ਅੱਜ-ਨਾਮਾ
ਸਭ ਤੋਂ ਵੱਡੀ ਹੈ ਭਾਰਤ ਦੀ ਬੈਂਕ ਕਹਿੰਦੀ,
ਲੁੱਟ ਰਹੇ ਬੈਂਕਾਂ ਨੂੰ ਬਹੁਤ ਹਨ ਠੱਗ ਬੇਲੀ।
ਕਰਦੇ ਗਰਕ ਇਹ ਚੰਗੇ ਹਨ ਬੈਂਕ ਚੱਲਦੇ,
ਜੜ੍ਹਾਂ ਨੂੰ ਜਾਂਦੀ ਸਿਉਂਕ ਜਿਉਂ ਲੱਗ ਬੇਲੀ।
ਦੋ-ਚਾਰ ਹੋਣ ਤਾਂ ਬੈਂਕ ਕੋਈ ਕਰਨ ਚਾਰਾ,
ਤਕੜਾ ਭਾਰਤ ਵਿੱਚ ਠੱਗਾਂ ਦਾ ਵੱਗ ਬੇਲੀ।
ਫੜਨੇ ਠੱਗ ਇਹ ਜਿਹੜਿਆਂ ਅਫਸਰਾਂ ਨੇ,
ਵੰਨਗੀ ਉਨ੍ਹਾਂ ਦੀ ਜਾਣੇ ਪਿਆ ਜੱਗ ਬੇਲੀ।
ਮੋਦੀ-ਮਾਲਿਆ ਖਿਸਕ ਗਏ ਦਾਅ ਲਾ-ਲਾ,
ਮੁੜਿਆ ਕਦੇ ਨਹੀਂ ਨਿਕਲਿਆ ਮਾਲ ਬੇਲੀ।
ਕਿਹੜਾ ਚੋਰੀ ਇਹ ਰੋਕਣ ਦੀ ਕਰੂ ਹਿੰਮਤ,
ਮਿਲ ਗਈ ਕੁੱਤੀ ਜਦ ਚੋਰਾਂ ਦੇ ਨਾਲ ਬੇਲੀ।
-ਤੀਸ ਮਾਰ ਖਾਂ
ਮਈ 26, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ