ਅੱਜ-ਨਾਮਾ
ਹੋਈ ਕੈਪਟਨ ਤੇ ਕੁੰਵਰ ਦੀ ਕੱਲ੍ਹ ਬੈਠਕ,
ਉਲਝਣ ਓਦਾਂ ਦੀ ਓਦਾਂ ਹੈ ਰਹੀ ਮੀਆਂ।
ਕੈਪਟਨ ਕੋਸ਼ਿਸ਼ ਮਨਾਉਣ ਦੀ ਬੜੀ ਕੀਤੀ,
ਮਨ ਦੀ ਗੱਲ ਫਿਰ ਕੁੰਵਰ ਨੇ ਕਹੀ ਮੀਆਂ।
ਦੋਵਾਂ ਧਿਰਾਂ ਦੀ ਮੁਸ਼ਕਲ ਸੀ ਬੱਸ ਇੱਕੋ,
ਲੱਗਦਾ ਦੋਵਾਂ ਨੂੰ ਅਸੀਂ ਹਾਂ ਸਹੀ ਮੀਆਂ।
ਲਹਿ ਗਈ ਗੱਡੀ ਜੋ ਪਟੜੀਉਂ ਇੱਕ ਵਾਰੀ,
ਚੜ੍ਹਨੋਂ ਰਹੀ ਤੇ ਰਹਿਣੀ ਫਿਰ ਲਹੀ ਮੀਆਂ।
ਓਧਰ ਚੋਭਾਂ ਪਈ ਲਾਉਂਦੀ ਆ ਰਾਜਨੀਤੀ,
ਲਾਉਣ ਦੇਂਦੀ ਨਾ ਸਿਰੇ ਕੋਈ ਬਾਤ ਮੀਆਂ।
ਕਈ ਹਨ ਬੁੱਕਲ ਦੇ ਸੱਪ ਸਰਗਰਮ ਹੋਏ,
ਕਰਦੇ ਅੰਦਰ ਤੋਂ ਪੂਰੀ ਉਹ ਘਾਤ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 16, 2021