ਦਲਜੀਤ ਕੌਰ
ਚੰਡੀਗੜ੍ਹ/ਪਟਿਆਲਾ, 25 ਜਨਵਰੀ, 2023:
ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ।
ਯੂਨੀਅਨ ਦੇ ਸੱਕਤਰੇਤ ਦੇ ਮੈਂਬਰਾਂ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਮਿਸ਼ਰਾ ਨੂੰ ਦਿੱਤੀ ਜਮਾਨਤ ਨੂੰ ਰੱਦ ਕਰਨ ਅਤੇ ਨਿਰਦੋਸ਼ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸਰਵਉੱਚ ਅਦਾਲਤ ਦੇ ਫੈਸਲੇ ਮਗਰੋਂ ਸੱਕਤਰੇਤ ਦੀ ਮੀਟਿੰਗ ਕਰਕੇ ਇਸ ਫੈਸਲੇ ਵਿਰੁੱਧ 26 ਜਨਵਰੀ ਨੂੰ ਬਲਾਕ ਪੱਧਰ ਤੇ ਆਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਵਿਚ ਭਾਵੇਂ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਸਵਾਲ ਖੜਾ ਹੁੰਦਾ ਹੈ ਕੀ ਅਦਾਲਤਾਂ ਸਾਲਾਂਬੱਧੀ ਜਮਾਨਤਾਂ ਤੋਂ ਬਗੈਰ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਿਰਾਸਤੀ ਅਤੇ ਕੈਦੀਆਂ ਲਈ ਵੀ ਇਹ ਮਾਪਦੰਡ ਵਰਤਣਗੀਆਂ? ਕਿਸਾਨ ਆਗੂ ਨੇ ਕਿਹਾ ਕਿ ਇਸ ਫੈਸਲੇ ਨੇ ਦੱਸਿਆ ਹੈ ਕਿ ਅਦਾਲਤ ਦੇ ਫੈਸਲੇ ਤਾਕਤਵਰਾਂ ਅਤੇ ਅਮੀਰਾਂ ਲਈ ਹੋਰ ਅਤੇ ਸਾਧਨਹੀਣ ਲੋਕਾਂ ਲਈ ਪੱਖਪਾਤੀ ਅਤੇ ਟੀਰੇ ਹੋ ਜਾਂਦੇ ਹਨ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ