Saturday, April 27, 2024

ਵਾਹਿਗੁਰੂ

spot_img
spot_img

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ – ਇਕ ਨਿਵੇਕਲੇ ਕਮਿਊਨਿਸਟ ਸਿਆਸਤਦਾਨ ਦੀ ਲਾਸਾਨੀ ਦਾਸਤਾਨ: ਲਹਿੰਬਰ ਸਿੰਘ ਤੱਗੜ

- Advertisement -

ਅੱਜ ਤੋਂ 13 ਸਾਲ ਪਹਿਲਾਂ 1 ਅਗਸਤ 2008 ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਚਲਾਣਾ ਕਰ ਜਾਣ ਨਾਲ ਦੇਸ਼ ਦੀਆਂ ਧਰਮ ਨਿਰਪੱਖ ਸ਼ਕਤੀਆਂ ਨੂੰ ਵੱਡੀ ਸੱਟ ਵੱਜੀ ਸੀ। ਉਹ ਉਨ੍ਹਾਂ ਕੁੱਝ ਉਘੀਆਂ ਸ਼ਖਸੀਅਤਾਂ ਵਿਚੋਂ ਸਨ ਜਿਨ੍ਹਾਂ ਨੂੰ ਵੀਹਵੀਂ ਸਦੀ ਦੀਆਂ ਦੋ ਪ੍ਰਮੁੱਖ ਰਾਜਸੀ ਲਹਿਰਾਂ ਆਜ਼ਾਦੀ ਦਾ ਸੰਗਰਾਮ ਅਤੇ ਕਮਿਊਨਿਸਟ ਅੰਦੋਲਨ ਦਾ ਵਿਸਤਿਰਤ ਤਜ਼ਰਬਾ ਸੀ। ਸਗੋਂ ਇਨ੍ਹਾਂ ਤਹਿਰੀਕਾਂ ਵਿਚ ਵਿਚਰਦਿਆਂ ਹੋਇਆਂ ਉਨ੍ਹਾਂ ਨੇ ਇਨ੍ਹਾਂ ਦੇ ਉਸਰੱਈਏ ਅਤੇ ਆਗੂ ਦੀ ਭੂਮਿਕਾ ਆਪਣੇ ਨਵੇਕਲੇ ਅੰਦਾਜ ਵਿਚ ਨਿਭਾਈ ਸੀ।

ਬਹੁਤ ਹੀ ਸੰਖੇਪ ਵਿਚ ਕਹਿਣਾ ਹੋਵੇ ਤਾਂ ਇਹ ਕਹਿਣਾ ਯੋਗ ਹੋਵੇਗਾ ਕਿ ਡੂੰਘੀ ਸਿਆਸੀ ਸਮਝ ਅਤੇ ਆਪਣੇ ਅਕੀਦੇ ਪ੍ਰਤੀ ਨਿਸ਼ਠਾ ਉਨ੍ਹਾਂ ਦੇ ਮੀਰੀ ਗੁਣ ਸਨ। ਸ਼ਾਇਦ ਇਹ ਕਹਿਣਾ ਵੀ ਕਾਫੀ ਨਾ ਹੋਵੇ ਤੇ ਇਸ ਵਿਚ ਇਹ ਵਾਧਾ ਕਰਨਾ ਜ਼ਰੂਰੀ ਪ੍ਰਤੀਤ ਹੁੰਦਾ ਹੈ ਕਿ ਉਪਰੰਤ ਉਹ ਤਹਿਰੀਕ ਦੇ ਇਸ਼ਟ ਦੀ ਪ੍ਰਾਪਤੀ ਲਈ ਲੋੜੀਂਦੀਆਂ ਸ਼ਕਤੀਆਂ ਅਤੇ ਵਸੀਲੇ ਜੁਟਾ ਲੈਣ ਦੇ ਵੀ ਸਮਰੱਥ ਸਨ। 23 ਮਾਰਚ 1916 ਨੂੰ ਪਿਤਾ ਸ: ਹਰਨਾਮ ਸਿੰਘ ਬੰਡਾਲਾ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖ ਤੋਂ ਆਪਣੀ ਮਾਤਾ ਦੇ ਨਾਨਕਿਆਂ ਦੇ ਪਿੰਡ ਰੂਪੋਵਾਲ (ਜਿਲਾ ਜਲੰਧਰ) ਵਿਖੇ ਪੈਦਾ ਹੋਏ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਕੇਵਲ 8 ਸਾਲ ਦੀ ਉਮਰ ਵਿਚ ਹੀ ਆਪਣੇ ਸੰਗਰਾਮੀਆਂ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਸੀ ।

ਜਦੋਂ ਕਾਮਰੇਡ ਸੁਰਜੀਤ ਅਜੇ 8 ਸਾਲਾਂ ਦੇ ਹੀ ਸਨ ਤਾਂ ਉਨ੍ਹਾਂ ਦੀ ਮਾਤਾ ਜੀ ਜੈਤੋ ਦੇ ਮੋਰਚੇ ਲਈ ਜਾਂਦੇ ਜਥਿਆਂ ਨੂੰ ਲੰਗਰ ਛਕਾਇਆ ਕਰਦੀ ਸੀ ਤੇ ਬਾਲ ਹਰਕਿਸ਼ਨ ਸਿੰਘ ਮਾਤਾ ਜੀ ਦੇ ਨਾਲ ਹੁੰਦਾ ਸੀ। 1924 ਵਿਚ ਜਦੋਂ ਪੁਲਿਸ ਉਨ੍ਹਾਂ ਦੇ ਦੇਸ਼ ਭਗਤ ਪਿਤਾ ਸ: ਹਰਨਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਗਈ ਤਾਂ ਸਾਰਾ ਪਿੰਡ ਕਾਮਰੇਡ ਸੁਰਜੀਤ ਦੇ ਨਾਲ ਥਾਣੇ ਪਹੁੰਚ ਗਿਆ ਸੀ। ਉਨ੍ਹਾਂ ਹੀ ਦਿਨਾਂ ਵਿਚ ਗੁਆਂਢੀ ਪਿੰਡ ਰੁੜਕਾ ਕਲਾਂ ਵਿਚ ‘‘ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ’’ ਦੀ ਗ੍ਰਿਫਤਾਰੀ ਵਿਰੁੱਧ ਹੋਈ ਬਹੁਤ ਹੀ ਭਾਰੀ ਜਨਤਕ ਕਾਨਫਰੰਸ ਵਿਚ ਕਾਮਰੇਡ ਸੁਰਜੀਤ ਆਪਣੀ ਮਾਤਾ ਜੀ ਨਾਲ ਸ਼ਾਮਲ ਹੋਏ ਸਨ।

ਇਸ ਕਾਨਫਰੰਸ ਨੂੰ ਉਸ ਸਮੇਂ ਦੇ ਬਹੁਤ ਵੱਡੇ ਆਜ਼ਾਦੀ ਘੁਲਾਟੀਏ ਮਾਸਟਰ ਮੋਤਾ ਸਿੰਘ ਨੇ ਸੰਬੋਧਨ ਕੀਤਾ ਸੀ ਜੋ ਅੰਗਰੇਜ ਸਰਕਾਰ ਵਲੋਂ ਭਗੌੜੇ ਕਰਾਰ ਦਿੱਤੇ ਹੋਏ ਸਨ। ਉਪਰੋਕਤ ਬਿਰਤਾਂਤ ਦੇ ਆਧਾਰ ਤੇ ਅਸੀਂ ਠੋਕ ਕੇ ਇਹ ਦਾਅਵਾ ਕਰ ਸਕਦੇ ਹਾਂ ਕਿ ਕਾਮਰੇਡ ਸੁਰਜੀਤ ਨੇ ਸਾਢੇ ਬੰਨਵੇਂ ਸਾਲ ਦੇ ਆਪਣੇ ਜੀਵਨ ਚੋਂ 84 ਸਾਲ ਤੋਂ ਵਧ ਸਮਾਂ ਲੋਕ ਸੰਘਰਸ਼ਾਂ ਨੂੰ ਸਮੱਰਪਤ ਕਰੀ ਰੱਖਿਆ। ਇਸ ਤਰ੍ਹਾਂ ਇਸ ਪੱਖੋਂ ਹਿੰਦੁਸਤਾਨ ਦਾ ਕੋਈ ਵੀ ਆਗੂ ਸ਼ਾਇਦ ਉਨ੍ਹਾਂ ਦੇ ਹਾਣ ਦਾ ਨਾ ਹੋਵੇ।

1930 ਵਿਚ 14 ਸਾਲ ਦੀ ਉਮਰ ਵਿਚ ਤਾਂ ਕਾਮਰੇਡ ਸੁਰਜੀਤ ਸੁਚੇਤ ਤੌਰ ਤੇ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ ਸਨ। ਉਨ੍ਹਾਂ ਨੇ ਆਪਣੇ ਪਿੰਡ ਵਿਚ ਮਹਾਨ ਗਦਰੀ ਬਾਬਿਆਂ ਬਾਬਾ ਕਰਮ ਸਿੰਘ ਚੀਮਾ ਤੇ ਬਾਬਾ ਭਾਗ ਸਿੰਘ ਕੈਨੇਡੀਅਨ ਦਾ ਜਲਸਾ ਕਰਵਾਇਆ ਅਤੇ ਇਸ ਦੋਸ਼ ਵਿਚ ਸਕੂਲ ਵਿਚੋਂ ਕੱਢ ਦਿੱਤੇ ਗਏ। ਹੁਣ ਇਸੇ ਸਕੂਲ ਦਾ ਨਾਂ ਪੰਜਾਬ ਸਰਕਾਰ ਵਲੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਡਾਲਾ ਰੱਖਿਆ ਗਿਆ ਹੈ।

ਬੀਤੀ ਸਦੀ ਦੇ ਮੁੱਢਲੇ ਤੀਹਵਿਆਂ ਵਿਚ ਪੰਜਾਬ ਵਿਚ ਕਮਿਊਨਿਸਟ ਵਿਚਾਰਾਂ ਦਾ ਪਰਚਾਰ ਆਸਾਨ ਨਹੀਂ ਸੀ ਸਗੋਂ ਡਾਢਾ ਜ਼ੋਖਮ ਦਾ ਕੰਮ ਸੀ। ਸਾਮਰਾਜੀ ਹਕੂਮਤ ਦੇ ਦਬਾਅ ਅਧੀਨ ਅਖਬਾਰ, ‘‘ਬਾਲਸ਼ਵਿਕ ਖਤਰੇ’’ ਦਾ ਹਊਆ ਲਗਾਤਾਰ ਖੜ੍ਹਾ ਰੱਖਦੇ ਸਨ। ਉਂਝ ਸਿਆਸੀ ਫਿਜ਼ਾ ਵਿਚ ਸਾਮਰਾਜ ਵਿਰੋਧੀ ਸੁਰ ਉੱਚੀ ਸੀ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਫਾਂਸੀ ਨੇ ‘‘ਇਨਕਲਾਬ-ਜ਼ਿੰਦਾਬਾਦ’’ ਦਾ ਨਾਅਰਾ ਹਰਮਨ ਪਿਆਰਾ ਬਣਾ ਦਿੱਤਾ ਸੀ।

ਕਾਂਗਰਸ ਨੇ ਪੂਰਨ ਆਜ਼ਾਦੀ ਦਾ ਪ੍ਰਸਤਾਵ ਭਾਵੇਂ ਪਾਸ ਕਰ ਦਿੱਤਾ ਹੋਇਆ ਸੀ ਪਰ ਰਾਜਨੀਤੀ ਵਿਚ ਸਰਗਰਮ ਗਰਮ ਦਲ ਅਨਸਰ ਮਹਾਤਮਾ ਗਾਂਧੀ ਦੀ ਲੀਡਰਸ਼ਿੱਪ ਪ੍ਰਤੀ ਬੇਜ਼ਾਰੀ ਦਾ ਪ੍ਰਗਟਾਵਾ ਖੁਲ੍ਹੇਆਮ ਕਰ ਰਿਹਾ ਸੀ। ਫਿਰ ਵੀ ‘ਕਿਰਤੀ’ ਮਾਸਕ ਦੇ 1926 ਵਿਚ ਚਾਲੂ ਹੋਣ ਨੇ ਪੰਜਾਬ ਵਿਚ ਇਲਕਲਾਬੀ ਵਿਚਾਰਾਂ ਦੀ ਚਿਣਗ ਬਾਲ ਦਿੱਤੀ ਸੀ। ਸੋਹਣ ਸਿੰਘ ਜੋਸ਼ ਇਸ ਦੇ ਸੰਪਾਦਕ ਰਹੇ ਸਨ। ਭਗਤ ਸਿੰਘ ਨੇ ਇਸ ਦੇ ਕੰਮ ਵਿਚ ਸਹਿਯੋਗ ਦਿੱਤਾ ਸੀ ਅਤੇ ‘ਵਿਦਰੋਹੀ’ ਦੇ ਨਾਂਅ ਥਲੇ ਇਸ ਵਿਚ ਲੇਖ ਲਿਖੇ ਸਨ।

ਪੰਜਾਬ ਵਿਚ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੀ ਚਰਚਾ ਕਾਂਗਰਸ ਦੀਆਂ ਸਟੇਜਾਂ ਤੋਂ ਆਮ ਹੀ ਵੀ ਕੀਤੀ ਜਾਂਦੀ ਸੀ । ਪਰ ਕਾਂਗਰਸ ਸ਼ਹਿਰਾਂ ਅਤੇ ਕਸਬਿਆਂ ਤਕ ਸੀਮਤ ਸੀ । ਇਹ ਅਵਸਥਾ ਕੇਵਲ ਉਸ ਸਮੇਂ ਬਦਲੀ ਜਦੋਂ ਅਕਾਲੀਆਂ ਵਿਚਲੇ ਦੇਸ਼ ਭਗਤ ਅਨਸਰ ਵੀ ਕਾਂਗਰਸ ਵਿਚ ਆ ਰਲੇ ਅਤੇ ਜਾਂ ਫੇਰ ਜਦੋਂ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਵਰਕਰ ਅਤੇ ਆਗੂ ਵੀ ਇਸ ਵਿਚ ਸਰਗਰਮ ਹੋ ਗਏ ।

ਮੇਰਠ ਸਾਜ਼ਿਸ ਕੇਸ ਵਿਚ ਕੈਦ ਕੱਟ ਕੇ ਵਾਪਸ ਪਰਤੇ ਸੋਹਣ ਸਿੰਘ ਜੋਸ਼ ਕਮਿਊਨਿਸਟਾਂ ਦੇ ਕੁਦਰਤੀ ਮੋਹਰੀ ਸਨ ਕਿਉਂਕਿ ਮੇਰਠ ਸਾਜ਼ਸ਼ ਕੇਸ ਨੇ ਹੀ ਦੇਸ਼ ਵਿਚ ਕਮਿਊਨਿਸਟ ਵਿਚਾਰਾਂ ਨੂੰ ਪਹਿਲੀ ਵਾਰ ਸੂਤਰਬੱਧ ਢੰਗ ਨਾਲ ਦੇਸ਼ ਵਿਆਪੀ ਪੈਮਾਨੇ ਉਤੇ ਸਾਹਮਣੇ ਲਿਆਂਦਾ ਸੀ। 1936 ਵਿਚ ਸੋਹਣ ਸਿੰਘ ਜੋਸ਼ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਸਨ ਅਤੇ 1937 ਦੀਆਂ ਅਸੈਂਬਲੀ ਚੋਣਾਂ ਵਿਚ ਸਰਕਾਰ ਪ੍ਰਸਤ ਇਕ ਵੱਡੇ ਜਗੀਰਦਾਰ ਨੂੰ ਹਰਾ ਕੇ ਐਮ.ਐਲ.ਏ. ਚੁਣੇ ਗਏ ਸਨ। ਇਨ੍ਹਾਂ ਚੋਣਾਂ ਵਿਚ ਪੰਜ ਕਮਿਊਨਿਸਟ ਚੁਣੇ ਗਏ ਸਨ।

ਕਾਮਰੇਡ ਸੁਰਜੀਤ ਦੀ ਕਮਿਊਨਿਸਟ ਲਹਿਰ ਵਿਚ ਸਰਗਰਮ ਸ਼ਮੂਲੀਅਤ ਦਾ ਆਰੰਭ ਕਾਮਰੇਡ ਜੋਸ਼ ਦੀ ਜੇਲ ਵਿਚੋਂ ਰਿਹਾਈ ਤੋਂ ਬਾਅਦ ਹੋਇਆ। ਜੋਸ਼ ਹੋਰਾਂ ਦੀ ਪਹਿਲ ਕਦਮੀ ਨਾਲ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਉਸ ਸਮੇਂ ਦੇ ਕਮਿਊਨਿਸਟਾਂ ਅਤੇ ਹੋਰ ਉਘੇ ਖੱਬੇ ਪੱਖੀ ਵਰਕਰਾਂ ਦੀ ਇਕ ਇਕੱਤਰਤਾ ਹੋਈ। ਇਸ ਤੋਂ ਬਾਅਦ ਕਾਮਰੇਡ ਸੁਰਜੀਤ ਅਨੁਸਾਰ ‘‘ਇਸ ਮੀਟਿੰਗ ਤੋਂ ਬਾਅਦ ਕੁੱਝ ਚੋਣਵੇਂ ਕਮਿਊਨਿਸਟਾਂ ਦੀ ਇਕ ਹੋਰ ਮੀਟਿੰਗ ਹੋਈ ਜਿਸ ਵਿਚ ਕਮਿਊਨਿਸਟ ਪਾਰਟੀ ਕਾਇਮ ਕੀਤੀ ਗਈ।

ਮੈਨੂੰ ਯਾਦ ਹੈ ਕਿ ਇਸ ਮੀਟਿੰਗ ਵਿਚ ਕਾਮਰੇਡ ਅਬਦੁਲ ਮਜ਼ੀਦ, ਫਜ਼ਲ ਇਲਾਹੀ ਕੁਰਬਾਨ, ਫੀਰੋਜ਼-ਉਦ-ਦੀਨ ਮਨਸੂਰ, ਫੌਜਾ ਸਿੰਘ ਭੁੱਲਰ, ਅਰਜਨ ਸਿੰਘ ਗੜਗੱਜ, ਬਸ਼ੀਰ ਅਹਿਮਦ ਅਤੇ ਗੁਜ਼ਰਾਂਵਾਲਾ ਤੋਂ ਇੰਦਰ ਸਿੰਘ ਸ਼ਾਮਿਲ ਹੋਏ ਸਨ। ਉਸ ਤੋਂ ਬਾਅਦ ਮੈਂ ਜੋਸ਼ ਅਤੇ ਉਸ ਦੀਆਂ ਸਰਗਰਮੀਆਂ ਵਿਚ ਨੇੜਿਉ ਜੁੜਿਆ ਰਿਹਾ ਹਾਂ’’ ।

ਉਸ ਇਕੱਤਰਤਾ ਤੋਂ ਬਾਅਦ ਕਾਮਰੇਡ ਸੁਰਜੀਤ ਨੇ ਆਪਣੇ ਰਾਜਸੀ ਕੰਮ ਦਾ ਖੇਤਰ ਦੁਆਬੇ ਦੇ ਜਿਲ੍ਹਿਆਂ ਜਲੰਧਰ, ਹੁਸ਼ਿਅਰਪੁਰ ਅਤੇ ਕਪੂਰਥਲਾ ਰਿਆਸਤ ਨੂੰ ਬਣਾਈ ਰੱਖਿਆ। 1937 ਦੀਆਂ ਚੋਣਾਂ ਵਿਚ ਚੁਣੇ ਗਏ ਪੰਜ ਕਮਿਊਨਿਸਟਾਂ ਵਿਚੋਂ ਤਿੰਨ ਇਨ੍ਹਾਂ ਜਿਲ੍ਹਿਆਂ ਵਿਚੋਂ ਹੀ ਸਨ। 1935 ਵਿਚ ਉਨ੍ਹਾਂ ਨੇ ਜਲੰਧਰ ਤੋਂ ‘‘ਦੁੱਖੀ ਕਿਸਾਨ’’ ਨਾਂਅ ਦਾ ਹਫਤਾਵਾਰ ਅਖਬਾਰ ਕੱਢਣ ਦਾ ਉਪਰਾਲਾ ਕੀਤਾ। 1936 ਵਿਚ ਹੀ ਪੰਜਾਬ ਦੇ ਕਮਿਊਨਿਸਟ ਗਰੁੱਪਾਂ ਵਿਚ ਏਕਾ ਕਰਾਉਣ ਦੇ ਯਤਨਾਂ ਵਿਚ ਕਾਮਰੇਡ ਸੁਰਜੀਤ ਮੂਹਰੇ ਸਨ। ਇਹ ਏਕਾ ਹੋ ਵੀ ਗਿਆ ਸੀ ਪਰ ਛੇਤੀ ਬਾਅਦ ਬਾਬਾ ਗੁਰਮੁੱਖ ਸਿੰਘ ਦੀ ਗ੍ਰਿਫਤਾਰੀ ਕਾਰਨ ਇਹ ਅਮਲ ਅੱਗੇ ਨਾ ਤੁਰਿਆ ਅਤੇ ਆਪਸੀ ਮੱਤ ਭੇਦ ਇਕ ਵਾਰ ਫੇਰ ਤਿੱਖੇ ਹੋ ਗਏ।

1935 ਵਿਚ ਦੁਆਬੇ ਦੇ ਪਿੰਡਾਂ ਵਿਚ ਕਿਸਾਨ ਕਮੇਟੀਆਂ ਬਣਾਉਣ ਦੇ ਕੰਮ ਵਿਚ ਕਾਮਰੇਡ ਸੁਰਜੀਤ ਨੇ ਦਿਨ ਰਾਤ ਇਕ ਕਰ ਦਿੱਤਾ। ਉਨ੍ਹਾਂ ਵਕਤਾਂ ਦੀ ਇਕ ਉਘੀ ਕਿਸਾਨ ਕਾਨਫਰੰਸ ਨਵੰਬਰ 1938 ਵਿਚ ਉਸ ਸਮੇਂ ਦੇ ਲਾਹੌਰ ਜਿਲ੍ਹੇ ਦੇ ਪਿੰਡ ਭੰਗਾਲੀ ਵਿਚ ਕੀਤੀ ਗਈ। ਇਸ ਕਾਨਫਰੰਸ ਦੇ ਸਾਹਮਣੇ ਮੁੱਖ ਕਾਰਜ ਇਹ ਸੀ ਕਿ ਵਧੇ ਹੋਏ ਮਾਲੀਏ ਵਿਰੁੱਧ ਕਿਸਾਨ ਮੋਰਚਾ ਜਥੇਬੰਦ ਕੀਤਾ ਜਾਵੇ।

ਇਸ ਕਾਨਫਰੰਸ ਵਿਚ ਤੀਹ ਹਜ਼ਾਰ ਦਾ ਇਕੱਠ ਹੋਇਆ। ਇਹ ਲੋਕ ਉਸ ਸਮੇਂ ਦੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚੋਂ ਆਏ ਸਨ। ਜਦੋਂ ਮਾਰਚ 1939 ਵਿਚ ਇਹ ਮੋਰਚਾ ਆਰੰਭ ਹੋਇਆ ਤਾਂ ਉਸ ਸਮੇਂ ਦੀ ਯੂਨੀਅਨਿਸਟ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਵਿਚ ਦਫਾ 144 ਲਾ ਦਿੱਤੀ।

ਫੇਰ ਵੀ ਇਸ ਮੋਰਚੇ ਵਿਚ ਮਾਝਾ, ਦੁਆਬਾ, ਮਾਲਵਾ, ਸ਼ੇਖੂਪੁਰਾ ਅਤੇ ਲਾਇਲਪੁਰ, ਭਾਵ ਸਾਰੇ ਪੰਜਾਬ ਦੇ ਜਿਲ੍ਹਿਆਂ ਵਿਚੋਂ ਵਾਲੰਟੀਅਰ ਗ੍ਰਿਫਤਾਰੀਆਂ ਲਈ ਸਾਹਮਣੇ ਆਏ। ਅਸਲ ਵਿਚ 1935 ਤੋਂ ਹੀ ਕਿਸਾਨ ਕਮੇਟੀਆਂ ਦੇ ਨਾਲ ਨਾਲ ਕਾਮਰੇਡ ਸੁਰਜੀਤ ਨੇ ਕਾਂਗਰਸ ਕਮੇਟੀਆਂ ਬਣਾਉਣਾ ਵੀ ਜਾਰੀ ਰੱਖਿਆ।

1936 ਵਿਚ ਜਲੰਧਰ ਦੀ ਕਿਸਾਨ ਕਮੇਟੀ ਜਾਂ ਕਿਸਾਨ ਸਭਾ ਦਾ ਜਨਰਲ ਸਕੱਤਰ ਕਾਮਰੇਡ ਸੁਰਜੀਤ ਨੂੰ ਬਣਾਇਆ ਗਿਆ। ਉਨ੍ਹਾਂ ਨਾਲ ਬਾਬਾ ਕਰਮ ਸਿੰਘ ਚੀਮਾ ਸਭਾ ਦੇ ਪ੍ਰਧਾਨ ਸਨ। ਕੁਲ 800 ਤੋਂ ਵੱਧ ਪਿਡਾਂ ਵਿਚ ਕਿਸਾਨ ਕਮੇਟੀਆਂ ਬਣੀਆਂ। ਜਿਨ੍ਹਾਂ ਵਿਸ਼ੇਸ਼ ਕਾਨਫਰੰਸਾਂ ਰਾਹੀਂ ਕਿਸਾਨੀ ਕਰਜ਼ੇ ਦੇ ਮੁੱਦੇ ਬਾਰੇ ਐਜੀਟੇਸ਼ਨ ਹੋਈ ਉਨ੍ਹਾਂ ਵਿਚ ਸਰਹਾਲੀ, ਗੜ੍ਹਦੀਵਾਲਾ, ਮਾਹਲਪੁਰ ਅਤੇ ਚੀਮਾ ਪਿੰਡਾਂ ਵਿਚ ਹੋਈਆਂ ਕਾਨਫਰੰਸਾਂ ਵਿਸ਼ੇਸ਼ ਸਥਾਨ ਰੱਖਦੀਆਂ ਹਨ।

ਕਾਮਰੇਡ ਸੁਰਜੀਤ ਦੇ ਆਪਣੇ ਪਿੰਡ ਬੰਡਾਲੇ ਵਿਚ ਇਸੇ ਸਿਲਸਿਲੇ ਦੀ ਕਾਨਫਰੰਸ ਉਚੇਚੇ ਜ਼ਿਕਰ ਦੀ ਮੰਗ ਕਰਦੀ ਹੈ ਕਿਉਂਕਿ ਪਿੰਡ ਦੇ ਕੁੱਝ ਅੰਗਰੇਜ਼ ਪ੍ਰਸਤ  ਰਸੂਖ ਵਾਲੇ ਲੋਕਾਂ ਵਲੋਂ ਇਸ ਕਾਨਫਰੰਸ ਨੂੰ ਰੋਕਣ ਲਈ ਪੂਰੀ ਵਾਹ ਲਾਈ ਗਈ ਜਿਸ ਕਾਰਨ ਕਾਮਰੇਡ ਸੁਰਜੀਤ ਨੂੰ ਇਸ ਦਾ ਸਥਾਨ ਬਦਲ ਕੇ ਆਪਣੇ ਖੇਤਾਂ ਵਿਚ ਬੀਜੀ ਫਸਲ ਕਟਵਾ ਕੇ ਉਸ ਥਾਂ ਕਾਨਫਰੰਸ ਕਰਵਾਉਣੀ ਪਈ। ਇਸ ਕਾਨਫਰੰਸ ਨੂੰ ਖੁੱਦ ਜਵਾਹਰ ਲਾਲ ਨਹਿਰੂ ਨੇ ਸੰਬੋਧਨ ਕੀਤਾ।

ਰਾਜਸੀ ਸਰਗਰਮੀਆਂ ਦੇ ਨਾਲ ਨਾਲ ਕਾਮਰੇਡ ਸੁਰਜੀਤ ਨੇ ਆਪਣੇ ਸਹਿਤਕ ਸ਼ੌਕ ਵੀ ਪੂਰੇ ਕੀਤੇ। ਗਿਆਨੀ ਕਿਹਰ ਸਿੰਘ ਵਲੋਂ ਚਲਾਏ ਜਾਂਦੇ ਪਰਚੇ ‘ਸਾਹਿਤ ਸਰੋਵਰ’ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਛਪੀਆਂ। ਉਨ੍ਹਾਂ ਨੇ ਜਲੰਧਰ ਤੋਂ ਨਿਕਲਦੇ ‘‘ਦੁੱਖੀ ਦੁਨੀਆਂ’’ ਵਿਚ ਸਬ ਐਡੀਟਰ ਦੇ ਤੌਰ ਉਤੇ ਵੀ ਕੁੱਝ ਚਿਰ ਕੰਮ ਕੀਤਾ।

ਪ੍ਰਸਿੱਧ ਦੇਸ਼ ਭਗਤ ਮਾਸਟਰ ਮੋਤਾ ਸਿੰਘ ਇਸ ਦੇ ਸਰਪਰਸਤ ਸਨ। ਇਸ ਦੇ ਸੰਚਾਲਕ ਅਤੇ ਸੰਪਾਦਕ ਆਪਣੇ ਸਮੇਂ ਦੇ ਪ੍ਰਸਿੱਧ ਦੇਸ਼ ਭਗਤ ਕਵੀ ਅਵਤਾਰ ਸਿੰਘ ‘ਦਲੇਰ’ ਸਨ 1938 ਵਿਚ ਅਬੋਹਰ ਵਿਚ ਕੀਤੀ ਗਈ ਇਕ ਕਾਨਫਰੰਸ ਵਿਚ ਕੀਤੀ ਤਕਰੀਰ ਦੇ ਸਬੰਧ ਵਿਚ ਪੁਲਿਸ ਨੇ ਕਾਮਰੇਡ ਸੁਰਜੀਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਛੇ ਮਹੀਨੇ ਬਾਅਦ ਰਿਹਾਈ ਹੋਣ ਉਤੇ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਚਲੇ ਜਾਣ ਦਾ ਆਦੇਸ਼ ਦਿੱਤਾ। ਇਹ ਯੂਨਿਅਨਿਸਟ ਵਜਾਰਤ ਦੀ ਅੰਗਰੇਜ਼ ਪਰੱਸਤ ਟੋਡੀ ਨੀਤੀ ਦਾ ਨਤੀਜਾ ਸੀ।

ਕਾਮਰੇਡ ਸੁਰਜੀਤ ਸਹਾਰਨਪੁਰ ਚਲੇ ਗਏ ਜਿਥੇ ਉਨ੍ਹਾਂ ਨੇ ਉਸ ਸਮੇਂ ਦੇ ਉਘੇ ਕਮਿਊਨਿਸਟ ਆਗੂ ਅਤੇ ਦਾਨਿਸ਼ਵਰ ਸਜ਼ਾਦ ਜ਼ਹੀਰ ਜੋ ਮਗਰੋਂ ਪਾਕਿਸਤਾਨ ਕਮਿਊਨਿਸਟ ਪਾਰਸੀ ਦੇ ਜਨਰਲ ਸਕੱਤਰ ਵੀ ਬਣੇ, ਨਾਲ ਰਲ ਕੇ ਉਰਦੂ ਦਾ ਪਰਚਾ ‘ਚਿੰਗਾਰੀ’ ਕੱਢਣ ਵਿਚ ਉਨ੍ਹਾਂ ਦੀ ਸਹਾਇਤਾ ਕੀਤੀ।

ਦੂਜੀ ਸੰਸਾਰ ਜੰਗ ਦੇ ਆਰੰਭ ਵਿਚ ਹੀ ਕਮਿਊਨਿਸਟਾਂ ਵਲੋਂ ਅੰਗਰੇਜ਼ ਸਰਕਾਰ ਦਾ ਵਿਰੋਧ ਕਰਨ ਕਾਰਨ ਵਧੇਰੇ ਸਰਗਰਮ ਸਾਥੀਆਂ ਦੇ ਵਾਰੰਟ ਕੱਢ ਦਿੱਤੇ ਗਏ। ਕਾਮਰੇਡ ਸੁਰਜੀਤ ਕੁੱਝ ਚਿਰ ਅੰਡਰਗਰਾਊਂਡ ਰਹਿ ਕੇ ਕੰਮ ਕਰਦੇ ਰਹੇ। ਦਸੰਬਰ 1940 ਵਿਚ ਉਹ ਵੀ ਗ੍ਰਿਫਤਾਰ ਕਰ ਕੇ ਪਹਿਲਾਂ ਤਿੰਨ ਮਹੀਨੇ ਦੇ ਕਰੀਬ ਪੁਲਿਸ ਹਿਰਾਸਤ ਵਿਚ ਤਫਤੀਸ਼ ਅਧੀਨ ਰੱਖੇ ਗਏ ਅਤੇ ਫੇਰ ਦਿਓਲੀ ਜੇਲ੍ਹ ਵਿਚ ਤਬਦੀਲ ਕਰ ਦਿੱਤੇ ਗਏ। ਇਸ ਤਫਤੀਸ਼ ਦੌਰਾਨ ਉਨ੍ਹਾਂ ਉਤੇ ਪੁਲਿਸ ਨੇ ਅੰਨ੍ਹਾਂ ਤਸ਼ੱਦਦ ਕੀਤਾ ਜਿਸ ਦੇ ਨਤੀਜੇ ਵਜੋਂ ਅੱਖਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ।

ਦਿਓਲੀ ਜੇਲ੍ਹ ਵਿੱਚ ਕਾਮਰੇਡ ਸੁਰਜੀਤ ਨੇ ਮਾਰਕਸਵਾਦੀ ਸਿਧਾਂਤ ਦਾ ਅਧਿਆਨ ਕੀਤਾ ਅਤੇ ਉਸ ਸਮੇਂ ਦੇ ਸਿਰਕੱਢ ਕਮਿਊਨਿਸਟ ਆਗੂਆਂ ਨਾਲ ਵਿਚਾਰ ਵਟਾਂਦਰੇ ਕੀਤੇ। ਜਦੋਂ 1942 ਵਿੱਚ ਦੂਜੀ ਸੰਸਾਰ ਜੰਗ ਨੂੰ ਭਾਰਤੀ ਕਮਿਊਨਿਸਟਾਂ ਨੇ ‘‘ਪੀਪਲਜ਼ਵਾਰ’’ ਦੇ ਤੌਰ ਤੇ ਗਰਦਾਨ ਦਿੱਤਾ ਅਤੇ ਇਸ ਆਧਾਰ ਤੇ ਉਨਾਂ ਕਿਹਾ ਕਿ ਫਾਸ਼ਿਜ਼ਮ ਵਿਰੁੱਧ ਸਭਨਾਂ ਦੇਸ਼ ਭਗਤ ਅਤੇ ਅਗਾਂਹਵਧੂ ਤਾਕਤਾਂ ਦਾ ਏਕਾ ਜ਼ਰੂਰੀ ਹੈ ।

ਇਸ ਨਾਲ ਦੇਸ਼ ਅੰਦਰ ਕਮਿਊਨਿਸਟਾਂ ਦਾ ਕੌਮੀ ਲਹਿਰ ਨਾਲੋਂ ਪਾੜਾ ਵੱਧ ਗਿਆ, ਕਿਉਂਕਿ ਫਾਸ਼ਿਜ਼ਮ ਦੇ ਵਿਰੋਧ ਦਾ ਮਤਲਬ ਸੀ ਅੰਗਰੇਜ਼ ਸਰਕਾਰ ਦੀ ਅਸਿੱਧੀ ਹਮਾਇਤ। ਬਰਤਾਨੀਆਂ ਅਤੇ ਸਮਾਜਵਾਦੀ ਰੂਸ ਫਾਸ਼ਿਜ਼ਮ ਵਿਰੁੱਧ ਇਕੱਠੇ ਸੰਘਰਸਸ਼ੀਲ ਸਨ। ਕਮਿਊਨਿਸਟਾਂ ਵਲੋਂ ਰੂਸ ਦੀ ਹਮਾਇਤ ਦਾ ਤਰਕ ਇਹ ਸੀ ਕਿ ਜੇ ਸੋਵੀਅਤ ਯੂਨੀਅਨ ਹਾਰ ਗਿਆ ਤਾਂ ਸਮਾਜਵਾਦ ਦੀ ਲਹਿਰ ਨੂੰ ਅਜਿਹੀ ਸੱਟ ਵਜੇਗੀ ਕਿ ਇਹ ਕਈ ਦਹਾਕੇ ਹੋਰ ਪਛੜ ਕੇ ਰਹਿ ਜਾਵੇਗੀ।

‘‘ਪੀਪਲਜ਼ਵਾਰ’’ ਦੀ ਨੀਤੀ ਕਾਰਨ ਅੰਗਰੇਜ਼ ਸ਼ਾਸਨ ਨੇ ਕਮਿਊਨਿਸਟਾਂ ਨੂੰ ਰਿਹਾ ਕਰ ਦੇਣਾ ਮੁਨਾਸਿਬ ਸਮਝਿਆ। ਪਰ ਜਿਥੇ ਬਹੁਤ ਸਾਰੇ ਕਮਿਊਨਿਸਟ ਆਗੂ ਰਿਹਾ ਕਰ ਦਿੱਤੇ ਗਏ, ਉਥੇ ਕਾਮਰੇਡ ਸੁਰਜੀਤ ਨੂੰ ਰਿਹਾ ਨਾ ਕੀਤਾ ਗਿਆ ਅਤੇ ਦਿਓਲੀ ਜੇਲ੍ਹ ਤੋਂ ਤਬਦੀਲ ਕਰ ਕੇ ਗੁਜਰਾਤ ਜੇਲ੍ਹ ਭੇਜ ਦਿੱਤਾ ਗਿਆ। ਇਥੇ ਕਾਮਰੇਡ ਸੁਰਜੀਤ ਨੇ ‘‘ਸਿੱਖ ਹੋਮਲੈਂਡ’’ ਦੇ ਆਪਣੇ ਥੀਸਿਸ ਨੂੰ ਤਿਆਰ ਕੀਤਾ।

ਇਸ ਥੀਸਿਸ ਦਾ ਆਧਾਰ ਉਸ ਸਮੇਂ ਕਮਿਊਨਿਸਟ ਪਾਰਟੀ ਦੀ ਇਹ ਧਾਰਨਾ ਸੀ ਕਿ ਕੌਮੀਅਤ ਦੇ ਆਧਾਰ ਉਤੇ ਭਾਰਤ ਦੇ ਮੁਸਲਮਾਨਾਂ ਨੂੰ ਵੀ ਆਤਮ ਨਿਰਣੇ ਦਾ ਹੱਕ ਮਿਲਣਾ ਚਾਹੀਦਾ ਹੈ। ਇਸੇ ਆਧਾਰ ਉਤੇ ਹੀ ਉਸ ਸਮੇਂ ਕਮਿਊਨਿਸਟਾਂ ਨੇ ਪਾਕਿਸਤਾਨ ਦੀ ਮੰਗ ਨੂੰ ਜਾਇਜ਼ ਮੰਨਿਆ, ਭਾਵੇਂ ਇਸ ਵਿਚਾਰ ਨੂੰ ਬਾਅਦ ਵਿਚ ਰੱਦ ਕਰ ਦਿੱਤਾ ਗਿਆ।

‘‘ਸਿੱਖ ਹੋਮਲੈਂਡ’’ ਦੇ ਇਸ ਥੀਸਿਸ ਨੂੰ ਕੁੱਝ ਤਬਦੀਲੀਆਂ ਕਰਕੇ 1944 ਵਿਚ ਕਮਿਊਨਿਸਟ ਪਾਰਟੀ ਦੇ ਉਸ ਸਮੇਂ ਦੇ ਉਘੇ ਆਗੂ ਡਾਕਟਰ ਗੰਗਧਰ ਅਧਿਕਾਰੀ ਦੇ ਨਾਂਅ ਉਤੇ ਪਾਰਟੀ ਵਲੋਂ ਛਾਪਿਆ ਗਿਆ। 1946 ਵਿਚ ਇਸ ਦਾ ਅਨੁਵਾਦ ਪੰਜਾਬੀ ਵਿਚ ਲਾਹੌਰ ਤੋਂ ਛਪਿਆ। ਇਸ ਥੀਸਿਸ ਨੂੰ ਵੀ ਪਾਰਟੀ ਨੇ ਖੁਦ ਹੀ ਮਗਰੋਂ ਤਿਆਗ ਦਿੱਤਾ। ਉਂਜ ਇਸ ਥੀਸਿਸ ਦੇ ਤਿਆਰ ਹੋਣ ਦਾ ਮਤਲਬ ਇਹ ਸੀ ਕਿ ਉਸ ਸਮੇਂ ਹੀ ਜਦੋਂ ਕਾਮਰੇਡ ਸੁਰਜੀਤ ਦੀ ਉਮਰ ਕੇਵਲ 28 ਸਾਲ ਸੀ ਤੇ ਉਹ ਹੋਰ ਕਮਿਊਨਿਸਟ ਆਗੂਆਂ ਦੇ ਮੁਕਾਬਲੇ ਉਤੇ ਘੱਟ ਪੜੇ-ਲਿਖੇ ਵੀ ਸਨ। ਪਰ ਉਨ੍ਹਾਂ ਨੂੰ ਉਸ ਸਮੇਂ ਹੀ ਇਸ ਤਰ੍ਹਾਂ ਦੀ ਮੌਲਿਕ ਸੋਚ ਦੇ ਸਮਰੱਥ ਮੰਨ ਲਿਆ ਗਿਆ ਸੀ।

ਆਜ਼ਾਦੀ ਆਉਣ ਦੇ ਬਾਅਦ ਕਮਿਊਨਿਸਟ ਪਾਰਟੀ ਦੀ ਦੂਜੀ ਕਾਂਗਰਸ 1948 ਵਿਚ ਕਲਕੱਤੇ ਵਿਚ ਹੋਈ । ਇਸ ਵਿਚ ਦੇਸ਼ ਦੀ ਆਜ਼ਾਦੀ ਨੂੰ ਅਸਵੀਕਾਰ ਕੀਤਾ ਗਿਆ ਅਤੇ ਦੇਸ਼ ਵਿਚ ਸਥਾਪਤ ਕਾਂਗਰਸ ਸੱਤਾ ਨੂੰ ਹਥਿਆਰਬੰਦ ਸੰਘਰਸ਼ਾਂ ਰਾਹੀਂ ਹਟਾ ਦੇਣ ਦਾ ਟੀਚਾ ਮਿਥਿਆ ਗਿਆ। ਮਗਰੋਂ ਇਹ ਸੋਚ ਰੱਦ ਕਰ ਦਿੱਤੀ ਗਈ ਅਤੇ ਪਾਰਟੀ ਅੰਦਰ ਲੰਬਾ ਸਮਾਂ ਨੀਤੀਆਂ ਦੇ ਸਵਾਲ ਉਤੇ ਬਹਿਸ ਵਿਚਾਰ ਜਾਰੀ ਰਿਹਾ। ਇਸ ਸਮੇਂ ਵਿਚ ਪੰਜਾਬ ਦੀ ਕਮਿਊਨਿਸਟ ਪਾਰਟੀ ਅੰਦਰ ਕਾਮਰੇਡ ਸੁਰਜੀਤ ਦੀ ਅਗਵਾਈ ਦਾ ਦੌਰ ਆਰੰਭ ਹੋਇਆ।

ਪਾਰਟੀ ਦਾ ਸੂਬਾਈ ਡੈਲੀਗੇਟ ਅਜਲਾਸ 1953 ਵਿਚ ਅੰਮ੍ਰਿਤਸਰ ਵਿਚ ਹੋਇਆ। ਉਸ ਸਮੇਂ ਮੌਜ਼ੂਦਾ ਹਰਿਆਣਾ ਅਤੇ ਹਿਮਾਚਲ ਵੀ ਪੰਜਾਬ ਦਾ ਅੰਗ ਹੀ ਸਨ। ਰਿਆਸਤਾਂ ਨੂੰ ਮਿਲਾ ਕੇ ਬਣਾਇਆ ਗਿਆ ਪੈਪਸੂ ਅਜੇ ਪੰਜਾਬ ਦਾ ਹਿੱਸਾ ਨਹੀਂ ਸੀ ਪਰ ਪਾਰਟੀ ਜਥੇਬੰਦੀ ਪੰਜਾਬ ਦੀ ਪਾਰਟੀ ਜਥੇਬੰਦੀ ਦਾ ਹਿੱਸਾ ਹੀ ਸੀ। ਰੰਧੀਵੇ ਦੌਰ ਦੀ ਤੰਗ ਨਜ਼ਰ ਅਤੇ ਮਾਅਰਕੇ ਬਾਜ਼ ਨੀਤੀ ਕਾਰਨ ਪੰਜਾਬ ਵਿਚ ਵੀ ਪਾਰਟੀ ਦਾ ਨੁਕਸਾਨ ਹੋਇਆ ਸੀ ਪਰ ਫੇਰ ਵੀ ਇਸ ਪ੍ਰਾਂਤਕ ਡੈਲੀਗੇਟ ਅਸਲਾਸ ਦਾ ਮਾਹੌਲ ਉਤਸ਼ਾਹ ਜਨਕ ਸੀ ਅਤੇ ਪਾਰਟੀ ਦੇ ਕੰਮ ਨੂੰ ਵਧਾਉਣ ਅਤੇ ਫੈਲਾਉਣ ਦੇ ਮਾਮਲੇ ਵਿਚ ਕੋਈ ਦੁਚਿੱਤੀ ਨਹੀਂ ਸੀ।

ਰਸੰਦੇਹ ਕਾਮਰੇਡ ਸੁਰਜੀਤ ਇਕ ਦਰਿੜ੍ਹ ਅਤੇ ਅਣਥਕ ਸੰਗਰਾਮੀਏ ਵਜੋਂ ਅਤੇ ਪਾਰਟੀ ਏਕਤਾ ਦੇ ਉੱਸਰਈਏ ਵਜੋਂ ਕਾਨਫਰੰਸ ਦੀ ਅਗਵਾਈ ਕਰ ਰਹੇ ਸਨ। ਇਹ ਕਾਰਜ ਆਸਾਨ ਇਸ ਲਈ ਨਹੀ ਸੀ ਕਿਉਂਕਿ ਹੋਰਨਾ ਕਾਰਨਾਂ ਤੋਂ ਇਲਾਵਾ, ਰੰਧੀਵੇ ਲਾਈਨ ਦੇ ਰੱਦ ਹੋਣ ਅਤੇ ਨਵੇਂ ਪਾਰਟੀ ਪਰੋਗਰਾਮ ਦੇ ਤਿਆਰ ਹੋਣ ਤੋਂ ਬਾਅਦ ਵੀ ਦੇਸ਼ ਦੀ ਰਾਜਨੀਤੀ ਦੇ ਮੁੱਖ ਸਵਾਲਾਂ ਉਤੇ ਪਾਰਟੀ ਅੰਦਰ ਅਸਹਿਮਤੀ ਸੀ। ਇਸ ਤੋਂ ਬਿਨਾ ਪੰਜਾਬ ਪਾਰਟੀ ਦੇ ਵਿਸ਼ੇਸ਼ ਹਾਲਾਤਾਂ ਵਿਚ ਕਾਮਰੇਡ ਸਰਜੀਤ ਦੇ ਸਾਹਮਣੇ ਕਾਮਰੇਡ ਤੇਜਾ ਸਿੰਘ ਸੁਤੰਤਰ, ਬਾਬਾ ਗੁਰਮੁੱਖ ਸਿੰਘ ਅਤੇ ਮਾਸਟਰ ਹਰੀ ਸਿੰਘ ਜਿਹੇ ਕੱਦਾਵਾਰ ਕਮਿਊਨਿਸਟ ਆਗੂਆਂ ਨੂੰ ਆਪਣੇ ਨਾਲ ਰਲਾ ਕੇ ਇਕ ਟੀਮ ਵਜੋਂ ਅੱਗੇ ਤੋਰਨ ਦਾ ਔਖਾ ਕਾਰਜ ਵੀ ਸੀ ਪਰ ਕਿਉਂਕਿ ਪਾਰਟੀ ਅੰਦਰ ਸਮਹੂਰੀ ਕੇਂਦਰਵਾਦ ਦੀ ਪ੍ਰਥਾ ਮਜ਼ਬੂਤ ਸੀ, ਇਸ ਲਈ ਹਾਲਾਤ ਏਕਤਾ ਲਈ ਸਾਜ਼ਗਾਰ ਸਨ।

ਇਸ ਸਮਾਗਮ ਨੂੰ ਸਫਲਤਾ ਪੂਰਵਕ ਸਿਰੇ ਚਾੜਨ ਦਾ ਸਿਹਰਾ ਮੁੱਖ ਰੂਪ ਵਿਚ ਕਾਮਰੇਡ ਸੁਰਜੀਤ ਨੂੰ ਹੀ ਜਾਂਦਾ ਹੈ। ਹੋਰਨਾਂ ਪ੍ਰਾਪਤੀਆਂ ਅਤੇ ਸਮੁੱਚੀ ਰਾਜਸੀ ਸੇਧ ਨੂੰ ਇਕਸਾਰ ਢੰਗ ਨਾਲ ਉਲੀਕ ਲਏ ਜਾਣ ਤੋਂ  ਇਲਾਵਾ ਇਸ ਕਾਨਫਰੰਸ ਦੀ ਇਕ ਉਚੇਚੀ ਪ੍ਰਾਪਤੀ ਕਾਮਰੇਡ ਸੁਰਜੀਤ ਵਲੋਂ ਪੇਸ਼ ਅਤੇ ਪਾਸ ਕੀਤੀ ਗਈ ਇਕ ਵਿਸਤਿਰਤ ਰੀਵੀਊ ਰਿਪਰੋਟ ਸੀ। ਇਸ ਵਿਚ ਪੰਜਾਬ ਵਿਚ ਕਮਿਊਨਿਸਟ ਲਹਿਰ ਦੇ ਉਸਰਨ ਦੇ ਦਿਨਾਂ ਤੋਂ ਲੈ ਕੇ ਅੰਮ੍ਰਿਤਸਰ ਕਾਨਫਰੰਸ ਤੱਕ ਦੇ ਹਾਲਾਤ ਦਾ ਇਕ ਜਾਇਜ਼ਾ ਸੀ। ਪੰਜਾਬ ਵਿਚ ਉਘੇ ਕੇਂਦਰੀ ਕਮਿਊਨਿਸਟ ਆਗੂਆਂ ਦੇ ਦੌਰੇ ਇਸ ਸਮੇਂ ਵਿਚ ਹੀ ਆਰੰਭ ਹੋਏ। 1954 ਵਿਚ ਮੋਗੇ ਵਿਚ ਕੀਤੀ ਗਈ ਕੁਲ ਹਿੰਦ ਕਿਸਾਨ ਸਭਾ ਦੀ ਕੌਮੀ ਕਾਨਫਰੰਸ ਮੌਕੇ ਪੰਜਾਬ ਦੇ ਲੋਕਾਂ ਨੂੰ ਕਾਮਰੇਡ ਸੁੰਦਰੱਈਆ, ਨੁੰਬੂਦਰੀਪਾਦ, ਰਾਜੇਸ਼ਵਰ ਰਾਓ, ਅਤੇ ਹੋਰਨਾ ਦੇ ਦਰਸ਼ਨ ਹੋਏ।

ਪੰਡਿਤ ਸੁੰਦਰ ਲਾਲ ਜਿਹੇ ਪ੍ਰਸਿੱਧ ਬੁਲਾਰੇ ਵੀ ਇਨ੍ਹਾਂ ਦੇ ਨਾਲ ਸਨ, ਜਿਨ੍ਹਾਂ ਦੀ ਪਬਲਿਕ ਅਪੀਲ ਬਹੁਤ ਸੀ ਅਤੇ ਜਿਨ੍ਰਾਂ ਦੇ ਭਾਸ਼ਣ ਨੂੰ ਲੰਮਾ ਸਮਾਂ ਬਾਅਦ ਤੱਕ ਲੋਕ ਯਾਦ ਕਰਦੇ ਰਹੇ। ਕਾਨਫਰੰਸ ਦੇ ਖੁਲ੍ਹੇ ਸਮਾਗਮ ਵਿਚ ਇਕ ਲੱਖ ਦੇ ਕਰੀਬ ਹਾਜ਼ਰੀ ਸੀ। ਇਹ ਉਸ ਸਮੇਂ ਦੇ ਪਾਰਟੀ ਅੰਦਰਲੇ ਉਤਸ਼ਾਹ ਦੇ ਮਾਹੌਲ, ਇਲਾਕੇ ਦੇ ਸਾਥੀਆਂ ਦੀ ਅਣਥਕ ਮਿਹਨਤ ਅਤੇ ਕਾਮਰੇਡ ਸੁਰਜੀਤ ਦੀ ਯੋਗ ਅਗਵਾਈ ਦਾ ਨਤੀਜਾ ਸੀ ਕਿ ਏਡਾ ਸ਼ਾਨਦਾਰ ਅਤੇ ਸਫਲ ਸਮਾਗਮ ਸਿਰੇ ਚਾੜਿ੍ਹਆ ਗਿਆ। 1955 ਵਿਚ ਆਂਧਰਾ ਪ੍ਰਦੇਸ਼ ਵਿਚ ਅਸੈਂਬਲੀ ਦੀ ਦੀਆਂ ਚੋਣਾਂ ਹੋ ਰਹੀਆਂ ਸਨ। ਕਾਮਰੇਡ ਸੁਰਜੀਤ ਦੇ ਉਦਮ ਨਾਲ ਪੰਜਾਬ ਦੀ ਪਾਰਟੀ ਨੇ ਪੰਜਾਬ ਤੋਂ ਫੰਡ, ਜੀਪਾਂ ਤੇ ਪਾਰਟੀ ਦੇ ਬੁਲਾਰਿਆਂ ਦੀ ਇਕ ਤਕੜੀ ਟੀਮ ਭੇਜੀ ਗਈ ਸੀ।

ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਮੁੱਖ ਸਿੰਘ ਅਤੇ ਕੁੱਝ ਹੋਰਨਾਂ ਆਗੂਆਂ ਦਾ ਦੁਰੇਡੇ ਆਂਧਰਾ ਦੇ ਇਸ ਚੋਣ ਦੰਗਲ ਵਿਚ ਮੂਹਰੇ ਲੱਗ ਕੇ ਪਾਰਟੀ ਦੀ ਚੋਣ ਮੁਹਿੰਮ ਚਲਾਉਣਾ ਇਕ ਨਿਵੇਕਲੀ ਰਗਰਮੀ ਸੀ। ਇਸ ਚੋਣ ਤੋਂ ਬਾਅਦ ਅਜਿਹਾ ਤਜਰਬਾ ਕਿਸੇ ਦੂਜੇ ਪਰਾਂਤ ਵਿਚ ਦੁਹਰਾਇਆ ਨਹੀਂ ਗਿਆ। ਪਰ ਉਨ੍ਹਾਂ ਵਕਤਾਂ ਵਿਚ ਦੇਸ਼ ਦੇ ਇਕ ਪਰਾਂਤ ਦੀ ਪਾਰਟੀ ਇਕਾਈ ਵਲੋਂ ਦੂਜੇ ਪਰਾਂਤ ਦੀ ਪਾਰਟੀ ਲਈ ਮੱਦਦ ਲਈ ਪਹੁੰਚਣਾ ਬਹੁਤ ਵੱਡੀ ਗੱਲ ਸੀ। ਆਂਧਰਾ ਦੀ ਇਸ ਚੋਣ ਨੂੰ ਪੰਜਾਬ ਦੇ ਆਗੂਆਂ ਦੀ ਮੌਜੂਦਗੀ ਨੇ ਵੱਡਾ ਹੁਲਾਰਾ ਦਿੱਤਾ ਸੀ।  ਨਵੰਬਰ 1952 ਵਿਚ ਨਕੋਦਰ ਦੀ ਅਸੈਂਬਲੀ ਸੀਟ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕਾਮਰੇਡ ਸੁਰਜੀਤ ਨੇ ਪੰਜਾਬ ਅਸੈਂਬਲੀ ਵਿਚ ਜ਼ਿਕਰਯੋਗ ਭੂਮਿਕਾ ਨਿਭਾਈ।

ਕਾਮਰੇਡ ਸੁਰਜੀਤ 1954 ਵਿਚ ਹੀ ਮਦੁਰਾਏ ਵਿਚ ਹੋਈ ਤੀਜੀ ਪਾਰਟੀ ਕਾਂਗਰਸ ਵਿਚ ਪਾਰਟੀ ਦੀ ਕੇਂਦਰੀ ਕਮੇਟੀ ਵਿਚ ਚੁਣ ਲਏ ਗਏ ਸਨ। 1956 ਵਿਚ ਹੋਈ ਚੌਥੀ ਪਾਰਟੀ ਕਾਂਗਰਸ ਵਿਚ, ਜਿਹੜੀ ਪਾਲਘਾਟ (ਕੇਰਲਾ) ਵਿਚ ਹੋਈ। ਕਾਮਰੇਡ ਸੁਰਜੀਤ ਦਾ ਰੋਲ ਮਹੱਤਵਪੂਰਨ ਸੀ। ਉਸ ਸਮੇਂ ਤੱਕ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਸੰਸਾਰ ਰਾਜਨੀਤੀ ਦੇ ਪ੍ਰਮੁੱਖ ਸਵਾਲਾਂ ਉਤੇ ਬਹਿਸਾਂ ਛਿੜ ਪਈਆਂ ਸਨ ਜਿਨ੍ਹਾਂ ਵਿਚ ਸੋਵੀਅਤ ਯੂਨੀਅਨ ਦੇ 30 ਸਾਲ ਤੱਕ ਰਹੇ ਪ੍ਰਸਿੱਧ ਕਮਿਊਨਿਸਟ ਆਗੂ ਜੋਜ਼ਫ ਸਟਾਲਿਨ ਦੀ ਭੂਮਿਕਾ ਵੀ ਇਕ ਵੱਡਾ ਸਵਾਲ ਸੀ।

ਪਾਲਘਾਟ ਵਿਚ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਵਾਲਾਂ ਤੋਂ ਇਲਾਵਾ ਦੇਸ਼ ਦੀ ਰਾਜਨੀਤੀ ਦੇ ਪ੍ਰਮੁੱਖ ਸਵਾਲ, ਕਾਂਗਰਸ ਦੀਆਂ ਨੀਤੀਆਂ ਦਾ ਮੁਲੰਕਣ, ਪੰਜ ਸਾਲਾਂ ਯੋਜਨਾ ਦਾ ਮੁਲੰਕਣ ਆਦਿਕ ਵੀ ਵਿਚਾਰ ਅਧੀਨ ਸਨ। ਪਾਰਟੀ ਵਿਚ ਉਸ ਸਮੇਂ ਤਿੰਨ ਰੁਝਾਨ ਸਨ। ਇੱਕ ਕਾਂਗਰਸ ਪੱਖੀ, ਦੂਜਾ ਕਾਂਗਰਸ ਵਿਰੋਧੀ ਅਤੇ ਤੀਜਾ ਵਿਚ ਵਿਚਲੇ ਵਾਲਾ ਰਾਹ, ਭਾਵ ਕਾਂਗਰਸ ਦੀਆਂ ਅਗੇ ਵਧੂ ਨੀਤੀਆਂ ਦਾ ਸਮੱਰਥਨ ਅਤੇ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ। ਕਾਂਗਰਸ ਪੱਖੀ ਸੋਚ ਦੇ ਸਮਰਥਕਾਂ ਨੂੰ ਇਸ ਪਾਰਟੀ ਕਾਂਗਰਸ ਵਿਚ ਹਾਰ ਦਾ ਮੂੰਹ ਵੇਖਣਾ ਪਿਆ।

1957 ਦੀਆਂ ਚੋਣਾਂ ਵਿਚ ਪੰਜਾਬ ਵਿਚ ਪਾਰਟੀ ਦੀ ਪ੍ਰਾਪਤੀ ਠੋਸ ਸੀ। ਇਸ ਦਾ ਉਚੇਚਾ ਕਾਰਨ ਇਹ ਸੀ ਕਿ ਅਕਾਲੀ ਦਲ ਦਾ ਇਕ ਤਕੜਾ ਹਿੱਸਾ ਕਾਂਗਰਸ ਵਿਚ ਸ਼ਾਮਿਲ ਹੋ ਚੁੱਕਾ ਸੀ ਅਤੇ ਇਉਂ ਕਾਂਗਰਸ ਦਾ ਪੇਂਡੂ ਇਲਾਕਿਆਂ ਵਿਚ ਪ੍ਰਭਾਵ ਮਜ਼ਬੂਤ ਹੋ ਗਿਆ ਸੀ। ਅਜਿਹੀ ਅਵਸਥਾ ਵਿਚ ਕਾਂਗਰਸ ਦਾ ਟਾਕਰਾ ਕਰਨ ਵਾਲੀ ਇਕੋ ਇਕ ਭਰੋਸੇਯੋਗ ਸ਼ਕਤੀ ਕਮਿਊਨਿਸਟ ਪਾਰਟੀ ਹੀ ਸੀ। ਉਸ ਸਮੇਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਤੇ ਖ਼ੁਸ਼ਹੈਸੀਅਤੀ ਟੈਕਸ ਲਾ ਦਿੱਤਾ।

ਪਾਰਟੀ ਨੇ ਇਸ ਵਿਰੁੱਧ ਲਾਮਬੰਦੀ ਕੀਤੀ ਅਤੇ ਮੋਰਚਾ ਲਾ ਦਿੱਤਾ। 16 ਹਜ਼ਾਰ ਤੋਂ ਉਪਰ ਗ੍ਰਿਫਤਾਰੀਆਂ ਹੋਈਆਂ ਅਤੇ ਪਾਰਟੀ ਵਰਕਰ ਜੇਲ੍ਹਾਂ ਵਿਚ ਡੱਕ ਦਿੱਤੇ ਗਏ। ਗ੍ਰਿਫਤਾਰੀਆਂ ਤੋਂ ਇਲਾਵਾ ਐਤੀਆਣਾ ਅਤੇ ਨਰੂੜ ਜਿਹੇ ਪਿੰਡਾਂ ਵਿਚ ਗੋਲੀ ਚੱਲੀ ਸੀ ਅਤੇ ਸੱਤ ਸ਼ਹੀਦੀਆਂ ਵੀ ਹੋ ਗਈਆਂ ਸਨ। ਇਹ ਮੋਰਚਾ ਕਿਸਾਨ ਸਭਾ ਵਲੋਂ ਲੜਿਆ ਗਿਆ ਸੀ ਭਾਵੇਂ ਇਸ ਦੀ ਸਫਲਤਾ ਲਈ ਪਾਰਟੀ ਨੇ ਪੂਰਾ ਤਾਣ ਲਾਇਆ ਸੀ। ਇਸ ਦੀ ਵਾਪਸੀ ਦੇ ਮਾਮਲੇ ਵਿਚ ਪਾਰਟੀ ਅੰਦਰ ਕੁੱਝ ਵਿਵਾਦ ਵੀ ਹੋਏ । ਪਰ ਅੰਤਿਮ ਨਿਰਣੇ ਵਿਚ ਕਾਮਰੇਡ ਸੁਰਜੀਤ ਦੀ ਅਗਵਾਈ ਵਿਚ ਪਟਿਆਲੇ ਵਿਚ ਹੋਈ ਪਾਰਟੀ ਦੀ ਸੂਬਾ ਕੌਂਸਲ ਸੰਤੁਲਿਤ ਨਤੀਜਿਆਂ ਉਤੇ ਪਹੁੰਚੀ।

ਕਿਸਾਨ ਸਭਾ ਦੇ ਕੇਂਦਰੀ ਆਗੂਆਂ ਦੀ ਨੁਕਤਾਚੀਨੀ ਕੀਤੀ ਗਈ। ਪੰਜਾਬ ਦੇ ਕੁੱਝ ਪਾਰਟੀ ਆਗੂਆਂ ਦੀ ਵੀ ਆਲੋਚਨਾ ਕੀਤੀ ਸਗੋਂ ਜਿਨ੍ਹਾਂ ਨੇ ਮੋਰਚਾ ਵਾਪਸ ਕਰਾਉਣ ਦੇ ਮਾਮਲੇ ਵਿਚ ਸ਼ੱਕੀ ਭੂਮਿਕਾ ਨਿਭਾਈ ਸੀ। ਮੋਰਚੇ ਦੀ ਵਾਪਸੀ ਇਕ ਵੱਖਰਾ ਵਿਸ਼ਾ ਹੈ, ਜਿਸ ਵਾਰੇ ਅੱਜ ਨਹੀਂ ਫਿਰ ਕਦੇ ਆਪਣੇ ਵਿਚਾਰ ਰੱਖਾਂਗੇ। ਇਸ ਮੋਰਚੇ ਨੇ ਕਿਸਾਨੀ ਅੰਦਰ ਪਾਰਟੀ ਦਾ ਰਸੂਖ ਵਧਾਇਆ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਵਕਾਰ ਨੂੰ ਸੱਟ ਮਾਰੀ। ਕਿਸਾਨੀ ਵਿਚ ਇਹ ਪ੍ਰਮਾਣਿਤ ਹੋ ਗਿਆ ਕਿ ਉਨ੍ਹਾਂਦੀ ਔਖੀ ਘੜੀ ਵਿਚ ਕੇਵਲ ਕਮਿਊਨਿਸਟ ਹੀ ਬਾਂਹ ਫੜਦੇ ਹਨ। ਮੋਰਚੇ ਨੇ ਇਕ ਕਿਸਾਨ ਆਗੂ ਵਜੋਂ ਵੀ ਕਾਮਰੇਡ ਸੁਰਜੀਤ ਨੂੰ ਪ੍ਰਮਾਣਿਤ ਅਤੇ ਸਥਾਪਤ ਕਰ ਦਿੱਤਾ।

1962 ਵਿਚ ਭਾਰਤ ਉਤੇ ਚੀਨ ਦੇ ਹਮਲੇ ਨਾਲ ਪਾਰਟੀ ਅੰਦਰਲੇ ਮੱਤ ਭੇਦ ਹੋਰ ਵੀ ਡੂੰਘੇ ਹੋ ਗਏ। ਉਘੇ ਕਮਿਊਨਿਸਟ ਆਗੂਆਂ ਨਾਲ ਕਾਮਰੇਡ ਸੁਰਜੀਤ ਵੀ ਜੇਲ੍ਹ ਵਿਚ ਡੱਕ ਦਿਤੇ ਗਏ ਜਿਥੋਂ ਉਨਾਂ ਦੀ ਰਿਹਾਈ 1963 ਵਿਚ ਹੋਈ। 1962 ਦੀਆਂ ਅਸੈਂਬਲੀ ਚੋਣਾਂ ਵੀ ਕਾਮਰੇਡ ਸੁਰਜੀਤ ਦੀ ਅਗਵਾਈ ਵਿਚ ਲੜੀਆਂ ਗਈਆਂ ਸਨ। ਪਾਰਟੀ ਨੂੰ 12 ਸੀਟਾਂ ਮਿਲੀਆਂ ਜਿਹੜੀਆਂ ਉਨ੍ਹਾਂ ਹਾਲਾਤਾਂ ਵਿਚ ਪਾਰਟੀ ਦੀ ਸਫਲਤਾ ਅਤੇ ਕਾਮਰੇਡ ਸੁਰਜੀਤ ਦੀ ਯੋਗ ਅਗਵਾਈ ਨੂੰ ਸਾਕਾਰ ਕਰਦੀਆਂ ਸਨ।

ਇਥੇ ਸ਼ਹਿਰੀ ਆਜ਼ਾਦੀਆਂ ਦੀ ਬਹਾਲੀ ਲਈ ਲੜੇ ਗਏ ਮੋਰਚੇ ਦਾ ਜ਼ਿਕਰ ਕਰਨਾ ਵੀ ਉਚਿਤ ਹੋਵੇਗਾ। ਪੰਜਾਬੀ ਸੂਬੇ ਦੀ ਮੰਗ ਦੇ ਸਬੰਧ ਵਿਚ ਅਕਾਲੀਆਂ ਦੀਆਂ ਵੱਡੇ ਪੈਮਾਨੇ ਉਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੇ ਹਰ ਤਰ੍ਹਾਂ ਦੀ ਜਨਤਕ ਸਰਗਰਮੀ ਨੂੰ ਦਬਾਉਣ ਲਈ ਦਫਾ 144 ਲਾ ਦਿੱਤੀ ਸੀ। ਪੰਜਾਬ ਦੇ ਲੱਗ ਪੱਗ ਸਾਰੇ ਕਮਿਊਨਿਸਟ ਵਰਕਰ ਅਤੇ ਆਗੂ ਨਾਭਾ ਜੇਲ੍ਹ ਵਿਚ ਡੱਕ ਦਿਤੇ ਗਏ ਸਨ। ਇਨ੍ਹਾਂ ਵਿਚ ਕਾਮਰੇਡ ਸੁਰਜੀਤ ਅਤੇ ਹੋਰ ਕਈ ਉਘੇ ਸਾਥੀ ਸ਼ਾਮਿਲ ਸਨ। ਅਖੀਰ ਸਰਕਾਰ ਨੂੰ ਝੁਕਣਾ ਪਿਆ ਤੇ ਪਾਰਟੀ ਸਾਥੀ ਰਿਹਾ ਕਰ ਦਿਤੇ ਗਏ।

ਪਾਰਟੀ ਅੰਦਰ ਤਿੱਖੇ ਮਤ ਭੇਦਾਂ ਦੇ ਨਤੀਜੇ ਵਜੋਂ 1963 ਵਿਚ ਜੇਲ੍ਹਾਂ ਤੋਂ ਰਿਹਾਈਆਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਤੇਨਾਲੀ ਕਸਬੇ ਵਿਚ ਜੁਲਾਈ 1964 ਵਿਚ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਬਣਾਉਣ ਦੀ ਨੀਂਹ ਰੱਖ ਦਿੱਤੀ ਗਈ ਸੀ। ਕਾਮਰੇਡ ਸੁਰਜੀਤ ਇਸ ਪਾਰਟੀ ਨੂੰ ਖੜੀ ਕਰਨ ਵਿਚ ਪੇਸ਼-ਪੇਸ਼ ਸਨ। ਉਨ੍ਹਾਂ ਨੇ ਮਾਰਚ 1964 ਵਿਚ ਹੀ ਨਵੀਂ ਪਾਰਟੀ ਦੇ ਬੁਲਾਰੇ ਵਜੋਂ ਜਲੰਧਰ ਤੋਂ ਹਫਤਾਵਾਰੀ ‘‘ਲੋਕ ਲਹਿਰ’’ ਕੱਢਣਾ ਸ਼ੁਰੂ ਕਰ ਦਿੱਤਾ ਸੀ ਜੋ ਅੱਜ ਵੀ ਮਾਸਕ ‘‘ਲੋਕ ਲਹਿਰ’’ ਵਜੋਂ ਜਾਰੀ ਹੈ। 1967 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਸੀ.ਪੀ.ਆਈ.(ਐਮ) ਅਤੇ ਪੀ.ਪੀ.ਆਈ. ਨੇ ਸੰਤ ਤਿਹ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਸਹਿਯੋਗ ਕਰਦਿਆਂ ਲੜੀਆਂ।

ਸਰਦਾਰ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਬਣਾਈ ਗਈ ਤਾਲਮੇਲ ਕਮੇਟੀ ਦੇੇ ਕਾਮਰੇਡ ਸੁਰਜੀਤ ਖੁੱਦ ਕਨਵੀਨਰ ਬਣੇ। ਇਸ ਤੋਂ ਬਾਅਦ ਉਨ੍ਹਾਂ ਦੇ ਰਾਜਸੀ ਜੀਵਨ ਦਾ ਉਹ ਕਾਂਡ ਆਰੰਭ ਹੋਇਆ ਜਿਸ ਵਿਚ ਉਨ੍ਹਾ ਨੇ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਕੇਂਦਰੀ ਆਗੂ ਵਜੋਂ ਪ੍ਰਮੁੱਖ ਭੂਮਿਕਾ ਨਿਭਾਉਣੀ ਆਰੰਭ ਕਰ ਦਿੱਤੀ। ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਇਤਿਹਾਸਕ ਭੂਮਿਕਾ 1975 ਵਿਚ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਲਾਈ ਗਈ ਐਮਰਜੈਂਸੀ ਦਾ ਵਿਰੋਧ ਕਰਨ ਵਿਚ ਸੀ । ਇਹ ਗਲ ਇਸ ਪਖੋਂ ਮਹੱਤਵਪੂਰਨ ਹੈ ਕਿ ਸੀ.ਪੀ.ਆਈ. ਨੇ ਐਮਰਜੈਂਸੀ ਦਾ ਸਮਰਥਨ ਕੀਤਾ ਸੀ । ਮਗਰੋਂ ਸੀ.ਪੀ.ਆਈ. ਨੇ ਆਪਣੀ ਇਹ ਗਲਤੀ ਪ੍ਰਵਾਨ ਕੀਤੀ ਕਿ ਇਹ ਸਮਰਥਨ ਯੋਗ ਨਹੀਂ ਸੀ। ਅਰਥਾਤ ਸੀ.ਪੀ.ਆਈ. ਐਮਰਜੈਂਸੀ ਦੇ ਵਰਤਾਰੇ ਦਾ ਸਹੀ ਮੁਲੰਕਣ ਨਹੀਂ ਕਰ ਸਕੀ ਸੀ।

1979 ਦੇ ਆਰੰਭ ਵਿਚ ਸਲਕੀਆ ਪਲੈਨਮ ਦੇ ਫੈਸਲੇ ਅਨੁਸਾਰ ਸੀ.ਪੀ.ਆਈ.(ਐਮ) ਦਾ ਹਿੰਦੀ ਦਾ ਹਫਤਾਵਾਰੀ ਅਖਬਾਰ ‘‘ਲੋਕ ਲਹਿਰ’’ ਕਾਮਰੇਡ ਸੁਰਜੀਤ ਦੀ ਪਹਿਲ ਕਦਮੀ ਨਾਲ ਹੀ ਆਰੰਭ ਹੋਇਆ। ਉਹ ਹੀ ਇਸ ਦੇ ਬਾਨੀ ਅਡੀਟਰ ਸਨ ਜੋ ਉਹ ਆਖਰੀ ਦਮ ਤਕ ਰਹੇ। ਇਹ ਕਾਮਰੇਡ ਸੁਰਜੀਤ ਦੀ ਸੂਝ ਅਤੇ ਉਨ੍ਹਾਂ ਦੇ ਤਜਰਬੇ ਦਾ ਹੀ ਇਕ ਪ੍ਰਮਾਣ ਸੀ ਕਿ ਬਾਵਜ਼ੂਦ ਹਿੰਦੀ ਬੋਲਦੇ ਇਲਾਕਿਆਂ ਵਿਚ ਪਾਰਟੀ ਦੀ ਕਮਜ਼ੋਰ ਹੈਸ਼ੀਅਤ ਦੇ ਇਹ ਹਫਤਾਵਾਰ ਅਖਬਾਰ ਅੱਜ ਤੱਕ ਚਲ ਰਿਹਾ ਹੈ। ਪੰਜਾਬ ਵਿਚ ਪੈਦਾ ਹੋਇਆ ਰਾਜਸੀ ਸੰਕਟ ਜਿਹੜਾ ਇਕ ਜਾਂ ਦੂਜੇ ਰੂਪ ਵਿਚ 1979 ਤੋਂ ਲੈ ਕੇ 1992 ਤੱਕ ਚਲਦਾ ਰਿਹਾ। ਕਾਮਰੇਡ ਸੁਰਜੀਤ ਦੀ ਫਿਕਰਮੰਦੀ ਅਤੇ ਸਰਗਰਮ ਮੁਦਾਖਲਤ ਦਾ ਦੌਰ ਬਣ ਗਿਆ।

ਖਾਲਿਸਤਾਨੀ ਦਹਿਸ਼ਤਗਰਦੀ ਵਿਰੁੱਧ ਦਰਿੜ ਪੈਂਤਰਾ ਲੈਣ ਵਿਚ ਉਹ ਮੂਹਰੇ ਸਨ। ਉਨ੍ਹਾਂ ਨੇ ਹੀ ਇਸ ਮੁੱਦੇ ਨਾਲ ਜੁੜੇ ਹੋਏ ਦੇਸ਼ ਦੀ ਇਕਮੁਠਤਾ ਅਤੇ ਸਿੱਖ ਵੱਖਵਾਦ ਦੇ ਮੁੱਦੇ ਮੀਡੀਆ ਵਿਚ ਅਤੇ ਕੌਮੀ ਰਾਜਨੀਤਕ ਮੰਚ ਉਤੇ ਉਠਾਏ। ਇਸ ਸਬੰਧ ਵਿਚ ਕੇਂਦਰ ਸਰਕਾਰ ਨਾਲ ਚਲਦੇ ਅਕਾਲੀ ਦਲ ਦੇ ਵਾਰਤਾਲਾਪਾਂ ਦੇ ਮਾਮਲੇ ਵਿਚ ਉਹ ਹੀ ਇਕ ਸੁਲਝੇ ਹੋਏ ਸਿਆਸਤਦਾਨ ਦੀ ਭੂਮਿਕਾ ਨਿਭਾ ਸਕਣ ਦਾ ਸਮਰੱਥ ਸਨ। ਉਨ੍ਹਾਂ ਦੀ ਇਸੇ ਭੂਮਿਕਾ ਕਾਰਨ ਹੀ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਮੁੱਖ ਆਗੂ ਜਿਹੜੇ ਖਾਲਿਸਤਾਨੀਆਂ ਦੇ ਦਬਾਅ ਕਾਰਨ ਅਤੇ ਪੰਜਾਬ ਵਿਚ ਫੈਲੇ ਹੋਏ ਦਹਿਸ਼ਤਗਰਦੀ ਦੇ ਮਾਹੌਲ ਕਾਰਨ ਅਸੂਲੀ ਪੁਜ਼ੀਸਨ ਲੈਣ ਦਾ ਹੀਆ ਨਹੀਂ ਕਰਦੇ ਸਨ, ਉਨ੍ਹਾਂ ਦੇ ਆਲੋਚਕ ਸਨ।

1996 ਵਿਚ ਉਨ੍ਹਾਂ ਨੇ ਦੇਵਗੌੜਾ ਦੀ 13 ਪਾਰਟੀਆਂ ਦੀ ਕੁਲੀਸ਼ਨ ਸਰਕਾਰ ਦੇ ਸਿਰਜਣ ਵਿਚ ਮੁੱਖ ਰੋਲ ਅਦਾ ਕੀਤਾ। ਇਸ ਦਾ ਆਧਾਰ ਇਕ ਘੱਟੋ ਘੱਟ ਸਾਂਝਾ ਪ੍ਰੋਰਗਾਮ ਬਣਾਇਆ ਗਿਆ। ਇਹ ਤਜਰਬਾ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਬਣਾਉਣ ਵਿਚ ਵੀ ਕੰਮ ਆਇਆ ਤੇ ਮਗਰੋਂ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਸਿਰਜਣ ਵਿਚ ਵੀ ਕੰਮ ਆਇਆ। 1978 ਤੋਂ 1984 ਤੱਕ ਉਹ ਪੰਜਾਬ ਵਿਧਾਨ ਸਭਾ ਵਲੋਂ ਰਾਜ ਸਭਾ ਮੈਂਬਰ ਰਹੇ। 1989 ਵਿਚ ਉਨ੍ਹਾਂ ਨੇ ਦਰੁਸਤ ਦਾਅ ਪੇਚ ਅਪਣਾਕੇ ਬੀ.ਜੇ.ਪੀ. ਵਰਗੀ ਫਿਰਕੂ ਪਾਰਟੀ ਨੂੰ ਕੇਂਦਰ ਵਿਚ ਸਰਕਾਰ ਵਿਚ ਸ਼ਾਮਲ ਨਾ ਹੋਣ ਲਈ ਮਜ਼ਬੂਰ ਕਰ ਦਿਤਾ ਅਤੇ ਵੀ.ਪੀ.ਸਿੰਘ ਨੂੰ ਗੈਰ ਕਾਂਗਰਸ ਤੇ ਗੈਰ ਬੀ.ਜੇ.ਪੀ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ। 1992 ਵਿਚ ਉਹ ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਬਣੇ ।

ਦੇਸ਼ ਅੰਦਰ ਤੀਸਰੇ ਮੋਰਚੇ ਦੀਆਂ ਦੋ ਸਰਕਾਰਾਂ, ਦੇਵਗੌੜਾ ਸਰਕਾਰ ਅਤੇ ਗੁਜਰਾਲ ਸਰਕਾਰ, ਕਾਇਮ ਕਰਨ ਵਿਚ ਇਤਿਹਾਸਕ ਰੋਲ ਅਦਾ ਕੀਤਾ। 2004 ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਫਿਰਕੂ ਅਤੇ ਫਾਸ਼ੀ ਸਰਕਾਰ ਨੂੰ ਗੱਦੀ ਤੋਂ ਲਾਹੁਣ ਅਤੇ ਦੇਸ਼ ਵਿਚ ਸੈਕੂਲਰ ਸਰਕਾਰ (ਯੂ.ਪੀ.ਏ.-1) ਦੇ ਸਥਾਪਤਕਾਰ ਦਾ ਇਤਿਹਾਸਕ ਰੋਲ ਨਿਭਾਇਆ। ਕਾਮਰੇਡ ਸੁਰਜੀਤ ਦੇ ਜਨਰਲ ਸਕੱਤਰ ਹੋਣ ਦੇ ਸਮੇਂ ਦੌਰਾਨ ਸੀ.ਪੀ.ਆਈ.(ਐਮ) ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਪਾਰਲੀਮੈਂਟਰੀ ਪ੍ਰਾਪਤੀ (44 ਲੋਕ ਸਭਾ ਮੈਂਬਰ, 16 ਰਾਜ ਸਭਾ ਮੈਂਬਰ, ਲੋਕ ਸਭਾ ਦਾ ਸਪੀਕਰ, ਤਿੰਨ ਮੁੱਖ ਮੰਤਰੀ ਅਤੇ ਸਮੁੱਚੇ ਦੇਸ਼ ਵਿਚ ਚਾਰ ਸੌ ਤੋਂ ਵਧ ਐਮ.ਐਲ.ਏਜ਼.) ਹਾਸਲ ਕੀਤੀ।

ਕਾਮਰੇਡ ਹਰਕਿਸ਼ਨ ਸਿਘ ਸੁਰਜੀਤ ਵਰਤਮਾਨ ਸਮਿਆਂ ਦੇ ਦੇਸ਼ ਦੇ ਇਕੋ ਇਕ ਅਜਿਹੇ ਆਗੂ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਮਕਾਲੀਨ ਰਾਜਨੀਤਕ ਆਗੂਆਂ ਅਤੇ ਹਰ ਪ੍ਰਕਾਰ ਦੇ ਮੀਡੀਆ ਨੇ ਸਿਆਸਤ ਦੇ ਰੁਸਤਮੇ ਹਿੰਦ, ਭਾਰਤੀ ਸਿਆਸਤ ਦੇ ਭੀਸ਼ਮ ਪਿਤਾਮਾ, ਵਰਤਮਾਨ ਭਾਰਤੀ ਸਿਆਸਤ ਦੇ ਚਾਣਕਿਆ, ਕਿੰਗ ਮੇਕਰ, ਸੁਪਰ ਪਰਾਈਮ ਮਨਿਸਟਰ, ਕੁਲੀਸ਼ਨ ਸਰਕਾਰਾਂ ਦੇ ਯੁੱਗ ਨਿਰਮਾਤਾ ਆਦਿ ਵਰਗੇ ਖਿਤਾਬਾਂ ਨਾਲ ਨਿਵਾਜਿਆ ਹੈ। ਸੀ.ਪੀ.ਆਈ.(ਐਮ) ਦਾ ਗਠਨ, ਸੱਜੇ ਅਤੇ ਖੱਬੇ ਕੁਰਾਹਿਆਂ ਵਿਰੁੱਧ ਉਨ੍ਹਾਂ ਦਾ ਰੋਲ, ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋ ਜਾਣ ਤੋਂ ਬਾਦ ਦੇ ਗੰਭੀਰ ਸਮਿਆਂ ਵਿਚ ਵੀ ਮਾਰਕਸਵਾਦ, ਲੈਨਿਨਵਾਦ ਦਾ ਝੰਡਾ ਬੁਲੰਦ ਰੱਖਣ, ਇਨ੍ਹਾਂ ਸਮਿਆਂ ਵਿਚ ਪਾਰਟੀ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਣ, ਖੱਬੀਆਂ ਪਾਰਟੀਆਂ ਦੀ ਏਕਤਾ ਬਣਾਉਣ ਅਤੇ ਕਾਇਮ ਰੱਖਣ, ਬੀ.ਜੇ.ਪੀ.ਦੇ ਫਾਸ਼ੀ ਮਨਸੂਬਿਆਂ ਨੂੰ ਸਮਝਕੇ ਵੱਧ ਰਹੇ ਫਾਸ਼ੀਵਾਦ ਨੂੰ ਠੱਲ ਪਾਉਣ ਲਈ ਸੈਕੂਲਰ ਸਰਕਾਰਾਂ ਕਾਇਮ ਕਰਨ, ਸੀ.ਪੀ.ਆਈ.(ਐਮ) ਤੇ ਹੋਰ ਖੱਬੀਆਂ ਪਾਰਟੀਆਂ ਨੂੰ ਦੇਸ਼ ਦੀ ਸਿਆਸਤ ਵਿਚ ਕੁੰਜੀਵਤ ਰੋਲ ਅਦਾ ਕਰਨ ਦੇ ਸਮਰੱਥ ਬਣਾਉਣ ਆਦਿ ਕਾਮਰੇਡ ਸੁਰਜੀਤ ਦੀ ਅਗਵਾਈ ਹੇਠ ਪਾਰਟੀ ਵਲੋਂ ਕੀਤੀਆਂ ਗਈਆਂ ਅਜਿਹੀਆਂ ਪਾ੍ਰਪਤੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਨਾ ਕੇਵਲ ਇਕ ਮਹਾਨ ਕਮਿਊਨਿਸਟ ਆਗੂ ਵਜੋਂ ਸਗੋਂ ਦੇਸ਼ ਦੇ ਇਕ ਮਹਾਨ ਨੇਤਾ ਵਜੋਂ ਸਦਾ ਯਾਦ ਕੀਤਾ ਜਾਂਦਾ ਰਹੇਗਾ।

ਨਰਸਿੰਮਾ ਰਾਓ ਸਰਕਾਰ ਸਮੇਂ ਜਦ ਅਮਰੀਕਨ ਸਾਮਰਾਜਵਾਦ ਦੇ ਦਬਾਅ ਹੇਠ ਭਾਰਤ ਸਰਕਾਰ ਨੇ ਸਮਾਜਵਾਦੀ ਦੇਸ਼ ਕਿਊਬਾ ਨੂੰ 10 ਹਜ਼ਾਰ ਟਨ ਕਣਕ ਵੇਚਣ ਦਾ ਕੀਤਾ ਹੋਇਆ ਸੌਦਾ ਰੱਦ ਕਰ ਦਿਤਾ ਤਾਂ ਕਾਮਰੇਡ ਸੁਰਜੀਤ ਦੀ ਅਗਵਾਈ ਹੇਠ ਸੀ.ਪੀ.ਆਈ.(ਐਮ) ਨੇ 10 ਹਜ਼ਾਰ ਟਨ ਕਣਕ ਭਾਰਤ ਦੇ ਲੋਕਾਂ ਵਲੋਂ ਇਕੱਠੀ ਕਰਕੇ ਭਰਾਤਰੀ ਸਹਾਇਤਾ ਵਜੋਂ ਮੁਫਤ ਸਮੇਤ ਵੱਡੀ ਮਾਤਰਾ ਵਿਚ ਦਵਾਈਆਂ, ਕਪੜੇ, ਕਾਪੀਆਂ ਅਤੇ ਹੋਰ ਸਮੱਗਰੀ ਦੇ ਭੇਜਣ ਦਾ ਫੈਸਲਾ ਕੀਤਾ। ਇਹ ਸਮੂਹ ਸਮੱਗਰੀ ਲੈ ਕੇ ਜਦੋਂ ਇਕ ਪੂਰਾ ਸਮੁੰਦਰੀ ਜਹਾਜ ਕਿਊਬਾ ਪੁੱਜਾ ਤਾਂ ਰਾਸ਼ਟਰਪਤੀ ਫਿਦਲ ਕਾਸਤਰੋ ਇਸਦਾ ਸੁਆਗਤ ਕਰਨ ਲਈ ਖੁੱਦ ਬੰਦਰਗਾਹ ਤੇ ਆਏ।

ਇਸ ਲਾਮਿਸਾਲ ਯੋਗਦਾਨ ਨੇ ਕਾਮਰੇਡ ਸੁਰਜੀਤ ਨੂੰ ਅੰਤਰ ਰਾਸ਼ਟਰੀ ਕਮਿਊਨਿਸਟ ਲਹਿਰ ਦੇ ਆਗੂਆਂ ਦੀ ਕਤਾਰ ਵਿਚ ਇਕ ਮਹੱਤਵਪੂਰਨ ਅਤੇ ਸਨਮਾਨਜਨਕ ਸਥਾਨ ਤੇ ਸਥਾਪਤ ਕਰ ਦਿੱਤਾ। ਆਉਣ ਵਾਲਿਆਂ ਸਮਿਆਂ ਵਿਚ ਕਾਮਰੇਡ ਸੁਰਜੀਤ ਹਮੇਸ਼ਾਂ ਲਈ ਨਵੀਆਂ ਪੀੜ੍ਹਆਂ ਦੇ ਕਮਿਊਨਿਸਟਾਂ ਲਈ ਪ੍ਰਰੇਨਾ ਸਰੋਤ ਬਣੇ ਰਹਿਣਗੇ।

ਕਾਮਰੇਡ ਸੁਰਜੀਤ ਨੇ ਦੇਸ਼ ਦੀ ਲਗਾਤਾਰ ਬਦਲਦੀ ਸਥਿਤੀ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਸੋਵੀਅਤ ਯੂਨੀਅਨ ਦੇ ਟੁੱਟ ਕੇ ਬਿਖਰ ਜਾਣ ਨਾਲ ਪਏ ਵੱਡੇ ਘਾਟੇ ਦੇ ਬਾਾਵਜੂਦ ਭਾਰਤ ਵਿਚ ਨਾ ਕੇਵਲ ਕਮਿਊਨਿਸਟ ਲਹਿਰ ਨੂੰ ਜਿਊਂਦਾ ਰੱਖਿਆ ਸਗੋਂ ਇਸ ਨੂੰ ਸਨਮਾਨ ਯੋਗ ਸਥਾਨ ਦਿਵਾਉਣ ਵਿਚ ਵੀ ਲਗਾਤਾਰ ਪਹਿਲ ਕਦਮੀ ਕਰਦੇ ਰਹੇ। ਉਨ੍ਹਾਂ ਦੀ ਕੀਰਤੀ ਦੀ ਛਾਪ ਲੰਮੇ ਸਮੇਂ ਤੱਕ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਉਤੇ ਬਣੀ ਰਹੇਗੀ। ਉਨਾਂ ਦਾ ਸ਼ੁਮਾਰ ਸਦਾ ਭਾਰਤ ਦੇ ਪ੍ਰਮੁੱਖ ਸਿਆਸਤਦਾਨਾਂ ਵਿਚ ਹੋਵੇਗਾ। ਉਹ ਇਕ ਨਵੇਕਲੇ ਕਮਿਊਨਿਸਟ ਆਗੂ, ਸਿਆਸਤਦਾਨ ਅਤੇ ਰਾਜਨੀਤੀਵੇਤਾ (ਸਟੇਟਸਮੈਨ) ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...