉਂਕਿ ਇਨ੍ਹਾਂ ਵਿਚੋਂ ਵਧੇਰਿਆਂ ਦੇ ਪੱਲੇ ਤਾਂ ਕੋਈ ਦਲੀਲ ਵੀ ਨਹੀਂ। ਕੋਈ ਪੁੱਛ ਸਕਦੈ ਕਿ ਉਹ ਕਿਵੇਂ। ਡੀ.ਜੀ.ਪੀ. ਸਾਹਿਬ ਮੈਂ ਉਹ ਤੁਹਾਡੇ ਧਿਆਨ ਵਿਚ ਲਿਆਉਣ ਲਈ ਹੇਠਾਂ ਦਰਜ ਕਰ ਰਿਹਾ ਹਾਂ।

ਪਹਿਲੀ ਗੱਲ ਇਹ ਹੈ ਕਿ ਇਹ ਆਮ ਲੋਕ ਹਨ, ਆਸਥਾ ਵਾਲੇ ਲੋਕ ਹਨ। ਇਨ੍ਹਾਂ ਵਿਚ ਕੋਈ ਅਪਰਾਧਕ ਰਿਕਾਰਡ ਵਾਲੇ, ਸਮੱਗਲਰ, ਬਦਮਾਸ਼, ਗੈਂਗਸਟਰ ਜਾਂ ਦੇਸ਼ਧ੍ਰੋਹੀ ਸ਼ਾਮਿਲ ਨਹੀਂ ਸਨ। ਇਹ ਤਾਂ ਉਹ ਸਨ ਜਿਹੜੇ ਆਪਣੇ ਗੁਰੂ ਪ੍ਰਤੀ ਆਸਥਾ ਦੇ ਚੱਲਦਿਆਂ ‘ਵਾਹਿਗੁਰੂ ਵਾਹਿਗੁਰੂ’ ਕਰਦੇ ਗੱਡੀਆਂ ਵਿਚ ਚੜ੍ਹੇ ਅਤੇ ਉੱਥੇ ਦਰਸ਼ਨਾਂ ਉਪਰੰਤ ‘ਵਾਹਿਗੁਰੂ ਵਾਹਿਗੁਰੂ’ ਕਰਦਿਆਂ ਵਾਪਸ ਆਉਣ ਦੀ ਸੋਚ ਲੈ ਕੇ ਗਏ ਸਨ।

ਦੂਜੀ ਗੱਲ ਇਹ ਹੈ ਕਿ ਇਹ ਲੋਕ ਕਾਨੂੰਨ ਤੋਂ ਕਦੇ ਵੀ ਬਾਹਰੇ ਨਹੀਂ ਹੋਏ। ਇਹ ਉੱੇਥੇ ਗਏ ਹੋਏ ਸਨ ਅਤੇ ਜਦ ਪ੍ਰਧਾਨ ਮੰਤਰੀ ਹੁਰਾਂ ਨੇ ‘ਲਾਕਡਾਊਨ’ ਦਾ ਐਲਾਨ ਕਰ ਦਿੱਤਾ ਤਾਂ ਉੱਥੇ ਹੀ ਟਿਕ ਗਏ ਅਤੇ ਅਨੁਸ਼ਾਸ਼ਨ ਵਿਚ ਰਹੇ, ਚੰਗੇ ਸ਼ਹਿਰੀਆਂ ਵਾਂਗ ਰਹੇ।

ਤੀਜਾ ਇਨ੍ਹਾਂ ਦੀ ਵਾਪਸੀ ਦੀ ਗੱਲ ਉੱਠਣੀ ਸੁਭਾਵਿਕ ਸੀ ਕਿਉਂਕਿ ਉੱਥੇ ਇਹ ਤੰਗ ਸਨ ਤਾਂ ਮਗਰੋਂ ਪਰਿਵਾਰ ਤੰਗ ਸਨ। ਇਹ ਆਪ ਮੁਹਾਰੇ, ਧੱਕੇ ਨਾਲ, ਚੋਰੀ ਚੋਰੀ ਨਹੀਂ ਆਏ। ਇਨ੍ਹਾਂ ਨੂੰ ਵਾਪਸ ਬੁਲਾਉਣ ਦੀ ਮੰਗ ਉੱਠੀ ਤਾਂ ਉਹ ਮੰਗ ਕੋਈ ਗ਼ਲਤ ਨਹੀਂ ਸੀ।

ਕੈਪਟਨ ਅਮਰਿੰਦਰ ਸਿੰਘ ਹੁਰਾਂ ਦੀ ਅਗਵਾਈ ਵਾਲੀ ਸਰਕਰ ਨੇ ਕੋਸ਼ਿਸ਼ ਕੀਤੀ, ਦਾਅਵਾ ਹੈ ਕਿ ਕੋਸ਼ਿਸ਼ ਅਕਾਲੀ ਦਲ ਨੇ ਵੀ ਕੀਤੀ। ਇਹ ਕੋਸ਼ਿਸ਼ ਕਿਸੇ ਕੀਤੀ ਹੋਵੇ ਸੱਚ ਤਾਂ ਇ ਹੈ ਕਿ ਇਹ ਲੋਕ 40 ਦਿਨ ਸਲੀਕੇ ਨਾਲ ਉੱਥੇ ਰਹੇ ਅਤੇ ਫ਼ਿਰ ਤਿੰਨ ਸਰਕਾਰਾਂ – ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ ਅਤੇ ਪੰਜਾਬ ਸਰਕਾਰ – ਦੀ ਸਹਿਮਤੀ, ਇਨ੍ਹਾਂ ਤਿੰਨਾਂ ਦੀ ਮਨਜ਼ੂਰੀ ਅਤੇ ਇਨ੍ਹਾਂ ਤਿੰਨਾਂ ਵੱਲੋਂ ਉਲੀਕੇ ਗਏ ‘ਪਲੈਨ’ ਤਹਿਤ ਹੀ ਪੰਜਾਬ ਵਾਪਸ ਲਿਆਂਦੇ ਗਏ।

‘ਹਜ਼ੂਰ ਸਾਹਿਬ ਵਾਲੇ ਸ਼ਰਧਾਲੂਆਂ ਤੋਂ ਖ਼ਤਰਾ’ ਦੀ ਡੋਂਡੀ ਪਿੱਟ ਰਹੇ ਅਤੇ ਉਨ੍ਹਾਂ ਦੀ ਪਿੱਠ ਥਾਪੜ ਰਹੇ ਲੋਕ ਕੀ ਇਹ ਦੱਸਣਗੇ ਕਿ ਜੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵਿਅਕਤੀ ਬਾਹਰ ਕਿਤੇ ਗਿਆ ਹੁੰਦਾ ਤਾਂ ਕੀ ਉਹ ਉਸ ਉੱਤੇ ਪੰਜਾਬ ਦਾਖ਼ਲ ਹੋਣ ਦੀ ਪਾਬੰਦੀ ਲਗਵਾ ਲੈਂਦੇ ਜਾਂ ਫ਼ਿਰ ਕੋਈ ਹੋਰ ਲਾਉਂਦਾ ਤਾਂ ਸਵੀਕਾਰ ਕਰ ਲੈਂਦੇ।

ਕੋਟਾ ਤੋਂ ਜਿਹੜੇ ਲੋਕ ਆਏ ਹਨ, ਉਨ੍ਹਾਂ ਵਿਚੋਂ ਵੀ ਪਾਜ਼ਿਟਿਵ ਆਏ ਹਨ, ਉਨ੍ਹਾਂ ਨੂੰ ਕੀ ਮੰਦਾ ਚੰਗਾ ਬੋਲੀਏ, ਉਨ੍ਹਾਂ ਨੂੰ ਕੀ ਕੋਟਾ ਵਾਪਸ ਘੱਲ ਦਈਏ? ਇਹ ਆਪਣੇ ਪੰਜਾਬ ਦੇ ਲੋਕ ਹਨ, ਕਾਨੂੰਨ ਅਨੁਸਾਰ, ਸਰਕਾਰੀ ਅਦੇਸ਼ਾਂ ਅਨੁਸਾਰ, ਨਿਯਮਾਂ ਕਾਇਦਿਆਂ ਦੇ ਅੰਦਰ ਰਹਿ ਕੇ, ਇਹ ਲੋਕ ਪੰਜਾਬ ਵਾਪਸ ਆਏ ਪਰ ਹੁਣ ਕੁਝ ਲੋਕਾਂ ਨੇ ਇਨ੍ਹਾਂ ਦੇ ਜ਼ਰੀਏ ਇਕ ਕੌਮ ਨੂੰ ਨਿਸ਼ਾਨਾ ਬਨਾਉਣ ਦਾ ਲੱਕ ਬੰਨ੍ਹ ਲਿਆ ਹੈ।

ਇਕ ਸਵਾਲ ਇਹ ਵੀ ਹੈ ਕਿ ਪੰਜਾਬ ਦੇ ਜੋ ਲੋਕ ਬਾਹਰ ਗਏ ਹਨ, ਕੀ ਉਨ੍ਹਾਂ ਨੂੰ ਹੁਣ ਪੰਜਾਬ ਵੜਣ ਨਹੀਂ ਦੇਣਾ ਚਾਹੀਦਾ? ਜ਼ਹਿਰ ਉਗਲਣ ਵਾਲੇ ਵੀ ਇਹ ਜਾਣਦੇ ਹਨ ਕਿ ਕਿਵੇਂ ਅਮਰੀਕਾ, ਕਨੇਡਾ, ਬਰਤਾਨੀਆ ਸਣੇ ਹੋਰ ਦੇਸ਼ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿਚ ਵੀ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲੈ ਜਾ ਰਹੇ ਹਨ ਅਤੇ ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਵਿਚ ਵਧੇਰੇ ਨਾਗਰਿਕ ਉਹ ਹਨ ਜਿਹੜੇ ਉਨ੍ਹਾਂ ਮੁਲਕਾਂ ਦੇ ਮੂਲ ਨਿਵਾਸੀ ਨਹੀਂ, ਸਗੋਂ ਭਾਰਤੀ ਮੂਲ ਦੇ ਹਨ। ਇਹ ਹੁੰਦੀ ਹੈ ਇਨਸਾਨੀਅਤ, ਕਿ ਜੋ ਸਾਡਾ ਹੈ, ਉਹ ਸਾਡਾ ਹੈ, ਸਾਡਾ ਆਪਣਾ ਹੈ, ਹਾਲਾਤ ਕਿਵੇਂ ਦੇ ਵੀ ਹੋਣ ਉਹ ਆਪਣਾ ਹੈ, ਉਹਦੇ ਨਾਲ ਖੜ੍ਹਾਂਗੇ।

ਇਹ ਪਤਾ ਨਹੀਂ ਕਿਹੜੀ ਨਵੀਂ ਸੋਚ ਵਾਲੇ, ਨਿਰਮੋਹੇ ਅਤੇ ਸਫ਼ੈਦ ਖ਼ੂਨ ਵਾਲੇ ਲੋਕ ਹਨ ਜਿਹੜੇ ਹਜ਼ੂਰ ਸਾਹਿਬ ਤੋਂ ਆਏ ਲੋਕਾਂ ਨੂੰ ਇੰਜ ਭੰਡ ਰਹੇ ਹਨ ਜਿਵੇਂ ਇਨ੍ਹਾਂ ਦੇ ਹੱਥ ਕੋਈ ਮਨੁੱਖੀ ਬੰਬਾਂ ਦੀ ਖ਼ਬਰ ਜਾਂ ਕੇਸ ਆ ਗਿਆ ਹੋਵੇ।

ਸਤਿਕਾਰਯੋਗ ਡੀ.ਜੀ.ਪੀ. ਸਾਹਿਬ, ਜਦੋਂ ਮਨਾਂ ਵਿਚ ਵਿਸ ਹੀ ਘੋਲੀ ਜਾਈਏ ਤਾਂ ਦਿਮਾਗ ਵਿਚ ਸਾਰੀ ਥਾਂ ਵਿਸ ਮੱਲ ਲੈਂਦਾ ਹੈ, ਤਰਕ ਜੋਗੀ ਥਾਂ ਨਹੀਂ ਰਹਿੰਦੀ। ਇਨ੍ਹਾਂ ਲੋਕਾਂ ਕੋਲ ਸ਼ਾਇਦ ਇਹ ਤਰਕ ਖ਼ਤਮ ਹੋ ਗਿਆ, ਜਿਹੜਾ ਕਿਸੇ ਅਲਜਬਰੇ ਦਾ ਸਵਾਲ, ਜਾਂ ‘ਗੂਗਲ’ ਦੀ ‘ਐਲਗੌਰਿਦਮ’ ਜਿੰਨਾ ਔਖ਼ਾ ਨਹੀਂ, ਕਿ ਜੇ ਹਜ਼ੂਰ ਸਾਹਿਬ ਜਾਂ ਹੋਰ ਕਿਤੋਂ ਬਾਹਰੋਂ ਪੰਜਾਬ ਦੇ ਲੋਕ ਆਪਣੇ ਘਰਾਂ ਨੂੰ ਪਰਤੇ ਹਨ ਤਾਂ ਉਹ ਸਰਕਾਰ ਦੀ ਦੇਖ਼ ਰੇਖ਼ ਹੇਠ, ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਤੇ ਹਨ ਅਤੇ ਜੇ ਉਨ੍ਹਾਂ ਦੇ ਉੱਥੇ ਟੈਸਟਾਂ, ਰਾਹ ਵਿਚ ਦੇਖ਼ਭਾਲ ਜਾਂ ਇੱਥੇ ਪੁੱਜ ਕੇ ਟੈਸਟਾਂ, ‘ਕੁਆਰਨਟੀਨ’ ਕਰਨ ਜਾਂ ‘ਆਈਸੋਲੇਟ’ ਕਰਨ ਵਿਚ ਕੋਈ ਕੋਤਾਹੀ ਰਹੀ ਹੈ ਤਾਂ ਉਸ ਕੋਤਾਹੀ ਲਈ ਉਹ ਅਣਭੋਲ ਲੋਕ ਜ਼ਿੰਮੇਵਾਰ ਨਹੀਂ ਸਗੋਂ ਸਰਕਾਰਾਂ ਜ਼ਿੰਮੇਵਾਰ ਹਨ।

ਇਹ ਵੀ ਕਿਹਾ ਜਾ ਰਿਹੈ ਕਿ ‘ਕਰੈਡਿਟ ਵਾਰ’ ਵਿਚ ਪੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਪੰਜਾਬ ਲਿਆ ਕੇ ‘ਪੰਜਾਬ ਦਾ ਬੇੜਾ ਗਰਕ’ ਕਰ ਦਿੱਤਾ ਹੈ। ਲੱਖ਼ ਸ਼ੁਕਰ ਹੈ ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਦਾ ਕਿ ਇਹੋ ਜਿਹੀ ਸੋਚ ਵਾਲੇ ਲੋਕਾਂ ਦੇ ਹੱਥ ਇਸ ਸੂਬੇ ਦੀ ਕਮਾਨ ਨਹੀਂ ਹੈ ਨਹੀਂ ਤਾਂ ਇਹ ‘ਜ਼ਹਿਰ ਭਿੱਜੀਆਂ ਕਲਮਾਂ ਵਾਲੇ’ ਅਤੇ ਇਨ੍ਹਾਂ ਨੂੰ ‘ਬੱਕ ਅਪ’ ਕਰਨ ਵਾਲੇ ਤਾਂ ਪੰਜਾਬੀਆਂ ਦਾ ਪੰਜਾਬ ਵੜਣਾ ਵੀ ਬੰਦ ਕਰ ਦੇਣ।

ਮੇਰੇ ਕਈ ਭਰਾ ਰੋਜ਼ ਵੀਡੀਓ ਵੇਖ਼ ਰਹੇ ਨੇ, ਆਪ ਜਾ ਕੇ ਫ਼ੀਲਡ ਵਿਚ ਵੇਖ਼ ਰਹੇ ਨੇ, ਕਿ ਦੂਜੇ ਸੂਬਿਆਂ ਤੋਂ ਆਏ ਲੋਕ ਕਿੰਨੇ ਵਿਆਕੁਲ ਨੇ ਆਪਣੇ ਘਰਾਂ ਨੂੰ ਮੁੜ ਜਾਣ ਨੂੰ। ਹਿਸਾਬ ਤਾਂ ਇੰਨਾ ਹੀ ਲਾਉਣਾ ਹੈ ਨਾ ਕਿ ਪੰਜਾਬ ਤੋਂ ਬਾਹਰ ਫ਼ਸੇ ਪੰਜਾਬੀ ਵੀ ਇੰਜ ਹੀ ਮਹਿਸੂਸ ਕਰ ਰਹੇ ਹੋਣਗੇ।

ਕਿਸੇ ਨੇ ਮਾਈਕ ਚੁੱਕ ਕੇ ਜਾ ਕੇ ਕਿਸੇ ਪਰਿਵਾਰ ਨੂੰ ਇਹ ਨਹੀਂ ਪੁੱਛਿਆ ਕਿ ਤੁਹਾਡੇ ਪਰਿਵਾਰ ਦੇ ਦੋ ਜੀਅ 40 ਦਿਨਾਂ ਤੋਂ ਫ਼ਲਾਣੀ ਥਾਂ ਫ਼ਸੇ ਨੇ, ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ, ਉਨ੍ਹਾਂ ਕੋਲ ਖ਼ਰਚਾ ਪਾਣੀ ਹੈ ਜਾਂ ਫ਼ਿਰ ਤੁਹਾਡਾ ਮਗਰੋਂ ਕੰਮ ਚੱਲਦੈ, ਪਰ ਅੱਜ ਉਨ੍ਹਾਂ ਦੀ ਵਾਪਸੀ ’ਤੇ ਉਨ੍ਹਾਂ ਨੂੰ ਭੰਡਣ ਲਈ ਮਾਈਕਾਂ ਨੂੰ ਅਲਸੀ ਦਾ ਤੇਲ ਲਾਈ ਫ਼ਿਰਦੇ ਨੇ।

ਹੁਣ ਕੇਂਦਰ ਸਰਕਾਰ ਦੇ ਹੁਕਮਾਂ ਨਾਲ ਦੇਸ਼ ਦੇ ਇਕ ਤੋਂ ਦੂਜੇ ਸੂਬੇ ਤਕ ਆਉਣ ਜਾਣ ਵਿਚ ਖੁਲ੍ਹ ਹੋ ਰਹੀ ਹੈ, ਇਨ੍ਹਾਂ ਕਲਮ ਦੇ ਯੋਧਿਆਂ ਨੂੰ ਚਾਹੀਦੈ ਕਿ ਜਾ ਕੇ ਕੇਂਦਰ ਸਰਕਾਰ ਦੀ ਕਲਮ ਫ਼ੜ ਲੈਣ ਕਿ ਸਾਰੇ ਦੇਸ਼ ਦੇ ਲੋਕ ਤਾਂ ਭਾਵੇਂ ਇਧਰੋਂ ਉੱਧਰ ਆ ਜਾਣ ਦਿਓ, ਪਰ ਅਸੀਂ ਕਿਸੇ ਪੰਜਾਬੀ ਨੂੂੰ ਪੰਜਾਬ ਨਹੀਂ ਵੜਣ ਦੇਣਾ।

ਇਹ ਹੈ ਇਨ੍ਹਾਂ ਦੇ ਸੁਪਨਿਆਂ ਦਾ ਪੰਜਾਬ, ਇਹ ਹੈ ਇਨ੍ਹਾਂ ਦੀ ਪੰਜਾਬੀ ਸੋਚ। ਇਨ੍ਹਾਂ ਦਾ ‘ਜੈ ਪੰਜਾਬ’ ਤੇ ਕੋਈ ਵਿਸ਼ਵਾਸ ਨਹੀਂ ਇਨ੍ਹਾਂ ਦਾ ਵਿਸ਼ਵਾਸ ਕੇਵਲ ਤੇ ਕੇਵਲ ‘ਮੈਂ ਪੰਜਾਬ’ ’ਤੇ ਹੈ ਜਦਕਿ ਪੰਜਾਬ ਪੰਜਾਬੀਆਂ ਨਾਲ ਬਣਦਾ ਹੈ, ਕਿਸੇ ਦੀ ਮੈਂ ਨਾਲ ਨਹੀਂ। ਪੰਜਾਬ ਪੰਜਾਬੀਆਂ ਦਾ ਹੈ, ਖੁਲ੍ਹੇ ਦਿਲ ਵਾਲੇ ਪੰਜਾਬੀਆਂ ਦਾ।

ਪੰਜਾਬ ਪੰਜਾਬੀਆਂ ਦਾ ਹੈ, ਉਪਰਿਆਂ ਨੂੰ ਗੱਲ ਲਾ ਲੈਣ ਵਾਲੇ ਪੰਜਾਬੀਆਂ ਦਾ, ਪੰਜਾਬ ਉਨ੍ਹਾਂ ਸੌੜ ਦਿਲੇ ਪੰਜਾਬੀਆਂ ਦਾ ਨਹੀਂ ਜਿਹੜੇ ਆਪਣਿਆਂ ਨੂੰ ਵੀ ਬੂਹਾ ਨਾ ਖੋਲ੍ਹਣ, ਸਗੋਂ ਵੇਖ਼ਣ ਕਿ ਘਰ ਪਰਤਿਆਂ ਨੂੰ ਦਰ ਢੋਏ ਕਿੱਦਾਂ ਜਾ ਸਕਦੇ ਨੇ। ਆਏ ਤਾਂ ਕੋਟੇ ਵਾਲੇ ਵੀ ਨੇ, ਘੱਟ ਜਾਂ ਵੱਧ ਪਰ ਪਾਜ਼ਿਟਿਵ ਤਾਂ ਉਨ੍ਹਾਂ ਵਿਚੋ ਵੀ ਆ ਗਏ ਨੇ। ਉਹ ਵੀ ਸਾਡੇ ਆਪਣੇ ਹੀ ਬੱਚੇ ਨੇ, ਕੋਈ ਮੇਰੇ ਗੁਆਂਢੀ ਦਾ ਬੱਚਾ, ਕੋਈ ਤੁਹਾਡੇ ਰਿਸ਼ਤੇਦਾਰ ਦਾ।

ਇਹ ਕਹਿਣਾ ਅਤਿ ਨੀਂਵੀਂ ਗੱਲ ਹੋਵੇਗੀ ਕਿ ਉਨ੍ਹਾਂ ਨੇ ਇੱਥੇ ਬਿਮਾਰੀ ਲੈ ਆਂਦੀ ਹੈ। ਬਿਮਾਰੀ ਕੋਈ ਲੈ ਕੇ ਨਹੀਂ ਆ ਰਿਹਾ, ਉਹਨੂੰ ਕਿਤੋਂ ਮਿਲੀ ਹੈ, ਉਹਨੂੰ ਕਿਤੋਂ ਲੱਗ ਗਈ ਹੈ ਤੇ ਉਹਨੂੰ ਵੀ ਪਤਾ ਨਹੀਂ ਸੀ, ਨਹੀਂ ਤਾਂ ਕੋਈ ਖ਼ੀਸੇ ਨੋਟ ਬੰਨ੍ਹ ਕੇ ਬਿਮਾਰੀ ਲੈਣ ਨਹੀਂ ਜਾਂਦਾ।

ਉਂਜ ਇਹ ਗੱਲ ਵੱਖ਼ਰੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਵੀ ਉਠਾਈ ਹੈ ਕਿ ਜਿਹੜੇ ਵਿਅਕਤੀ ਉੱਥੇ ਚੰਗੇ ਭਲੇ ਸਨ, ਜਿਹੜੇ ਲਗਾਤਾਰ 40 ਦਿਨ ਉੱਥੇ ਤੰਦਰੁਸਤ ਰਹੇ ਅਤੇ ਜਿਨ੍ਹਾਂ ਦੇ ਕੋਈ ਲੱਛਣ ਨਹੀਂ ਸਨ, ਉਹ ਆਉਂÎਦਿਆਂ ਹੀ ਇੰਨੀ ਵੱਡੀ ਗਿਣਤੀ ਵਿਚ ‘ਪਾਜ਼ਿਟਿਵ’ ਕਿਵੇਂ ਹੋ ਗਏ। ਖ਼ੈਰ, ਇਹ ਲੰਬੀ ਜਾਂਚ ਦਾ ਵਿਸ਼ਾ ਹੈ, ਉਂਜ ਗੱਲ ਗੰਭੀਰ ਹੈ।

ਪਰ ਡੀ.ਜੀ.ਪੀ.ਸਾਹਿਬ, ਇਹ ਸਾਰਾ ਕਿੱਸਾ ਮੈਂ ਇਸ ਲਈ ਸੁਣਾਇਐ ਕਿ ਤੁਸੀਂ ਵੀ ਇਸ ਵਰਤਾਰੇ ਵਿਚਲੀ ਸਾਜ਼ਿਸ਼ ਦੀ ਬੋਅ ਨੂੰ ਭਾਂਪ ਸਕੋ। ਮੈਂ ਕਿਸੇ ਕਾਹਲੀ ਵਿਚ ਨਹੀਂ, ਪਰ ਹੁਣ ਜਦ ਦੇਸ਼ ਅੰਦਰ ਇਕ ਫ਼ੇਸਬੁੱਕ ਪੋਸਟ ’ਤੇ ਕਿਸੇ ਵਿਰੁੱਧ ਦੇਸ਼ ਧਰੋਹ ਦਾ ਪਰਚਾ ਹੋਣ ਦਾ ਰਿਵਾਜ ਚੱਲ ਹੀ ਪਿਆ ਹੈ ਤਾਂ ਇਕ ਕੌਮ ਖਿਲਾਫ਼, ਅਣਭੋਲ ਧਾਰਮਿਕ ਯਾਤਰੂਆਂ ਖਿਲਾਫ਼ ਜਿਹੜੀ ਨਫ਼ਰਤ ਉਗਲੀ ਗਈ ਹੈ, ਉਗਲੀ ਜਾ ਰਹੀ ਹੈ, ਉਹਦੇ ਬਾਰੇ ਵੀ ਜਾਂਚ ਕਰਵਾ ਲੈਣੀ ਚਾਹੀਦੀ ਹੈ।

‘ਐਕਸਪਲੋਰ’ ਤਾਂ ਕੀਤਾ ਹੀ ਜਾਣਾ ਚਾਹੀਦਾ ਹੈ ਕਿ ਕਲਮਾਂ ਨੂੰ ਜ਼ਹਿਰਾਂ ਵਿਚ ਡੋਬੇ ਦੇ ਦੇ ਕਲਮ ਦੇ ਜਿਹੜੇ ਯੋਧਿਆਂ ਨੇ ਮਿਆਨੋਂ ਕੱਢ ਤਲਵਾਰਾਂ ਸਮਝੇ ਵਿਚਾਰੇ ਬਿਨਾਂ ਤੇ ਆਸਾ ਪਾਸੇ ਵੇਖ਼ੇ ਬਗੈਰ ਹਵਾ ਵਿਚ ਚਲਾਈਆਂ ਨੇ ਕੀ ਉਨ੍ਹਾਂ ’ਤੇ ਵੀ ‘ਹੇਟ ¬ਕ੍ਰਾਈਮ’ ਜਾਂ ਫ਼ਿਰ ‘ਸਿਡੀਸ਼ਨ’ ਸੰਬੰਧੀ ਕਾਨੂੰਨਾਂ ਦੀਆਂ ਕੋਈ ਧਾਰਾਵਾਂ ਆਇਦ ਕੀਤੀਆਂ ਜਾ ਸਕਦੀਆਂ ਹਨ।

ਡੀ.ਜੀ.ਪੀ. ਸਾਹਿਬ ਮੇਰਾ ਮੰਨਣਾ ਹੈ ਕਿ ਕਿਸੇ ਦਰ ’ਤੇ ਤਾਂ ਜਾਈਦਾ ਹੈ, ਜੇ ਵਿਸ਼ਵਾਸ ਹੋਵੇ। ਮੈਂ ਇਸ ਦੇਸ਼ ਦਾ ਨਾਗਰਿਕ ਹਾਂ, ਮੈਨੂੰ ਵਿਸ਼ਵਾਸ ਹੈ ਆਪਣੇ ਦੇਸ਼ ਦੇ ਸਿਸਟਮ ’ਤੇ, ਤੇ ਮੈਨੂੰ ਵਿਸ਼ਵਾਸ ਹੈ ਤੁਹਾਡੇ ’ਤੇ।

ਮੈਂ ਆ ਗਿਆ ਜੇ, ਨਿਆਂ ਤੁਹਾਡੇ ਹੱਥ ਹੈ।

ਬਹੁਤ ਹੀ ਸ਼ੁਭਕਾਮਨਾਵਾਂ ਸਹਿਤ,
ਆਪ ਜੀ ਦਾ ਹਿਤੂ
ਐੱਚ.ਐਸ.ਬਾਵਾ
ਸੰਪਾਦਕ, ਯੈੱਸ ਪੰਜਾਬ
1 ਮਈ, 2020


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...