ਮੌਰੀਅਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵੀਨ ਕੁਮਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਨਵੀਂ ਦਿੱਲੀ, 5 ਦਸੰਬਰ, 2019 –

ਮੌਰੀਅਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵੀਨ ਕੁਮਾਰ ਜੁਗਨਾਥ ਅੱਜ ਆਪਣੀ ਧਰਮ ਪਤਨੀ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।

ਸ੍ਰੀ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਧਰਮ ਪਤਨੀ ਨੇ ਬਹੁਤ ਲੰਬਾ ਸਮਾਂ ਅਰਦਾਸ ਕੀਤੀ ਅਤੇ ਪਰਮਾਤਮਾ ਕੋਲੋਂ ਆਪਣੇ ਹਿਸਾਬ ਨਾਲ ਸ਼ੁੱਕਰਾਨਾ ਕੀਤਾ। ਉਹਨਾਂ ਦੱਸਿਆ ਕਿ ਪ੍ਰਵੀਨ ਕੁਮਾਰ ਦੀ ਧਰਮ ਪਤਨੀ ਨੇ ਦੱਸਿਆ ਕਿ ਅਸੀਂ ਤੀਜੀ ਵਾਰ ਇਥੇ ਆਏ ਹਾਂ ਅਤੇ ਇਸ ਵਾਸਤੇ ਆਏ ਹਾਂ ਕਿਉਂਕਿ ਅਸੀਂ ਜੋ ਅਰਦਾਸ ਇਥੇ ਕਰ ਕੇ ਗਏ ਸੀ, ਉਹ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਸਾਡਾ ਪੂਰਾ ਵਿਸ਼ਵਾਸ ਤੇ ਸਤਿਕਾਰ ਇਸ ਸਥਾਨ ‘ਤੇ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਨਤਮਸਤਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਧਰਮ ਪਤਨੀ ਨੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਿੱਖ ਭਾਈਚਾਰਾ ਵੱਖ ਵੱਖ ਮੁਲਕਾਂ ਦੇ ਵਿਕਾਸ ਵਾਸਤੇ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਇਹ ਬਹੁਤ ਦਲੇਰ ਅਤੇ ਹੌਂਸਲੇ ਭਰਪੂਰ ਭਾਈਚਾਰਾ ਹੈ।

ਉਹਨਾਂ ਕਿਹਾ ਕਿ ਇਹ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਕਿ ਇਥੇ ਹਰ ਵਿਅਕਤੀ ਦੀ ਅਰਦਾਸ ਪੂਰੀ ਹੁੰਦੀ ਹੈ ਤੇ ਲੋਕ ਆਪਣੀ ਮੰਨਤ ਮੰਗਦੇ ਹਨ ਅਤੇ ਪੂਰੀ ਹੋਣ ਤੋਂ ਬਾਅਦ ਨਤਮਸਤਕ ਹੁੰਦੇ ਹਨ।